ਮੌਸਮ ਵਿਭਾਗ ਵੱਲੋਂ ਪੰਜਾਬ ‘ਚ ਯੈਲੋ ਅਲਰਟ ਜਾਰੀ, ਪਰ ਭਾਰੀ ਮੀਂਹ…!
ਸਟੇਟ ਡੈਸਕ, ਚੰਡੀਗੜ੍ਹ
ਮੌਸਮ ਵਿਗਿਆਨ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ ਜਾਰੀ ਕੀਤੇ ਗਏ ਪੂਰਵ ਅਨੁਮਾਨ ਮੁਤਾਬਕ 2 ਦਿਨਾਂ ਲਈ ਯੈਲੋ ਅਲਰਟ ਐਲਾਨ ਕੀਤਾ ਗਿਆ ਹੈ, ਜਿਸ ਕਾਰਨ ਤਾਪਮਾਨ ’ਚ ਵਾਧਾ ਦੇਖਣ ਨੂੰ ਮਿਲੇਗਾ। ਇਸ ਕਾਰਨ ਇਕ ਵਾਰ ਫਿਰ ਤੋਂ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨ ਪਏਗਾ। ਵਿਭਾਗ ਵੱਲੋਂ ਹੀਟ ਵੇਵ ਦੀ ਚਿਤਾਵਨੀ ਦਿੱਤੀ ਗਈ ਹੈ।
ਉਥੇ ਹੀ ਮੀਂਹ ਸੰਬੰਧੀ ਮੌਸਮ ਵਿਭਾਗ ਅੰਕੜਿਆਂ ਮੁਤਾਬਕ ਪਿਛਲੇ ਕੁਝ ਦਿਨਾਂ ਦੌਰਾਨ ਉੱਤਰ ਭਾਰਤ ਦੇ ਵੱਖ-ਵੱਖ ਹਿੱਸਿਆਂ ’ਚ ਮੀਂਹ ਪੈਣ ਨਾਲ ਤਾਪਮਾਨ ’ਚ 4-5 ਡਿਗਰੀ ਤਕ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ।
ਗੁਆਂਡੀ ਸੂਬਿਆਂ ਵਿੱਚ ਮੀਂਹ ਪੈਣ ਕਾਰਨ ਪੰਜਾਬ ਦੀ ਹਵਾ ’ਚ ਠੰਡਕ ਦੇਖਣ ਨੂੰ ਮਿਲੀ, ਜਿਸ ਨੇ ਗਰਮੀ ਤੋਂ ਰਾਹਤ ਦਿਵਾਈ। ਹਵਾ ਦੀ ਨਮੀ ਕਾਰਨ ਲੂ ਦਾ ਸਿਲਸਿਲਾ ਵੀ ਖਤਮ ਹੋ ਗਿਆ ਸੀ ਪਰ ਹੁਣ ਆਉਣ ਵਾਲੇ ਦਿਨਾਂ ’ਚ ਮੌਸਮ ਬਦਲਦਾ ਹੋਇਆ ਨਜ਼ਰ ਆਵੇਗਾ।
ਮੌਸਮ ਵਿਭਾਗ ਵਲੋਂ 24 ਤੇ 25 ਜੂਨ ਦੇ ਲਈ ਯੈਲੋ ਅਲਰਟ ਦਿਖਾਇਆ ਗਿਆ ਹੈ ਪਰ ਇਹ ਯੈਲੋ ਅਲਰਟ ਦੀ ਪਹਿਲੀ ਸਟੇਜ ਹੋਵੇਗੀ। ਇਸ ’ਚ ਫਿਲਹਾਲ ਤੂਫਾਨ ਆਦਿ ਦਾ ਅਲਰਟ ਨਹੀਂ ਰਹੇਗਾ ਪਰ ਗਰਮੀ ਦਾ ਜ਼ੋਰ ਦੇਖਣ ਨੂੰ ਮਿਲੇਗਾ। ਫਿਲਹਾਲ ਜਾਰੀ ਹੋਏ ਅੰਕੜਿਆਂ ਮੁਤਾਬਕ ਮੰਗਲਵਾਰ ਸ਼ਾਮ ਤੱਕ ਲਈ ਯੈਲੋ ਅਲਰਟ ਦੱਸਿਆ ਗਿਆ ਹੈ।