All Latest NewsNews FlashPunjab News

ਭੂ-ਮਾਫ਼ੀਆ ਵੱਲੋਂ ਅਧਿਆਪਕ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ‘ਤੇ ਜਾਨਲੇਵਾ ਹਮਲਾ ਕਰਨ ਦੀ ਨਿਊ ਡੈਮੋਕ੍ਰੇਸੀ ਨੇ ਕੀਤੀ ਨਿੰਦਾ

 

ਦਲਜੀਤ ਕੌਰ, ਚੰਡੀਗੜ੍ਹ/ਜਲੰਧਰ

ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ-ਲੈਨਿਨਵਾਦੀ ਨਿਊ ਡੈਮੋਕ੍ਰੇਸੀ ਦੀ ਪੰਜਾਬ ਰਾਜ ਕਮੇਟੀ ਨੇ ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਸੰਗਰੂਰ ਦੇ ਕਨਵੀਨਰ ਮਾਸਟਰ ਨਿਰਭੈ ਸਿੰਘ ਖਾਈ ਉੱਪਰ ਸਿਆਸੀ ਇਸ਼ਾਰੇ ਉੱਤੇ ਸੱਤਾਧਾਰੀ ਧਿਰ ਨਾਲ ਸੰਬੰਧਿਤ ਲੋਕਾਂ ਵਲੋਂ ਜਾਨਲੇਵਾ ਹਮਲਾ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਹਮਲਾਵਰਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾਵਾਂ ਦਿਵਾਉਣ ਦੀ ਮੰਗ ਕੀਤੀ ਹੈ।

ਪਾਰਟੀ ਦੇ ਸੂਬਾ ਆਗੂ ਕਾਮਰੇਡ ਅਜਮੇਰ ਸਿੰਘ ਨੇ ਪਾਰਟੀ ਵਲੋਂ ਜਾਰੀ ਕੀਤੇ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਸੱਤਾਧਾਰੀ ਧਿਰ ਦੇ ਕੈਬਨਿਟ ਮੰਤਰੀ ਦੀ ਸ਼ਹਿ ਉੱਤੇ ਲਹਿਰਾਗਾਗਾ ਨੇੜਲੇ ਪਿੰਡ ਖਾਈ ਦੇ ਇੱਕ ਗਰੀਬ ਕਿਸਾਨ ਪਰਿਵਾਰ ਦੀ ਜਮੀਨ ਕਥਿਤ ਤੌਰ ‘ਤੇ ਇਲਾਕੇ ਵਿੱਚ ਸਰਗਰਮ ਭੂ ਮਾਫ਼ੀਆ ਹੜੱਪਣਾ ਚਾਹੁੰਦਾ ਸੀ। ਜਿਸਨੂੰ ਪਿੰਡ ਵਾਸੀਆਂ ਅਤੇ ਕਿਰਤੀ ਕਿਸਾਨ ਯੂਨੀਅਨ ਨੇ ਨਿਰਭੈ ਸਿੰਘ ਖਾਈ ਦੀ ਅਗਵਾਈ ਹੇਠ ਅਸਫ਼ਲ ਬਣਾਇਆ।

ਜਿਸ ਤੋਂ ਬੁਖਲਾਹਟ ਵਿੱਚ ਆ ਕੇ ਉਕਤ ਭੂ-ਮਾਫੀਆ ਗਰੋਹ ਦੇ ਗੁੰਡਿਆਂ ਨੇ ਜਦੋਂ ਨਿਰਭੈ ਸਿੰਘ ਖਾਈ ਆਪਣੀ ਸਰਕਾਰੀ ਡਿਊਟੀ ਕਰਨ ਸਕੂਲ ਜਾ ਰਹੇ ਸਨ ਤਾਂ ਉਹਨਾਂ ਨੂੰ ਰਸਤੇ ਵਿੱਚ ਜ਼ਬਰੀ ਘੇਰ ਕੇ ਉਸ ਨੂੰ ਜਾਨਲੇਵਾ ਹਮਲੇ ਦਾ ਸ਼ਿਕਾਰ ਬਣਾਇਆ।

ਉਕਤ ਹਮਲਾਵਰ ਨਿਰਭੈ ਸਿੰਘ ਨੂੰ ਮਾਰ ਦੇਣ ਦੀ ਨੀਅਤ ਨਾਲ ਅਗਵਾ ਕਰਕੇ ਲੈ ਕੇ ਜਾ ਰਹੇ ਸਨ ਪਰ ਆਲੇ ਦੁਆਲੇ ਲੋਕ ਇਕੱਠੇ ਹੋਣ ਤੇ ਕੁੱਟਮਾਰ ਕਰਕੇ ਛੱਡ ਕੇ ਭੱਜ ਗਏ।

ਉਨ੍ਹਾਂ ਕਿਹਾ ਕਿ ਭੂ ਮਾਫ਼ੀਆ ਵਲੋਂ ਇਹ ਹਮਲਾ ਗ਼ਰੀਬ ਕਿਸਾਨਾਂ ਨੂੰ ਆਗੂ ਰਹਿਤ ਕਰਕੇ ਉਹਨਾਂ ਨੂੰ ਜ਼ਮੀਨਾਂ ਤੋਂ ਜ਼ਬਰੀ ਬੇਦਖ਼ਲ ਕਰਨ ਦੀ ਕੋਝੀ ਹਰਕਤ ਹੈ। ਇਸ ਦੇ ਖਿਲਾਫ਼ ਡੱਟ ਕੇ ਸੰਘਰਸ਼ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਭਾਵੇਂ ਪੁਲਿਸ ਵਲੋਂ ਹਮਲਾਵਰਾਂ ਨੂੰ ਅੱਜ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਜੋ ਹੋਰ ਵੀ ਨਿੰਦਣਯੋਗ ਹੈ। ਪਾਰਟੀ ਨੇ ਇਸ ਹਮਲੇ ਖਿਲਾਫ਼ ਕਿਰਤੀ ਕਿਸਾਨ ਯੂਨੀਅਨ ਦੇ ਸੰਘਰਸ਼ ਦੀ ਡੱਟਵੀਂ ਹਮਾਇਤ ਦਾ ਐਲਾਨ ਕੀਤਾ ਹੈ।

 

Leave a Reply

Your email address will not be published. Required fields are marked *