ਗੱਲਾਂ ਸਿੱਖਿਆ ਕ੍ਰਾਂਤੀ ਦੀਆਂ
ਗੱਲਾਂ! ਗੱਲਾਂ ਦਾ ਕੀ ਤੋੜਾ? ਸਰਕਾਰ ਦਾ ਇੱਕ ਬੋਲ, ਅਨੇਕਾਂ ਗੱਲਾਂ ਉੱਠਣ।ਐਲਾਨ ਹੁੰਦਿਆਂ ਹੀ, ਸੁਆਲਾਂ ਦੀ ਝੜੀ ਤੇ ਗੱਲਾਂ ਦੀ ਲੜੀ।ਸਮਾਂ ਬਦਲਦਿਆਂ ਸਮਾਂ ਨੀਂ ਲੱਗਦਾ। ਪਾਲ਼ਾ ਬਦਲਿਆ, ਅਮਲ ਬਦਲਿਆ,ਫਿਰ ਹਵਾ ਵੀ ਬਦਲੀ। ਲੋਕਾਂ ਤੋਂ ਸੁਰੱਖਿਆ ਘੇਰਾ, ਜੋਕਾਂ ਨੂੰ ਜੱਫੀਆਂ।ਮੁਹਿੰਮੀ-ਗ਼ੁਬਾਰਿਆਂ ‘ਚ ਵਾਰ ਵਾਰ ਗੈਸ ਭਰੇ, ਫੁਸ ਹੋ ਹੋ ਡਿੱਗਣ।ਆਹ “ਸਿਖਿਆ ਕ੍ਰਾਂਤੀ ” ਮੁਹਿੰਮ, ਨਿਰੀ ਗੱਲਾਂ ਦੀ ਪੰਡ, ਪੂਰੀ ਖੁੱਲ੍ਹੀ ਖਲ੍ਹਾਈ। ਪ੍ਰੋਗਰਾਮ ਬਣਾਇਆ ।”ਰਾਜ ਵਿਆਪੀ ਸਕੂਲ ਬੁਨਿਆਦੀ ਢਾਂਚਾ ਉਦਘਾਟਨ ਪ੍ਰੋਗਰਾਮ “। ਹਿਦਾਇਤਾਂ ਹੋਗੀਆਂ, ਸਕੂਲਾਂ ਦਾ ਬਥੇਰਾ ਵਿਕਾਸ ਕਰਤਾ।ਕੰਧਾਂ, ਕਮਰੇ, ਪਖਾਨੇ ਸਭ ਲਿਸ਼ਕਾਤੇ।
ਮਾਪਿਆਂ ਨੂੰ ਬੁਲਾਓ, ਇਕੱਠ ਕਰੋ।ਉਦਘਾਟਨ ਕਰੋ। ਪ੍ਰਾਪਤੀਆਂ ਦੱਸੋ।”ਵਿਕਾਸ” ਦੇ ਗ਼ੁਬਾਰੇ ਛੱਡੋ।ਸਕੂਲਾਂ ਦੇ ਗੇਟਾਂ ‘ਤੇ “ਸਿਖਿਆ ਕ੍ਰਾਂਤੀ ” ਦੇ ਪੱਥਰ ਲਾਓ।ਰਿਫਰੈਸ਼ਮੈਂਟ ਦਿਓ। ਤਾੜੀਆਂ ਵਜਵਾਓ। ਥੁੱਕੀਂ ਬੜੇ ਪਕਾਉਣ ‘ਚ ਇਹੀ ਵਾਧੂ ਨੇ।ਕੰਮ ਪਿਦਨੇ ਤੋਂ ਪਿਦਨਾ, ਮੁਹਿੰਮਾਂ ਅਡੰਬਰੀ ।ਨਾ ਸੰਗੇ, ਨਾ ਝਕੇ, ਭਾਮੇਂ ਮਖੌਲ ਬਣੇ ਜਾਂ ਵਿਰੋਧ ਹੋਵੇ। ਸੜਕਾਂ ‘ਤੇ ਬੋਰਡ, ਫਲੈਕਸਾਂ,ਅਖ਼ਬਾਰਾਂ ‘ਚ ਰੰਗੀਨ ਇਸ਼ਤਿਹਾਰ। ਹੁਣ ਦਿੱਲੀਓਂ ਪੈਨਸ਼ਨਰ ਵੀ ਆ ਜੁਟੇ।ਆਉਂਦਿਆਂ ਹੀ ਝੋਕਾ ਲਾਇਆ।ਬੜੇ ਕੱਚੇ ਨਹੀਂ ਰੱਖਣੇ। ਤਸੱਲੀ ਨਾਲ ਪਕਾਓ,ਰੱਜ ਰੱਜ ਖਾਓ। ਅੱਗੇ ਤੇਰੇ ਭਾਗ ਲੱਛੀਏ। ਢਿੱਡ ਦੁਖੇ ਜਾਂ ਢੂਹੀ। ਅਸੀਂ ਨਾਲ ਆ। ‘ਸਿੱਖਿਆ ਕ੍ਰਾਂਤੀ ‘ ਉਥੇ ਵਿਚਾਲੇ ਰਹਿਗੀ, ਇਥੇ ਪੂਰੀ ਕਰਨੀ ਆ।ਹਾਈ ਕਮਾਨ ਦੀ ਖੁਸ਼ੀ ਵਿੱਚ ਹੀ ਖੁਸ਼ੀ। ਮੁਹਿੰਮ ਤਿਆਰ।
ਵਿਧਾਇਕ ਸੋਚਾਂ ‘ਚ।ਤੁਰਨ ‘ਚ ਯਕ ਯਕਾਅ।ਭਸੂੜੀ ਕਿਸਾਨਾਂ ਦੇ ਐਲਾਨ ਦੀ, “ਪਿੰਡਾਂ ‘ਚ ਘੇਰਾਂਗੇ।” ਵਿਧਾਇਕਾਂ ‘ਤੇ ਅਸਰ।ਪਰ ਹਾਈ ਕਮਾਨ ਤਾਂ ਹਾਈ ਕਮਾਨ ਹੁੰਦੀ ਆ। ‘ਸਬਜ਼ਬਾਗ਼’ ਦੇ ‘ਦਰਸ਼ਨ’ ਕਰਾਏ ਕਿ ਕੋਈ ‘ਗੁੱਝੀ ਚੂੰਡੀ’ ਵੱਢੀ, ਵਿਧਾਇਕ ਉੱਠ ਤੁਰੇ।ਕੁਰਸੀ ਦਾ ਨਸ਼ਾ, ਸਭ ਤੋਂ ਉੱਤੇ।ਲੰਗੜੇ ਨੂੰ ਨੱਚਣ ਲਾ ਦਿੰਦਾ। ਲੋਰ ਨੂੰ ਢੋਲ ਨਹੀਂ, ਜਨਰੇਟਰ ਦੀ ਦੁੱਗ ਦੁੱਗ ਵਾਧੂ। ਛੋਟੀ ਮੋਟੀ ਤੋਇ ਤੋਇ, ਸਰਕਾਰੀ ਰੁਤਬੇ ਤੇ ਟੌਰ ਸ਼ੌਰ ਮੂਹਰੇ ਕੀ। ਵਿਧਾਇਕ ਚੱਕ ਤੁਰੇ, ਉਦਘਾਟਨੀ ਪੱਥਰ, ਸਿੱਖਿਆ ਕ੍ਰਾਂਤੀ ਦੇ।ਕੀ ਕਹੇ ਕੋਈ ਇਹਨਾਂ ਪੱਥਰਾਂ ਵਾਲਿਆਂ ਨੂੰ ? ਪੱਥਰਾਂ ਵਰਗੇ ਹੋਏ ਪਏ ਨੇ।ਇਹ ਕਦ ਸੁਣਦੇ ਆ, ਜ਼ੁਬਾਨਬੰਦੀ ਕਰਨ ‘ਤੇ ਉਤਾਰੂ ਨੇ।ਪੁਲਸ ਨੂੰ ਸਭ ਅਖਤਿਆਰ। ਝਾਕੀਆਂ ਵਾਧੂ।ਤਾਜ਼ਾ ਝਾਕੀ, ਸਿਖਿਆ ਮੰਤਰੀ ਦੇ ਘਰ ਮੂਹਰਲੀ।
ਜਿਥੇ ਇੱਕ ਭੇੜੀਆ ਲੇਲੇ ‘ਤੇ ਝਪਟਿਆ। ਇਹ ਕਿਸ ਤਰ੍ਹਾਂ ਦਾ ਸਿਖਿਆ ਵਿਕਾਸ ਆ: ਸਕੂਲਾਂ ਦੇ ਨਵੇਂ ਤੋਂ ਨਵੇਂ ਨਾਂ ਰੱਖਣਾ, ਅਧਿਆਪਕ ਪੋਸਟਾਂ ‘ਚ ਕਟੌਤੀ ਕਰਨਾ, ਰਿਟਾਇਰਮੈਂਟ ਜਾਂ ਮੌਤ ਉਪਰੰਤ ਅਧਿਆਪਕ ਪੋਸਟਾਂ ਖਤਮ ਕਰਨਾ, ਸਕੂਲਾਂ ‘ਚ ਸਕੂਲ ਮਰਜ ਕਰਨਾ,ਸਕੂਲਾਂ ਦੀ ਗਿਣਤੀ ਘੱਟ ਕਰਨਾ, ਸਿੱਖਿਆ ਦਾ ਨਿੱਜੀਕਰਨ ਤੇ ਵਪਾਰੀਕਰਨ ਕਰਨਾ, ਐਮੀਨੈਂਸ ਸਕੂਲਾਂ ਵਿਚੋਂ ਬੱਚਿਆਂ ਨੂੰ ਨਾਨ-ਐਮੀਨੈਂਸ ਸਕੂਲਾਂ ਵਿੱਚ ਭੇਜਣਾ, ਵਿਦਿਆਰਥੀ ਅਧਿਆਪਕ ਅਨੁਪਾਤ ਅਨੁਸਾਰ ਅਧਿਆਪਕ ਭਰਤੀ ਨਾ ਕਰਨਾ, ਸਕੂਲ ਪ੍ਰਿੰਸੀਪਲਾਂ, ਹੈਡਮਾਸਟਰਾਂ,ਲੈਕਚਰਾਰਾਂ ਤੇ ਬਲਾਕ ਸਿੱਖਿਆ ਅਫ਼ਸਰਾਂ ਦੀਆਂ ਲਗਭਗ 50-50 ਪ੍ਰਤੀਸ਼ਤ ਥਾਵਾਂ ਖ਼ਾਲੀ ਰੱਖਣਾ,(ਲੱਗਦਾ ਹਰਾ ਪੈਨ ਕਿਤੇ ਸਿੱਟ ਬੈਠਾ) 2500 ਦੇ ਕਰੀਬ ਮਿਡਲ ਸਕੂਲ ਬੰਦ ਕਰਨ ਦੀ ਤਜਵੀਜ਼ ਬਣਾਉਣਾ, ਅਧਿਆਪਕ ਨੂੰ ਗੈਰ ਅਧਿਆਪਨ ਕੰਮਾਂ ਵਿੱਚ ਲਾਈ ਰੱਖਣਾ, ਕੇਂਦਰ ਵੱਲੋਂ ਸਿਖਿਆ ਦੇ ਨਿੱਜੀਕਰਨ ਤੇ ਵਪਾਰੀਕਰਨ ਅਧੀਨ ਘੜੀ ਸਿਖਿਆ ਨੀਤੀ ਲਾਗੂ ਕਰਨਾ, ਪੀ ਐਮ ਸ੍ਰੀ ਸਕੂਲ ਖੋਲ੍ਹਣ ਨੂੰ ਮਨਜ਼ੂਰੀ ਦੇਣਾ, (ਤਾਮਿਲਨਾਡੂ ਸਰਕਾਰ ਨੇ ਰੋਕੀ ਹੋਈ ਆ) ਪ੍ਰਯੋਗਸ਼ਾਲਾ ਲਈ ਉਪਕਰਣ, ਲਾਇਬ੍ਰੇਰੀ ਲਈ ਕਿਤਾਬਾਂ ਤੇ ਟੀਚਰਾਂ ਦੀ ਭਰਤੀ ਨਾ ਕਰਨਾ, ਬਾਲ ਸਭਾਵਾਂ ਬੰਦ ਕਰਨਾ ਅਤੇ ਸਿਲੇਬਸ, ਸਿੱਖਿਆ ਤੇ ਪ੍ਰੀਖਿਆ ਵਿਧੀ ਬਣਾਉਣ ਵਿੱਚ ਅਧਿਆਪਕ ਵਿਦਿਆਰਥੀ ਦੀ ਰਾਇ ਸਲਾਹ ਨਾ ਲੈਣਾ।ਸਰਕਾਰ ਦਾ ਤਾਂ ਇਹੀ ਵਿਕਾਸ ਆ।ਏਸੇ ਵਿਕਾਸ ਦੇ ਪੱਥਰ ਲਾ ਰਹੀ ਆ।
ਮਖੌਲ ਕਰਵਾ ਰਹੀ ਆ। ਵਿਰੋਧ ਕਮਾ ਰਹੀ ਆ।ਸਰਕਾਰ ਦਾ ਮਨਸ਼ਾ ਹੋਰ ਆ।ਸ਼ਰੀਕਾਂ ਤੋਂ ਮੂਹਰੇ ਲੰਘਣਾ।ਗੁਰਜ ਧਾਰੀ ਬਣਨਾ। ਕਾਰਪੋਰੇਟਾਂ ਦੇ ਵੱਡੇ ਸੇਵਾਦਾਰ ਦਾ ਟਿੱਕਾ ਲਵਾਉਣਾ। ” ਕਰ ਸੇਵਾ, ਪਾ ਮੇਵਾ ” ਦਾ ਵਰਦਾਨ ਲੈਣਾ।ਵਪਾਰੀਆਂ ਤੋਂ ਸਕੂਲ ਸਿਖਿਆ ਦਾ ‘ਸੁਧਾਰ’ ਕਰਵਾਉਣਾ।ਕੁਰਸੀ-ਨਾਮਾ ਆਪਣੇ ਨਾਮ ਲਿਖਵਾਉਣਾ।ਇਹੀ ਆ ਇਹਨਾਂ ਦਾ ਵਿਕਾਸ ਮਾਡਲ। ਸਿਖਿਆ-ਸੇਧ ਤਹਿ ਆ, ਕਾਰਪੋਰੇਟ ਪੱਖੀ ਵਿਕਾਸ ਮਾਡਲ ਵਾਲੀ।ਫਿਰ ਸਿੰਗਾਪੁਰ ਫਿਨਲੈਂਡ ਦੀਆਂ ਗੇੜੀਆਂ ਕਿਉਂ ਤੇ ਖਰਚੇ ਕਿਉਂ? ਸਹੀ ਵਿਕਾਸ ਨੂੰ ਤਾਂ ਇਹ ਚਿਮਟੇ ਨਾਲ ਛੂਹਣ ਨੂੰ ਵੀ ਤਿਆਰ ਨਹੀਂ।ਮੁਹਿੰਮ ਨਿਰੀ ਕੁਫ਼ਰ ਦਾ ਗੁਬਾਰ।ਲੀਰਾਂ ਦੀ ਖਿੱਦੋ। ਨਵੇਂ ਨਵੇਂ ਨਾਵਾਂ ਵਾਲੇ ਸਕੂਲ,ਅਸਲ ‘ਚ ਇਹ ਸਕੂਲਾਂ ਨੂੰ ਵੰਡਿਆਂ।
ਆਮ ਸਕੂਲ ਤੇ ਖ਼ਾਸ ਸਕੂਲ। ਸੁਵਿਧਾਵਾਂ ਵੀ ਆਮ ਨੂੰ ਆਮ ਤੇ ਖਾਸ ਨੂੰ ਖਾਸ।ਪਹਿਲੀਆਂ ਸਰਕਾਰਾਂ ਨੇ ਵੀ ਇਹ ਵੰਡ ਪਾਈ।ਹੁਣ ਵਾਲੀ ਵੀ ਆਮ ਤੋਂ ਖਾਸ ਹੋਗੀ। ਸਕੂਲ ਸਿੱਖਿਆ, ਰਾਜ ਪ੍ਰਬੰਧ ਦਾ ਅੰਗ।ਰਾਜ ਪ੍ਰਬੰਧ ਦੀ ਸੇਵਾ ਲਈ।ਫਰੰਗੀ ਰਾਜ ਵੇਲੇ ਵਾਲਾ ਮੰਤਵ ਨਹੀਂ ਬਦਲਿਆ।ਰਾਜ ਪ੍ਰਬੰਧ ਬੱਝਿਆ ਕਾਣੀ ਵੰਡ ‘ਤੇ।ਵਿਤਕਰਾ ਤੇ ਦਾਬਾ ਇਹਦਾ ਲੱਛਣ।ਇਹੀ ਇਹਨਾਂ ਸਕੂਲਾਂ ਦਾ ਚਲਣ।ਸਰਕਾਰੀ ਚਿੱਠੀ, “ਇਹਨਾਂ ਸਕੂਲਾਂ ‘ਚੋਂ ਬੱਚਿਆਂ ਦੀ ਗਿਣਤੀ ਘਟਾਓ ” ਵੰਡ ਹੀ ਦਿਖਾਉਂਦੀ ਆ। ਸਕੂਲ ਸਿੱਖਿਆ ਪ੍ਰਬੰਧ, ਰਾਜ ਪ੍ਰਬੰਧ ਵਰਗਾ ਹੀ।ਗੇਟ ‘ਤੇ ਤਖ਼ਤੀ ਜਮਹੂਰੀਅਤ ਦੀ, ਅੰਦਰ ਨੱਕ ਚੜੀ ਅਫ਼ਸਰਸ਼ਾਹੀ। ਜਮਹੂਰੀ ਤੌਰ ਤਰੀਕਾ ਢੱਠੇ ਖੂਹ।ਹਰ ਥਾਂ ਏਸੇ ਦੀ ਚੱਲੇ ਪੁੱਗੇ। ਅਫ਼ਸਰਸ਼ਾਹੀ, ਜਿਵੇਂ ਰਾਜੇ ਦੇ ਸ਼ਾਹੀ ਅਹਿਲਕਾਰ।
ਲੋਕ, ਜਿਵੇਂ ਨਿਮਾਣੀ ਨਿਤਾਣੀ ਪਰਜਾ।ਮੁਲਾਜ਼ਮ, ਜਿਵੇਂ ਮੁਨਸ਼ੀ ਤੇ ਮੁਨੀਮ। ਸਕੂਲਾਂ ਦੀ ਮੁੱਖ ਚੂਲ, ਵਿਦਿਆਰਥੀ ਤੇ ਅਧਿਆਪਕ।ਇਹ ਦੋਵੇਂ ਬੇਵੁੱਕਤੇ।ਕੋਈ ਰਾਇ ਸਲਾਹ ਨਹੀਂ, ਨਾ ਸਿਲੇਬਸ ਬਣਾਉਣ ਵਿੱਚ, ਨਾ ਸਿਖਿਆ ਤੇ ਪ੍ਰੀਖਿਆ ਵਿਧੀ ਤਿਆਰ ਕਰਨ ਵਿੱਚ। ਉੱਪਰੋਂ ਆਇਆ ਹੁਕਮ,ਸੱਤ ਬਚਨ।ਸਕੂਲਾਂ ‘ਚ ਸਿਆਸੀ ਦਖ਼ਲ ਅੰਦਾਜ਼ੀ, ਕਮੇਟੀਆਂ ਵਿਚ ਸਿਆਸੀ ਬੰਦੇ ਘੁਸੇੜੇ। ਗੱਲ ਸੁਧਾਰਾਂ ਦੀ। ਸਕੂਲ ਸਿੱਖਿਆ ਵਿੱਚ ਲੋਕ ਪੱਖੀ ਸੁਧਾਰ ਹੋਣ। ਸਰਕਾਰ ਦੇ ਕੋਠਾਰੀ ਕਮਿਸ਼ਨ ਨੇ ਕਾਮਨ ਸਕੂਲ ਤੇ ਨੇਬਰਹੁਡ ਸਕੂਲ ਸੁਝਾਏ।ਕਿਸੇ ਸਰਕਾਰ ਨੇ ਲਾਗੂ ਨਹੀਂ ਕੀਤੇ।ਲੋੜ ਆ ਇੱਕ ਸਮਾਨ ਸਕੂਲਾਂ ਦੀ। 20 ਤੋਂ 25 ਬੱਚਿਆਂ ਪਿੱਛੇ ਹਰ ਵਿਸ਼ੇ ਦੇ ਅਧਿਆਪਕ ਦੀ।ਅਧਿਆਪਕ ਨੂੰ ਗੈਰ ਅਧਿਆਪਨ ਕੰਮਾਂ ਤੋਂ ਛੋਟ ਦੀ।
ਹਰ ਪੱਧਰ ‘ਤੇ ਪੜਾਈ ਮਾਂ ਬੋਲੀ ਵਿੱਚ।ਸਿਲੇਬਸ ਬੱਚਿਆਂ ਦੇ ਮਨ ਦੀਆਂ ਸੁੱਤੀਆਂ ਕਲਾਂ ਨੂੰ ਜਗਾਉਂਦਾ ਹੋਵੇ। ਪੜਾਈ, ਜਗਿਆਸੂ ਰੁਚੀਆਂ ਪੈਦਾ ਕਰੇ ਤੇ ਵਧਾਵੇ।ਸਮਾਜਿਕ ਸੋਝੀ ਦੇਵੇ।ਜੁੰਮੇਵਾਰੀ ਦਾ ਅਹਿਸਾਸ ਜਗਾਵੇ ਤੇ ਪੱਕਾ ਕਰੇ।ਵਿਦਿਅਕ ਪ੍ਰਬੰਧ, ਵਿਦਿਆਰਥੀ ਸ਼ਖਸ਼ੀਅਤ ਦੇ ਸਰਬ ਪੱਖੀ ਵਿਕਾਸ ਦੀਆਂ ਜ਼ਰੂਰਤਾਂ ਪੂਰੀਆਂ ਕਰੇ। ਸਿਲੇਬਸ,ਸਿਖਿਆ,ਪ੍ਰੀਖਿਆ ਤੇ ਪ੍ਰਬੰਧ ਅੰਦਰ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਪਗਾਊ ਦਖਲ ਹੋਵੇ।ਲੋੜ ਇਹ ਵੀ ਆ ਕਿ ਸਕੂਲ ਵਿੱਚ ਪੜਾਈ ਦਾ ਮਾਹੌਲ ਹੋਵੇ।ਪੂਰੇ ਅਧਿਆਪਕ, ਪੂਰੀਆਂ ਸੁਵਿਧਾਵਾਂ ਹੋਣ।
ਅਧਿਆਪਕ ਨੂੰ ਮਹਿੰਗਾਈ ਮੂਜਬ ਤਨਖਾਹ ਤੇ ਪੈਨਸ਼ਨ ਹੋਵੇ।ਘਰ ਤੇ ਸਮਾਜਿਕ ਪੱਧਰ ‘ਤੇ ਵੀ ਵਿਦਿਅਕ ਵਾਤਾਵਰਣ ਹੋਵੇ। ਬੱਚੇ ਦਾ ਮਨ ਪੜਾਈ ਲਿਖਾਈ ਵਿੱਚ ਲੱਗੇ।ਗਰੀਬੀ, ਕਰਜ਼ੇ, ਨਸ਼ੇ, ਬੇਰੁਜ਼ਗਾਰੀ ਦਾ ਜੂੜ ਵੱਢਿਆ ਜਾਵੇ।ਹਰ ਇੱਕ ਲਈ ਰੁਜ਼ਗਾਰ ਦਾ ਪ੍ਰਬੰਧ ਹੋਵੇ।ਅਧਿਆਪਕ, ਵਿਦਿਆਰਥੀ ਤੇ ਮਾਪੇ ਉਕਤ ਲਈ ਆਵਾਜ਼ ਉਠਾਉਣ।ਹੱਲ ਲੱਭਣ। “ਲੱਭ ਲੈਂਦੇ ਨੇ ਕਾਫ਼ਰ ਹੋ ਕੇ, ਖੋਜੀ ਅੰਤ ਟਿਕਾਣਾ”।
ਜਗਮੇਲ ਸਿੰਘ
9417224822