ਵੱਡੀ ਖ਼ਬਰ: ਪੰਜਾਬੀ ਯੂਨੀਵਰਸਿਟੀ ਦੇ ਕੱਚੇ ਸਹਾਇਕ ਪ੍ਰੋਫੈਸਰਾਂ ਵੱਲੋਂ ਮਰਨ ਵਰਤ ਦਾ ਐਲਾਨ
ਯੂਨੀਵਰਸਿਟੀ ਵੱਲੋਂ ਭਰੋਸਾ ਦੇਣ ਦੇ ਬਾਵਜੂਦ ਘੁੰਮਾਵਦਾਰ ਫੈਸਲੇ
ਪੰਜਾਬ ਨੈੱਟਵਰਕ, ਪਟਿਆਲਾ
ਪੰਜਾਬੀ ਯੂਨੀਵਰਸਿਟੀ ਵੱਲੋਂ ਵਾਦਾ ਕਰਨ ਦੇ ਬਾਦ 10 ਦਿਨ ਬੀਤ ਜਾਣ ਦੇ ਬਾਵਜੂਦ ਕੰਟਰੈਕਟ ਅਧਿਆਪਕਾਂ ਦੀਆਂ ਮੰਗਾਂ ਨੂੰ ਲਟਕਾਇਆ ਜਾ ਰਿਹਾ ਹੈ। ਜਿਸ ਕਾਰਣ ਹੁਣ ਪੰਜਾਬੀ ਯੂਨੀਵਰਸਿਟੀ ਕੰਟਰੈਕਟ ਟੀਚਰ ਐਸੋਸੀਏਸ਼ਨ ਨੇ ਹੁਣ ਮਰਨ ਵਰਤ ਸ਼ੁਰੂ ਕਰਨ ਦੀ ਤਿਆਰੀ ਕਰ ਲਈ ਹੈ।
ਬੁੱਧਵਾਰ ਤੋਂ ਅਧਿਆਪਕ ਆਗੂਆਂ ਵੱਲੋਂ ਇਹ ਮਰਨ ਵਰਤ ਸ਼ੁਰੂ ਕੀਤਾ ਜਾ ਰਿਹਾ ਹੈ। ਪੰਜਾਬੀ ਯੂਨੀਵਰਸਿਟੀ ਕੰਟਰੈਕਟ ਟੀਚਰਜ਼ ਐਸੋਸੀਏਸ਼ਨ (ਪੁਕਟਾ) ਦੇ ਝੰਡੇ ਥੱਲੇ ਧਰਨਾ ਅੱਜ ਵੀ ਜਾਰੀ ਰਿਹਾ।
ਯੂਨੀਵਰਸਿਟੀ ਵਾਈਸ ਚਾਂਸਲਰ ਦੇ ਦਫਤਰ ਦੇ ਬਾਹਰ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ 22 ਅਪ੍ਰੈਲ ਤੋਂ ਸੰਘਰਸ਼ ਕਰ ਰਹੇ ਕੰਟਰੈਕਟ ਅਧਿਆਪਕਾਂ ਦੇ ਧਰਨੇ ਦਾ ਅੱਜ 15ਵਾਂ ਦਿਨ ਸੀ। ਯੂਨੀਵਰਸਿਟੀ ਦੇ ਵੱਖ ਵੱਖ ਅਦਾਰਿਆਂ ਵਿੱਚ ਕੰਮ ਕਰਦੇ ਕੰਟਰੈਕਟ ਅਧਿਆਪਕ UGC ਦੁਆਰਾ 2018 ਵਿੱਚ ਪ੍ਰਵਾਨਿਤ ਪੇ ਕਮਿਸ਼ਨ ਸਮੂਹ ਕੰਟਰੈਕਟ ਅਧਿਆਪਕਾਂ ਤੇ ਲਾਗੂ ਕਰਵਾਉਣ ਲਈ ਧਰਨਾ ਦੇ ਰਹੇ ਹਨ।
ਯੂਨੀਵਰਸਿਟੀ ਵਾਈਸ ਚਾਂਸਲਰ ਵੱਲੋਂ ਕੰਟਰੈਕਟ ਅਧਿਆਪਕਾਂ ਨਾਲ 25 ਅਪ੍ਰੈਲ ਨੂੰ ਹੋਈ ਮੀਟਿੰਗ ਵਿੱਚ ਇਹ ਵਾਅਦਾ ਕੀਤਾ ਗਿਆ ਸੀ ਕਿ ਆਉਣ ਵਾਲੇ 10 ਦਿਨਾਂ ਵਿੱਚ ਕੰਟਰੈਕਟ ਅਧਿਆਪਕਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਦੇ ਹੋਏ ਸਬੰਧਤ ਪੇ ਕਮਿਸ਼ਨ ਲਾਗੂ ਕਰ ਦਿੱਤਾ ਜਾਵੇਗਾ।
ਪਰ ਅੱਜ 10 ਦਿਨ ਲੰਘਣ ਦੇ ਬਾਵਜੂਦ ਕੰਟਰੈਕਟ ਅਧਿਆਪਕਾਂ ਨੂੰ ਸਬੰਧਤ ਪੇ ਕਮਿਸ਼ਨ ਸਬੰਧੀ ਕੀਤੀ ਜਾਂਦੀ ਕਿਸੇ ਕਿਸਮ ਦੀ ਕਾਰਵਾਈ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਅਤੇ ਨਾ ਹੀ ਯੂਨੀਵਰਸਿਟੀ ਅਥਾਰਟੀ ਵੱਲੋਂ ਕੰਟਰੈਕਟ ਅਧਿਆਪਕਾਂ ਨੂੰ 2018 ਦੇ ਰੈਗੂਲੇਸ਼ਨ ਸਬੰਧੀ ਕੋਈ ਪੱਤਰ ਜਾਰੀ ਕੀਤਾ ਗਿਆ ਹੈ।
ਕੰਟਰੈਕਟ ਯੂਨੀਅਨ ਦੇ ਪ੍ਰਧਾਨ ਡਾ. ਤਰਨਜੀਤ ਕੌਰ ਵੱਲੋਂ ਕਿਹਾ ਗਿਆ ਕਿ ਯੂਨੀਵਰਸਿਟੀ ਅਥਾਰਟੀ ਆਪਣੇ ਕੀਤੇ ਗਏ ਵਾਅਦੇ ਤੇ ਬਿਲਕੁਲ ਵੀ ਖਰਾ ਨਹੀਂ ਉੱਤਰ ਰਹੀ ਹੈ।
ਇਸ ਲਈ ਕੱਲ 7 ਮਈ ਤੋਂ ਯੂਨੀਵਰਸਿਟੀ ਅਥਾਰਟੀ ਖਿਲਾਫ਼ ਪ੍ਰਦਰਸ਼ਨ ਨੂੰ ਤਰਜੀਹ ਦਿੱਤੀ ਜਾਵੇਗੀ ਅਤੇ ਨਾਲ ਹੀ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ ਅਤੇ ਜਦੋਂ ਤੱਕ ਕੰਟਰੈਕਟ ਅਸਿਸਟੈਂਟ ਪ੍ਰੋਫੈਸਰਾਂ ਨੂੰ ਉਹਨਾਂ ਦਾ ਬਣਦਾ ਹੱਕ ਨਹੀਂ ਦਿੱਤਾ ਜਾਂਦਾ ਕੰਟਰੈਕਟ ਅਧਿਆਪਕਾਂ ਦਾ ਸੰਘਰਸ਼ ਜਾਰੀ ਰਹੇਗਾ।
ਪੁਕਟਾ ਪ੍ਰਧਾਨ ਡਾ. ਤਰਨਜੀਤ ਕੌਰ ਅਨੁਸਾਰ ਉਹ ਯੂਨੀਵਰਸਿਟੀ ਨਿਯਮਾਂ ਅਨੁਸਾਰ ਕੰਮ ਕਰ ਰਹੇ ਹਨ। ਪਰ ਯੂਨੀਵਰਸਿਟੀ ਜਬਰਦਸਤੀ ਉਹਨਾਂ ਨੂੰ ਪੰਜਾਬ ਸਰਕਾਰ ਦੇ ਨਿਯਮਾਂ ਨਾਲ ਜੋੜ ਕੇ ਗੁੰਮਰਾਹ ਕਰ ਰਹੀ ਹੈ।
ਯੂਨੀਵਰਸਿਟੀ ਵੱਲੋਂ 2018 ਯੂਜੀਸੀ ਨਿਯਮਾਂ ਅਨੁਸਾਰ ਹੀ ਰੈਗੂਲਰ, ਗੈਸਟ,ਟੈਂਪਰੇਰੀ ਅਧਿਆਪਕਾਂ ਦਾ ਪੇ ਸਕੇਲ ਲਗਾਇਆ ਗਿਆ ਹੈ। ਪਰੰਤੂ ਕੰਟਰੈਕਟ ਅਧਿਆਪਕਾਂ ਦਾ ਇਹੀ ਪੇ ਸਕੇਲ ਲਗਾਉਣ ਵਿੱਚ ਅੜਿੱਕੇ ਪਾਏ ਜਾ ਰਹੇ ਹਨ। ਯੂਨੀਵਰਸਿਟੀ ਅਪਣੇ ਹੀ ਅਧਿਆਪਕਾਂ ਪ੍ਰਤੀ ਵੱਖਰਾ ਵੱਖਰਾ ਰਵੱਈਆ ਕਿਵੇਂ ਅਪਣਾ ਸਕਦੀ ਹੈ।