ਭਗਵੰਤ ਮਾਨ ਦਾ ਕਿਸਾਨ ਜਥੇਬੰਦੀਆਂ ਬਾਰੇ ਸ਼ਰਮਨਾਕ ਬਿਆਨ, ਕਿਹਾ- ਪਾਣੀਆਂ ਦੇ ਹੱਕ ‘ਚ ਇਨ੍ਹਾਂ ਨਹੀਂ ਦਿੱਤਾ ਬਿਆਨ, ਇਹ ਤਾਂ ਆਪਣੀਆਂ ਦੁਕਾਨਦਾਰੀਆਂ ਚਲਾਉਂਦੇ ਨੇ
ਮੀਡੀਆ ਪੀਬੀਐਨ, ਨੰਗਲ-
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਬਾਰੇ ਸ਼ਰਮਨਾਕ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਸਾਨ ਜਥੇਬੰਦੀਆਂ ਤੇ ਜਿੱਥੇ ਗੰਭੀਰ ਦੋਸ਼ ਲਾਏ, ਉਥੇ ਹੀ ਕਿਹਾ ਕਿ, ਇਹ ਤਾਂ ਆਪਣੀਆਂ ਦੁਕਾਨਦਾਰੀਆਂ ਚਲਾਉਂਦੇ ਨੇ।
ਦਰਅਸਲ, ਨੰਗਲ ਡੈਮ ਤੇ ਧਰਨਾ ਲਾਈ ਬੈਠੇ ਆਪ ਵਰਕਰਾਂ ਦੀ ਹਮਾਇਤ ਵਿੱਚ ਪੁੱਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਸਾਨ ਜਥੇਬੰਦੀਆਂ ਤੇ ਜੰਮ ਕੇ ਵਰ੍ਹੇ।
ਉਨ੍ਹਾਂ ਕਿਹਾ ਕਿ ਕਿਸਾਨ ਯੂਨੀਅਨ ਪਾਣੀ ਦੇ ਹੱਕ ਵਿੱਚ ਨਹੀਂ ਹਨ, ਕਿਸੇ ਵੀ ਜਥੇਬੰਦੀ ਨੇ ਇਕ ਵੀ ਬਿਆਨ ਨਹੀਂ ਦਿੱਤਾ। ਇੱਥੋਂ ਉਨ੍ਹਾਂ ਦੀ ਸੋਚ ਪਤਾ ਲੱਗਦੀ ਹੈ ਕਿ ਉਹ ਇਕੱਲੇ ਧਰਨੇ ਲਾਉਣ ਜੋਗੇ ਹੀ ਨੇ। ਮਾਨ ਨੇ ਕਿਹਾ ਕਿ ਕਿਸਾਨ ਕੱਲ੍ਹ ਨੂੰ ਸਾਡੇ ਕੋਲ ਨਾ ਆਉਣ।
ਮਾਨ ਨੇ ਕਿਹਾ ਕਿ ਅਸੀਂ ਖੇਤਾਂ ਦਾ ਪਾਣੀ ਬਚਾ ਰਹੇ ਹਾਂ। ਪਤਾ ਨਹੀਂ ਹੁਣ ਕਿੱਥੇ ਨੇ ਸਾਰੇ ਉਹ, ਜਿਹੜੇ ਕਦੇ ਬੁੱਢੇ ਨਾਲੇ ਤੇ ਬਹਿ ਜਾਂਦੇ ਸਨ, ਕਦੇ ਹੋਰ ਕਿਤੇ ਬਹਿ ਜਾਂਦੇ ਸਨ। ਮਾਨ ਨੇ ਕਿਹਾ ਕਿ, ਉਹ ਆਪਣੀਆਂ ਦੁਕਾਨਾਂ ਚਲਾਉਂਦੇ ਹਨ।
ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦਾ (ਕਿਸਾਨ ਜਥੇਬੰਦੀਆਂ) ਵੀ ਹੁਣ ਵਿਰੋਧ ਹੋਵੇਗਾ, ਪਬਲਿਕ ਉਨ੍ਹਾਂ ਦਾ ਵਿਰੋਧ ਕਰੇਗੀ। ਹੁਣ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਕੌਣ ਕਿੱਥੇ ਖੜਾ ਹੈ, ਇੱਥੇ (ਨੰਗਲ ਡੈਮ) ਏਸੀ ਨਹੀਂ ਹੈ, ਏਸੀ ਵਾਲੀਆਂ ਟਰਾਲੀਆਂ ਨਹੀਂ ਹੈਗੀਆਂ, ਇਸੇ ਲਈ ਉਹ ਇੱਥੇ ਨਹੀਂ ਆਏ।