ਵੱਡੀ ਖ਼ਬਰ: ਪੰਜਾਬ ‘ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 14 ਲੋਕਾਂ ਦੀ ਮੌਤ, ਭਗਵੰਤ ਮਾਨ ਸਰਕਾਰ ਦੀ ਖੁੱਲ੍ਹੀ ਪੋਲ
ਅੰਮ੍ਰਿਸਤਰ-
ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਯੁੱਧ ਨਸਿਆਂ ਵਿਰੁੱਧ ਮੁਹਿੰਮ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਅਤੇ ਉਸ ਵੇਲੇ ਸਰਕਾਰ ਦੀ ਪੋਲ ਖੁੱਲ੍ਹੀ, ਜਦੋਂ ਅੰਮ੍ਰਿਤਸਰ ਵਿੱਚ 14 ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਦੇ ਕਾਰਨ ਮੌਤ ਹੋ ਗਈ। ਇਹ ਸਾਰਾ ਮਾਮਲਾ ਮਜੀਠਾ ਹਲਕੇ ਦਾ ਦੱਸਿਆ ਜਾ ਰਿਹਾ ਹੈ।
ਏਬੀਪੀ ਦੀ ਖ਼ਬਰ ਅਨੁਸਾਰ, ਮਜੀਠਾ ਖੇਤਰ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 14 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 6 ਹੋਰ ਲੋਕ ਗੰਭੀਰ ਹਾਲਤ ਵਿੱਚ ਹਨ। ਇਨ੍ਹਾਂ ਨੂੰ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਇਨ੍ਹਾਂ ਵਿੱਚੋਂ 4 ਦੀ ਹਾਲਤ ਇਨੀ ਗੰਭੀਰ ਹੈ ਕਿ ਉਹ ਗੱਲ ਕਰਨ ਜੋਗੇ ਵੀ ਨਹੀਂ ਰਹੇ। ਮ੍ਰਿਤਕਾਂ ਵਿੱਚ ਭੰਗਾਲੀ ਕਲਾਂ, ਮਰੜੀ ਕਲਾਂ ਅਤੇ ਜਯੰਤੀਪੁਰ ਪਿੰਡਾਂ ਦੇ ਵਸਨੀਕ ਸ਼ਾਮਿਲ ਹਨ।
ਘਟਨਾ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਤੁਰੰਤ ਹਰਕਤ ‘ਚ ਆ ਗਿਆ। ਪੁਲਿਸ ਨੇ ਜ਼ਹਿਰੀਲੀ ਸ਼ਰਾਬ ਵੇਚਣ ਦੇ ਦੋਸ਼ ‘ਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਸ਼ਰਾਬ ਕਿੱਥੋਂ ਆਈ ਤੇ ਕਿਵੇਂ ਆਈ। ਇਹ ਪਿਛਲੇ 3 ਸਾਲਾਂ ‘ਚ ਪੰਜਾਬ ‘ਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦਾ ਚੌਥਾ ਮਾਮਲਾ ਹੈ।
ਉੱਧਰ ਪੰਜਾਬ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਸਖਤੀ ਦੇ ਨਾਲ ਜਾਂਚ ਦੇ ਆਦੇਸ਼ ਦਿੱਤੇ ਹਨ। ਜਾਣਕਾਰੀ ਮਿਲਣ ਦੇ ਬਾਅਦ ਮੰਗਲਵਾਰ ਸਵੇਰੇ ਅੰਮ੍ਰਿਤਸਰ ਦੀ ਡੀਸੀ ਸਾਕਸ਼ੀ ਸਾਹਨੀ ਵੀ ਪੀੜਤ ਪਰਿਵਾਰਾਂ ਨੂੰ ਮਿਲਣ ਪਹੁੰਚੀਆਂ ਅਤੇ ਉਨ੍ਹਾਂ ਦਾ ਹਾਲ ਪੁੱਛਿਆ।
ਅੰਮ੍ਰਿਤਸਰ ਦੇ ਪਿੰਡਾਂ ਵਾਲੇ ਇਲਾਕੇ ਦੇ ਐਸਐੱਸਪੀ ਮਨਿੰਦਰ ਸਿੰਘ ਨੇ ਦੱਸਿਆ ਹੈ ਕਿ ਮਜੀਠਾ ‘ਚ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਤੋਂ ਬਾਅਦ ਸਖ਼ਤ ਕਾਰਵਾਈ ਕੀਤੀ ਗਈ ਹੈ।