ਪੰਜਾਬ ਸਰਕਾਰ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਣ ਦੀ ਮੰਗ

All Latest NewsNews FlashPunjab News

 

ਵਾਹਗਾ ਸਰਹੱਦ ਨੂੰ ਵਪਾਰ ਲਈ ਖੋਲਣ ਦੀ ਵੀ ਮੰਤਰੀ ਕੁਲਦੀਪ ਧਾਲੀਵਾਲ ਨੇ ਕੀਤੀ ਮੰਗ

ਅਜਨਾਲਾ-

ਅਜਨਾਲਾ ਹਲਕੇ ਦੇ ਪਿੰਡਾਂ ਵਿੱਚ ਨਸ਼ਾ ਮੁਕਤੀ ਯਾਤਰਾ ਦੀ ਅਗਵਾਈ ਕਰ ਰਹੇ ਪੰਜਾਬ ਸਰਕਾਰ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰ ਸਰਕਾਰ ਤੋਂ ਇਹ ਮੰਗ ਵੀ ਕੀਤੀ ਕਿ ਭਾਰਤ ਪਾਕਿਸਤਾਨ ਦਰਮਿਆਨ ਪੈਦਾ ਹੋਏ ਤਨਾਅ ਕਾਰਨ ਬੰਦ ਕੀਤਾ ਗਿਆ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਤੁਰੰਤ ਖੋਲਿਆ ਜਾਵੇ।

ਉਹਨਾਂ ਨੇ ਕਿਹਾ ਕਿ ਦੁਨੀਆਂ ਭਰ ਦੇ ਨਾਨਕ ਨਾਮ ਲੇਵਾ ਸਿੱਖ ਇਸ ਲਾਂਘੇ ਤੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਧਰਤੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਂਦੇ ਹਨ, ਪਰ ਮਾਹੌਲ ਵਿੱਚ ਤਲਖੀ ਆਉਣ ਕਾਰਨ ਇਹ ਲਾਂਘਾ ਬੰਦ ਕਰ ਦਿੱਤਾ ਗਿਆ ਸੀ, ਸੋ ਹੁਣ ਦੋਵਾਂ ਦੇਸ਼ਾਂ ਦਰਮਿਆਨ ਮਾਹੌਲ ਠੀਕ ਹੋਣ ਮਗਰੋਂ ਇਹ ਲਾਂਘਾ ਤੁਰੰਤ ਖੋਲਿਆ ਜਾਵੇ।

ਉਹਨਾਂ ਨੇ ਇਹ ਵੀ ਕਿਹਾ ਕਿ ਵਾਹਗਾ ਸਰਹੱਦ ਨੂੰ ਵਪਾਰ ਲਈ ਖੋਲਿਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੁਲਵਾਮਾ ਹਮਲੇ ਤੋਂ ਪਹਿਲਾਂ ਇਸ ਸਰਹੱਦ ਰਸਤੇ ਦੱਖਣੀ ਏਸ਼ੀਆ ਦੇ ਦੇਸ਼ਾਂ ਨਾਲ ਭਾਰਤ ਦਾ ਵਪਾਰ ਚਲਦਾ ਸੀ, ਪਰ ਉਸ ਤੋਂ ਬਾਅਦ ਇਹ ਬੰਦ ਕਰ ਦਿੱਤਾ ਗਿਆ, ਜਿਸ ਕਾਰਨ ਇਸ ਇਲਾਕੇ ਨੂੰ ਵੱਡੀ ਆਰਥਿਕ ਸੱਟ ਵੱਜੀ ਹੈ।

ਉਹਨਾਂ ਕਿਹਾ ਕਿ ਜੇਕਰ ਵਾਘਾ ਸਰਹੱਦ ਵਪਾਰ ਲਈ ਖੁੱਲਦੀ ਹੈ ਤਾਂ ਇਸ ਦਾ ਕੇਵਲ ਪੰਜਾਬ ਹੀ ਨਹੀਂ ਸਮੁੱਚੇ ਉੱਤਰੀ ਭਾਰਤ ਨੂੰ ਵੱਡਾ ਫਾਇਦਾ ਹੋਵੇਗਾ। ਉਹਨਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਦੋਵਾਂ ਦੇਸ਼ਾਂ ਦੇ ਆਪਸੀ ਸਬੰਧਾਂ ਉੱਤੇ ਨਜ਼ਰਸਾਨੀ ਕਰਦੇ ਹੋਏ ਇਸ ਲਾਂਘੇ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਜਾਵੇ, ਤਾਂ ਜੋ ਇਸ ਖਿੱਤੇ ਵਿੱਚ ਮੁੜ ਰੁਜ਼ਗਾਰ ਤੇ ਵਪਾਰ ਦੇ ਮੌਕੇ ਪੈਦਾ ਹੋ ਸਕਣ।

Media PBN Staff

Media PBN Staff

Leave a Reply

Your email address will not be published. Required fields are marked *