ਸਾਵਧਾਨ! ਕਿਤੇ ਤੁਸੀਂ ਤਾਂ ਨਹੀਂ ਫਸੇ ਪੇਅ ਪਾਲ ਅਕਾਊਂਟ ਵਾਲੇ ਜਾਲ ‘ਚ? ਪੰਜਾਬ ਪੁਲਿਸ ਵੱਲੋਂ ਫਰਜ਼ੀ ਕਾਲ ਸੈਂਟਰ ਦੇ 37 ਮੁਲਜ਼ਮ ਗ੍ਰਿਫਤਾਰ
ਪੰਜਾਬ ਨੈੱਟਵਰਕ, ਮੋਹਾਲੀ
ਮੋਹਾਲੀ ਪੁਲਿਸ ਨੇ ਕਾਲ ਸੈਂਟਰ ਦੀ ਆੜ ਵਿੱਚ ਪੇਅ ਪਾਲ ਅਕਾਊਂਟ ਵਿੱਚੋਂ ਟ੍ਰਾਂਜ਼ੈਕਸ਼ਨ ਕਰਵਾਉਣ ਦੇ ਨਾਮ ‘ਤੇ ਭੋਲੇ-ਭਾਲੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰ ਕੇ 37 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।
ਇਸ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਡਾ. ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐਸ.ਏ.ਐਸ ਨਗਰ ਨੇ ਦੱਸਿਆ ਕਿ ਮੋਹਿਤ ਅਗਰਵਾਲ, ਪੀ.ਪੀ.ਐਸ, ਉਪ ਕਪਤਾਨ ਪੁਲਿਸ (ਸ਼ਹਿਰੀ), ਐਸ.ਏ.ਐਸ ਨਗਰ ਦੀ ਅਗਵਾਈ ਹੇਠ ਇੰਸ: ਸੁਖਬੀਰ ਸਿੰਘ ਅਤੇ ਥਾਣੇਦਾਰ ਅਭੀਸ਼ੇਕ ਸ਼ਰਮਾ, ਇੰਚ: ਇੰਡ: ਏਰੀਆ ਫੇਜ਼ 8-ਬੀ, ਮੋਹਾਲੀ ਦੀ ਟੀਮ ਵੱਲੋਂ ਆਈ.ਟੀ ਕੰਪਨੀ ਦੀ ਆੜ ਵਿੱਚ ਚੱਲ ਰਹੇ ਇੱਕ ਕਾਲ ਸੈਂਟਰ ਦਾ ਪਰਦਾਫਾਸ਼ ਕਰਦੇ ਹੋਏ ਮੁਕੱਦਮਾ ਨੰਬਰ: 111 ਮਿਤੀ 25.06.2024 ਅ/ਧ 406,420, 120 ਬੀ, ਭ:ਦ 01, ਮੋਹਾਲੀ ਦਰਜ ਕਰ ਕੇ 37 (25 ਪੁਰਸ਼ਾਂ ਅਤੇ 12 ਮਹਿਲਾ) ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ।
ਡਾ. ਗਰਗ ਨੇ ਦੱਸਿਆ ਕਿ ਮਿਤੀ 25.06.2023 ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਪਲਾਟ ਨੰਬਰ: ਈ-177, ਕੈਲਾਸ਼ ਟਾਵਰ ਦੀ ਪਹਿਲੀ ਮੰਜ਼ਿਲ ਵਿਖੇ ਵੈੱਬਟੈਪ ਪ੍ਰਾਈਵੇਟ ਲਿਮਟਿਡ, ਮੋਹਾਲੀ ਦੇ ਨਾਮ ‘ਤੇ ਕੰਪਨੀ ਦੀ ਆੜ ਵਿੱਚ ਪੇਅ ਪਾਲ ਅਕਾਊਂਟ ਵਿੱਚੋਂ ਟਰਾਜ਼ੈਕਸ਼ਨ ਹੋਣ ਦੇ ਨਾਮ ‘ਤੇ ਭੋਲੇ ਭਾਲੇ ਲੋਕਾਂ ਨਾਲ ਠੱਗੀਆਂ ਮਾਰੀਆਂ ਜਾ ਰਹੀਆਂ ਹਨ।
ਇਸ ਸਬੰਧੀ ਕੇਸ ਰਜਿਸਟਰ ਕਰ ਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਮੁਲਜ਼ਮਾਂ ਵਿੱਚ ਕੈਵਿਨ ਪਟੇਲ, ਪਰਤੀਕ ਦੁਧੱਤ ਸਮੇਤ 35 ਹੋਰ ਮੁਲਜ਼ਮ ਸ਼ਾਮਲ ਹਨ। ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਉਕਤ ਪਲਾਟ ਵਿੱਚ ਵਿਖਾਵੇ ਦੇ ਤੌਰ ‘ਤੇ ਵੈੱਬਟੈਪ ਪ੍ਰਾਈਵੇਟ ਲਿਮਟਿਡ ਦੇ ਨਾਮ ਦੀ ਕੰਪਨੀ ਚਲਾਈ ਜਾ ਰਹੀ ਸੀ।
ਜਿਸਦੀ ਆੜ ਵਿੱਚ ਮੁਲਜ਼ਮ ਇਹ ਫਰਜ਼ੀ ਕਾਲ ਸੈਂਟਰ ਚਲਾ ਰਹੇ ਸਨ। ਮੁਲਜ਼ਮ ਵਿਦੇਸ਼ੀ ਅਕਾਊਂਟ ਦੇ ਖਾਤਾ ਧਾਰਕਾਂ ਨੂੰ ਜਾਅਲੀ ਈ.ਮੇਲ ਭੇਜਦੇ ਸਨ ਕਿ ਉਨ੍ਹਾਂ ਦੇ ਪੇਅ ਪਾਲ ਅਕਾਊਂਟ ਵਿੱਚੋਂ ਟਰਾਂਜ਼ੈਕਸ਼ਨ ਹੋਣੀ ਹੈ ਅਤੇ ਉਸ ਸਬੰਧੀ ਕਸਟਮਰ ਕੇਅਰ ਦੇ ਨੰਬਰ ‘ਤੇ ਸਪੰਰਕ ਕਰ ਸਕਦੇ ਹੋ।
ਜਦੋਂ ਉਹ ਲੋਕ ਮੁਲਜ਼ਮਾਂ ਵੱਲੋਂ ਦਿੱਤੇ ਜਾਅਲੀ ਨੰਬਰ ‘ਤੇ ਕਾਲ ਕਰਦੇ ਸਨ ਤਾਂ ਮੁਲਜ਼ਮ ਉਹਨਾਂ ਭੋਲੇ ਭਾਲੇ ਲੋਕਾਂ ਨੂੰ ਗੱਲਾਂ ਵਿੱਚ ਲਗਾ ਕੇ ਕਹਿੰਦੇ ਸੀ ਕਿ ਜੇਕਰ ਉਨ੍ਹਾਂ ਨੇ ਇਹ ਟਰਾਂਜੈਕਸ਼ਨ ਬਚਾਉਣੀ ਹੈ ਤਾਂ ਉਹਨਾਂ ਦੀ ਰਕਮ ਦੇ ਗਿਫਟ ਕਾਰਡ ਖਰੀਦਣ ਅਤੇ ਉਸੇ ਗਿਫਟ ਕਾਰਡ ਦਾ ਕੋਡ ਹਾਸਲ ਕਰ ਕੇ ਠੱਗੀ ਮਾਰਦੇ ਸਨ। ਮੁਲਜ਼ਮਾਂ ਕੋਲੋਂ 45 ਲੈਪਟਾਪ, ਹੈਡਫੋਨ ਮਾਈਕ 45, ਮੋਬਾਈਲ 59 (ਦਫ਼ਤਰੀ 23, ਪਰਸਨਲ 36) ਅਤੇ ਇਕ ਮਰਸਡੀਜ਼ ਕਾਰ ਰੰਗ ਕਾਲਾ ਨੰਬਰ (ਡੀਐੱਲ-08-ਸੀਏਕੇ 5520) ਬਰਾਮਦ ਕੀਤੇ ਗਏ ਹਨ।