ਤੱਪੜ ‘ਤੇ ਬਦਲਾਅ ਠਾਠਾ ਮਾਰਦਾ: ਬੇਰੁਜ਼ਗਾਰ ਅਧਿਆਪਕਾਂ ਨੇ ‘ਆਪ’ MLA ਨੂੰ ਨੌਕਰੀ ਬਾਰੇ ਸਵਾਲ ਪੁੱਛੇ ਤਾਂ ਗੁੱਸੇ ‘ਚ ਭਮੱਕੜਾਂ ਨੇ ਬੇਰੁਜ਼ਗਾਰਾਂ ਦੇ ਘਰਾਂ ਅੱਗੇ ਹੀ ਲਗਾ ਦਿੱਤਾ ਧਰਨਾ
MLA ਨੂੰ ਸਵਾਲ ਪੁੱਛਣ ‘ਤੇ ‘ਆਪ’ ਵਰਕਰਾਂ ਨੇ ਬੇਰੁਜ਼ਗਾਰ ਅਧਿਆਪਕ ਲੜਕੀਆਂ ਦੇ ਘਰ ਅੱਗੇ ਲਾਇਆ ਧਰਨਾ
Punjab News:
ਵੈਸੇ ਤਾਂ ਧਰਨਿਆਂ ਵਿੱਚੋਂ ਪੈਦਾ ਹੋਈ ਆਮ ਆਦਮੀ ਪਾਰਟੀ ਇਸ ਵੇਲੇ ਪੰਜਾਬ ਦੀ ਸੱਤਾ ਵਿੱਚ ਬਿਰਾਜਮਾਨ ਹੈ, ਪਰ ਉੱਥੇ ਦੂਜੇ ਪਾਸੇ ਆਪਣੀਆਂ ਹੱਕੀ ਮੰਗਾਂ ਦੇ ਲਈ ਧਰਨਾ ਲਾਉਣ ਵਾਲਿਆਂ ਨੂੰ ਮੁੱਖ ਮੰਤਰੀ ਸਮੇਤ ਇਹਨਾਂ ਦੇ ਸਾਰੇ ਲੀਡਰ ਅਤੇ ਮੰਤਰੀ-ਵਿਧਾਇਕ ਧਰਨਾਕਾਰੀਆਂ ਨੂੰ ਕੋਸਣ ‘ਤੇ ਲੱਗੇ ਹੋਏ ਨੇ।
ਮੁੱਖ ਮੰਤਰੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਜਿਹੜਾ ਧਰਨਾ ਲਾਏਗਾ, ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ, ਜਦੋਂ ਕਿ ਵਿਰੋਧੀ ਧਿਰ ਵਿੱਚ ਹੁੰਦਿਆਂ ਆਮ ਆਦਮੀ ਪਾਰਟੀ ਨੇ ਹਰ ਗਲੀ ਮੁਹੱਲੇ ਮੋੜ ‘ਤੇ ਧਰਨੇ ਲਾਏ ਸਨ। ਜਿਨਾਂ ਦਾ ਆਮ ਲੋਕਾਂ ਨੇ ਵੀ ਸਾਥ ਦਿੱਤਾ ਸੀ, ਪਰ ਇਸ ਵੇਲੇ ਬਦਲਾਅ ਕੁਝ ਵੱਖਰਾ ਹੀ ਜਾਪ ਰਿਹਾ ਹੈ।
ਮੁੱਖ ਮੰਤਰੀ ਦੀਆਂ ਗੱਲਾਂ ਸੁਣ ਸੁਣ ਕੇ ਆਪ ਵਰਕਰ ਇੰਨੇ ਜਿਆਦਾ ਉਤਸਾਹ ਵਿੱਚ ਆ ਗਏ ਨੇ ਕਿ, ਉਹਨਾਂ ਨੇ ਆਪਣੇ ਵਿਧਾਇਕਾਂ ਨੂੰ ਸਵਾਲ ਪੁੱਛਣ ਵਾਲਿਆਂ ਦੇ ਘਰਾਂ ਮੂਹਰੇ ਧਰਨੇ ਲਾਉਣੇ ਸ਼ੁਰੂ ਕਰ ਦਿੱਤੇ ਹਨ। ਤਾਜ਼ਾ ਮਾਮਲਾ ਮਾਨਸਾ ਤੋਂ ਸਾਹਮਣੇ ਆਇਆ ਹੈ, ਜਿੱਥੇ ਬੇਰੁਜ਼ਗਾਰ ਅਧਿਆਪਕ ਅਜੀਤ ਦੇ ਵੱਲੋਂ ਜਦੋਂ ਆਪ ਵਿਧਾਇਕ ਵਿਜੇ ਸਿੰਗਲਾ ਨੂੰ ਸਵਾਲ ਪੁੱਛੇ ਗਏ ਤਾਂ ਉਸ ਤੋਂ ਤੁਰੰਤ ਬਾਅਦ ਹੀ ਆਪ ਵਿਧਾਇਕ ਜਿੱਥੇ ਮੌਕੇ ਤੋਂ ਚਲਾ ਗਿਆ, ਉਥੇ ਹੀ ਪੁਲਿਸ ਨੇ ਬੇਰੁਜ਼ਗਾਰ ਅਧਿਆਪਕ ਨੂੰ ਹਿਰਾਸਤ ਵਿੱਚ ਲੈ ਲਿਆ।
ਜਦੋਂ ਬੇਰੁਜ਼ਗਾਰ ਅਧਿਆਪਕ ਨੂੰ ਹਿਰਾਸਤ ਵਿੱਚ ਲੈਣ ਦੀ ਖਬਰ ਦੂਜੇ ਹੋਰਨਾਂ ਬੇਰੁਜ਼ਗਾਰ ਸਾਥੀਆਂ ਨੂੰ ਮਿਲੀ, ਤਾਂ ਉਹਨਾਂ ਦੇ ਵੱਲੋਂ ਆਪ ਵਿਧਾਇਕ ਅਤੇ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਦੇ ਖਿਲਾਫ ਹੀ ਤੱਪੜ ਵਿਛਾ ਕੇ ਧਰਨਾ ਲਗਾ ਦਿੱਤਾ ਗਿਆ।
ਮੀਡੀਆ ਵਿੱਚ ਛਪੀਆਂ ਰਿਪੋਰਟਾਂ ਦੀ ਮੰਨੀਏ ਤਾਂ ਬੀਤੇ ਕੱਲ੍ਹ ਇਕ ਪ੍ਰੋਗਰਾਮ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਵੱਲੋਂ AAP ਵਿਧਾਇਕ ਵਿਜੇ ਸਿੰਗਲਾ ਨੂੰ ਸਵਾਲ ਪੁੱਛਣ ਉਤੇ ਗੁੱਸੇ ਹੋਏ “ਆਪ” ਵਰਕਰਾਂ ਨੇ ਬੇਰੁਜ਼ਗਾਰ ਅਧਿਆਪਕ ਲੜਕੀਆਂ ਦੇ ਘਰ ਅੱਗੇ ਧਰਨਾ ਲਗਾ ਦਿੱਤਾ। ਪਿੰਡ ਦਲੇਲ ਸਿੰਘ ਆਲਾ ’ਚ ਇਕ ਸਮਾਗਮ ਦੌਰਾਨ ਈਟੀਟੀ ਬੇਰੁਜ਼ਗਾਰ ਅਧਿਆਪਕ ਅਜੀਤ ਵੱਲੋਂ ਵਿਧਾਇਕ ਵਿਜੇ ਸਿੰਗਲਾ ਨੂੰ ਸਵਾਲ ਕੋਸ਼ਿਸ਼ ਕੀਤੀ ਤਾਂ, ਪੁਲਿਸ ਉਸ ਨੂੰ ਤੁਰੰਤ ਬਾਅਦ ਸਮਾਗਮ ਤੋਂ ਬਾਹਰ ਖਿੱਚ ਕੇ ਲੈਕੇ ਚਲੀ ਗਈ। ਵਿਧਾਇਕ ਨੂੰ ਸਵਾਲ ਪੁੱਛਣ ਉਤੇ ਪਿੰਡ ਦਾ ਸਰਪੰਚ ਅਤੇ ਆਪ ਵਰਕਰ ਨਰਾਜ਼ ਹੋ ਗਏ।
ਇਸ ਨੂੰ ਲੈ ਕੇ ਬੇਰੁਜ਼ਗਾਰ ਅਧਿਆਪਕ ਦੀ ਸਪੋਟ ਕਰ ਰਹੀਆਂ ਪਿੰਡ ਦੀਆਂ ਬੇਰੁਜ਼ਗਾਰ ਅਧਿਆਪਕ ਲੜਕੀਆਂ ਦੇ ਘਰ ਅੱਗੇ ਅੱਜ ਧਰਨਾ ਦਿੱਤਾ ਜਾ ਰਿਹਾ ਹੈ।
ਪਿੰਡ ਦੇ ਕੁਝ ਆਪ ਵਰਕਰਾਂ ਨੇ ਦੱਸਿਆ ਕਿ ਅਸੀਂ ਪਿੰਡ ਲਈ ਵਿਧਾਇਕ ਤੋਂ ਗ੍ਰਾਂਟ ਲੈਣੀ ਸੀ, ਪਰ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਵਿਧਾਇਕ ਨੂੰ ਸਵਾਲ ਪੁੱਛਣ ਕਾਰਨ ਉਹ ਕੋਈ ਗ੍ਰਾਂਟ ਨਹੀਂ ਦੇ ਕੇ ਗਏ।
ਦੂਜੇ ਪਾਸੇ ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਆਗੂ ਕਰਮਜੀਤ ਤਾਮਕੋਟ ਜ਼ਿਲ੍ਹਾ ਪ੍ਰਧਾਨ, ਹਰਜਿੰਦਰ ਅਨੂਪਗੜ੍ਹ ਜ਼ਿਲ੍ਹਾ ਸਕੱਤਰ ਨੇ ਸਵਾਲ ਪੁੱਛਣ ਵਾਲੀਆਂ ਬੇਰੁਜਗਾਰ ਅਧਿਆਪਕ ਕੁੜੀਆਂ ਦੇ ਘਰ ਅੱਗੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦੀ ਸਖ਼ਤ ਨਿਖੇਧੀ ਕੀਤੀ। DTF ਆਗੂਆਂ ਨੇ ਦਾਅਵਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਇਹ ਦਬਾਅ ਪਾ ਰਹੇ ਹਨ ਕਿ ਬੇਰੁਜ਼ਗਾਰ ਅਧਿਆਪਕ ਕੁੜੀਆਂ ਅਤੇ ਸਵਾਲ ਪੁੱਛਣ ਵਾਲਾ ਅਜੀਤ ਸਿੰਘ MLA ਵਿਜੇ ਸਿੰਗਲਾ ਤੋਂ ਮੁਆਫੀ ਮੰਗੇ।