Punjab News: ਤਕਨੀਕੀ ਸਿੱਖਿਆ ਹਾਸਲ ਕਰਨ ਲਈ ਆਨਲਾਈਨ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ
Punjab News: ਵਿਦਿਆਰਥੀਆਂ ਦੀ ਸਹੂਲਤ ਲਈ ਪੰਡਿਤ ਜਗਤ ਰਾਮ ਸਰਕਾਰੀ ਬਹੁਤਕਨੀਕੀ ਕਾਲਜ ਵਿਖੇ ਹੈਲਪ ਡੈਸਕ ਸਥਾਪਿਤ, -ਵੱਖ-ਵੱਖ ਤਕਨੀਕੀ ਕੋਰਸਾਂ ਦੀ ਮੁਫ਼ਤ ਜਾਣਕਾਰੀ ਦੇਣ ਹਿੱਤ ਗਾਈਡੈਂਸ ਸੈੱਲ ਵੀ ਕੀਤਾ ਚਾਲੂ
ਹੁਸ਼ਿਆਰਪੁਰ
ਪੰਜਾਬ ਰਾਜ ਦੇ ਵੱਖ-ਵੱਖ ਤਕਨੀਕੀ ਕਾਲਜਾਂ ਵਿਚ ਸਾਲ 2024-25 ਦੌਰਾਨ ਤਕਨੀਕੀ ਸਿੱਖਿਆ ਹਾਸਲ ਕਰਨ ਲਈ ਆਨਲਾਈਨ ਰਜਿਸਟ੍ਰੇਸ਼ਨ ਦਾ ਕੰਮ ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ, ਚੰਡੀਗੜ੍ਹ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਚਾਹਵਾਨ ਵਿਦਿਆਰਥੀਆਂ ਲਈ ਇਕ ਹੈਲਪ ਡੈਸਕ ਪੰਡਿਤ ਜਗਤ ਰਾਮ ਸਰਕਾਰੀ ਬਹੁਤਕਨੀਕੀ ਕਾਲਜ, ਹੁਸ਼ਿਆਰਪੁਰ ਵਿਖੇ ਸਥਾਪਿਤ ਕੀਤਾ ਗਿਆ ਹੈ। ਇਸ ਹੈਲਪ ਡੈਸਕ ’ਤੇ ਤਕਨੀਕੀ ਸਿੱਖਿਆ ਹਾਸਲ ਕਰਨ ਦੇ ਚਾਹਵਾਨ ਵਿਦਿਆਰਥੀ ਬਿਨਾਂ ਕਿਸੇ ਵਾਧੂ ਚਾਰਜਿਜ਼ ਦੇ ਆਪਣੀ ਆਨਲਾਈਨ ਰਜਿਸਟ੍ਰੇਸ਼ਨ ਫੀਸ ਜਮ੍ਹਾ ਕਰਵਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਦਸਵੀਂ ਪਾਸ ਕਰ ਚੁੱਕੇ ਵਿਦਿਆਰਥੀ ਇੰਜੀਨੀਅਰਿੰਗ ਡਿਪਲੋਮੇ ਦੇ ਪਹਿਲੇ ਸਾਲ ਵਿਚ ਦਾਖ਼ਲਾ ਲੈ ਸਕਦੇ ਹਨ, ਜਦਕਿ ਆਈ.ਟੀ.ਆਈ (ਦੋ ਸਾਲ) ਬਾਰ੍ਹਵੀਂ (ਵੋਕੇਸ਼ਨਲ), ਬਾਰ੍ਹਵੀਂ (ਸਾਇੰਸ) ਪਾਸ ਕਰ ਚੁੱਕੇ ਵਿਦਿਆਰਥੀ ਦੂਜੇ ਸਾਲ ਵਿਚ ਦਾਖ਼ਲਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬਾਰ੍ਹਵੀਂ (ਸਾਇੰਸ) ਪਾਸ ਕਰ ਚੁੱਕੇ ਵਿਦਿਆਰਥੀ ਪਹਿਲੇ ਸਾਲ ਫਾਰਮੇਸੀ ਡਿਪਲੋਮੇ ਵਿਚ ਵੀ ਦਾਖ਼ਲਾ ਲੈ ਸਕਦੇ ਹਨ।
ਦਾਖ਼ਲਾ ਲੈਣ ਲਈ ਚਾਹਵਾਨ ਵਿਦਿਆਰਥੀਆਂ ਨੂੰ ਆਨਲਾਈਨ ਰਜਿਸਟ੍ਰੇਸ਼ਨ ਵਿਚ ਮਦਦ ਕਰਨ ਲਈ ਹਰੇਕ ਕੰਮਕਾਜ਼ ਵਾਲੇ ਦਿਨ ਸਟਾਫ ਦੀਆਂ ਵਿਸ਼ੇੇਸ਼ ਡਿਊਟੀਆਂ ਲਗਾਈਆ ਗਈਆਂ ਹਨ। ਉਪਰੋਕਤ ਰਜਿਸਟ੍ਰੇਸ਼ਨ ਲਈ ਟਾਈਪਿੰਗ ਅਤੇ ਫੋਟੋ, ਹਸਤਾਖ਼ਰ ਅਤੇ ਸਰਟੀਫਿਕੇਟ ਸਕੈਨਿੰਗ ਆਦਿ ਲਈ ਕੋਈ ਵੀ ਚਾਰਜਿਜ਼ ਇਸ ਕਾਲਜ ਵੱਲੋਂ ਨਹੀ ਲਏ ਜਾ ਰਹੇ। ਉਪਰੋਕਤ ਕੋਰਸਾਂ ਵਿਚ ਆਨਲਾਈਨ ਤਰੀਕੇ ਨਾਲ ਦਾਖ਼ਲਾ ਲੈਣ ਵਾਸਤੇ ਪਹਿਲੀ ਕਾਊਂਸਲਿੰਗ ਲਈ ਰਜਿਸਟ੍ਰੇਸ਼ਨ 5 ਜੁਲਾਈ 2024 ਤੱਕ ਕੀਤੀ ਜਾ ਸਕਦੀ ਹੈ। ਇਸ ਤੋਂ ਬਾਅਦ ਪਹਿਲੀ ਕਾਊਂਸਲਿੰਗ ਲਈ ਚੁਆਇਸ ਫਿਲਿੰਗ 2 ਜੁਲਾਈ 2024 ਤੋਂ 9 ਜੁਲਾਈ 2024 ਤੱਕ ਕੀਤੀ ਜਾ ਸਕਦੀ ਹੈ।
ਕਾਲਜ ਦੇ ਪ੍ਰਿੰਸੀਪਲ ਰਾਜੇਸ਼ ਕੁਮਾਰ ਧੁੰਨਾ ਨੇ ਦੱਸਿਆ ਕਿ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਪੰਜਾਬ ਭਰ ਵਿਚ ਚੱਲ ਰਹੇ ਵੱਖ-ਵੱਖ ਤਕਨੀਕੀ ਕੋਰਸਾਂ ਦੀ ਜਾਣਕਾਰੀ ਦੇਣ ਹਿੱਤ ਇਕ ਗਾਈਡੈਂਸ ਸੈੱਲ ਡਾ. ਪੰਕਜ ਚਾਵਲਾ, ਮੋਬਾਇਲ ਨੰਬਰ ਨੰ: 94170-74774 ਦੀ ਦੇਖ-ਰੇਖ ਹੇਠ ਸਥਾਪਿਤ ਕੀਤਾ ਹੋਇਆ ਹੈ। ਇਸ ਸੈੱਲ ਤੋਂ ਕਾਲਜ ਵਿਖੇ ਚੱਲ ਰਹੇ ਵੱਖ-ਵੱਖ ਇੰਜੀਨੀਅਰਿੰਗ ਡਿਪਲੋਮਾ ਕੋਰਸਾਂ ਤੇ ਫਾਰਮੇਸੀ ਕੋਰਸਾਂ ਅਤੇ ਇਨ੍ਹਾਂ ਕੋਰਸਾਂ ਦੀਆਂ ਫੀਸਾਂ ਸਬੰਧੀ ਵੱਡਮੁੱਲੀ ਜਾਣਕਾਰੀ ਮੁਫ਼ਤ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪੰਡਿਤ ਜਗਤ ਰਾਮ ਸਰਕਾਰੀ ਪੋਲੀਟੈਕਨਿਕ ਕਾਲਜ, ਹੁਸ਼ਿਆਰਪੁਰ ਵਿਦਿਆਰਥੀਆਂ ਵਿਚ ਤਕਨੀਕੀ ਹੁਨਰ ਨੂੰ ਉਜਾਗਰ ਕਰਨ ਲਈ 1962 ਤੋਂ ਬਹੁਮੁੱਲਾ ਯੋਗਦਾਨ ਪਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਕਾਲਜ ਨੂੰ ਉੱਤਰੀ ਭਾਰਤ ਦਾ ਸਭ ਤੋਂ ਵਧੀਆ ਪੋਲੀਟੈਕਨਿਕ ਕਾਲਜ ਵੀ ਘੋਸ਼ਿਤ ਕੀਤਾ ਜਾ ਚੁੱਕਾ ਹੈ। ਇਸ ਕਾਲਜ ਵਿਚ ਸਿਵਲ ਇੰਜੀਨੀਅਰਿੰਗ, ਇਲੈਕਟ੍ਰੀਕਲ ਇੰਜੀਨੀਅਰਿੰਗ, ਮਕੈਨੀਕਲ ਇੰਜੀਨੀਅਰਿੰਗ, ਈ.ਸੀ.ਈ, ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ, ਪਲਾਸਟਿਕ ਟੈਕਨਾਲੋਜੀ ਅਤੇ ਫਾਰਮੇਸੀ ਡਿਪਲੋਮੇ ਦੇ ਕੋਰਸ ਚੱਲ ਰਹੇ ਹਨ। ਗਾਈਡੈਂਸ ਸੈੱਲ ਦੇ ਇੰਚਾਰਜ ਡਾ. ਪੰਕਜ ਚਾਵਲਾ ਨੇ ਦੱਸਿਆ ਕਿ ਪੰਜਾਬ/ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਨੁਸੂਚਿਤ ਜਾਤੀ, ਪਛੜੀ ਸ਼੍ਰੇਣੀ, ਘੱਟ ਗਿਣਤੀ ਵਰਗ ਆਦਿ ਦੇ ਵਿਦਿਆਰਥੀਆਂ ਲਈ ਫੀਸ ਵਿਚ ਵਿਸ਼ੇਸ਼ ਛੋਟਾਂ ਦਿੱਤੀਆਂ ਜਾ ਰਹੀਆਂ ਹਨ।
ਅਨੁਸੂਚਿਤ ਜਾਤੀ ਦੇ 2.50 ਲੱਖ ਤੱਕ ਪਰਿਵਾਰਕ ਆਮਦਨ ਵਾਲੇ ਵਿਦਿਆਰਥੀਆਂ ਵਾਸਤੇ ਪਹਿਲਾ ਸਾਲ/ਪਹਿਲਾ ਸਮੈਸਟਰ (ਸਿੱਧਾ ਦਾਖਲੇ) ਦੀ ਪੂਰੇ ਕੋਰਸ ਲਈ 1683 ਰੁਪਏ ਫੀਸ ਅਤੇ ਦੂਜਾ ਸਾਲ/ਤੀਜਾ ਸਮੈਸਟਰ (ਲੇਟਰਲ ਦਾਖ਼ਲੇ) ਦੀ ਪੂਰੇ ਕੋਰਸ ਲਈ 2133 ਰੁਪਏ ਫੀਸ, ਜਰਨਲ ਅਤੇ ਹੋਰ ਵਰਗ ਦੇ ਵਿਦਿਆਰਥੀਆਂ ਲਈ ਮੁੱਖ ਮੰਤਰੀ ਵਜ਼ੀਫਾ ਯੋਜਨਾ ਤਹਿਤ ਵਿਦਿਆਰਥੀਆਂ ਨੂੰ ਯੋਗਤਾ ਪ੍ਰੀਖਿਆ ਵਿਚ 60 ਫੀਸਦੀ ਤੋਂ ਵੱਧ ਪ੍ਰਾਪਤ ਕੀਤੇ ਨੰਬਰਾਂ ਦੇ ਆਧਾਰ ’ਤੇ 100 ਫੀਸਦੀ ਤੱਕ ਟਿਊਸ਼ਨ ਫੀਸ (1100 ਰੁਪਏ) ਵਿਚ ਹਰੇਕ ਸਮੈਸਟਰ ਦੌਰਾਨ ਛੋਟ ਪ੍ਰਾਪਤ ਕਰ ਸਕਦੇ ਹਨ।