All Latest NewsNews FlashPunjab News

ਕਮਿਊਨਿਸਟ ਇਨਕਲਾਬੀ ਸਾਥੀ ਮਦਨ ਗੋਪਾਲ ਦੀ 7 ਜੂਨ ਨੂੰ ਮਨਾਈ ਜਾਵੇਗੀ ਬਰਸੀ: ਕਾਮਰੇਡ ਅਜਮੇਰ ਸਿੰਘ

 

ਦਲਜੀਤ ਕੌਰ, ਚੰਡੀਗੜ੍ਹ

ਕਮਿਊਨਿਸਟ ਇਨਕਲਾਬੀ ਲਹਿਰ ਦੇ ਆਗੂ ਸਾਥੀ ਮਦਨ ਗੋਪਾਲ ਦੀ ਬਰਸੀ 7 ਜੂਨ ਨੂੰ ਦੇਸ਼ ਭਗਤ ਯਾਦਗਾਰ ਹਾਲ ਵਿਖੇ ਮਨਾਈ ਜਾਵੇਗੀ। ਇਸ ਵਾਰ ਬਰਸੀਂ “ਮੌਜੂਦਾ ਹਾਲਾਤਾਂ ਵਿੱਚ ਜਮਹੂਰੀ ਅਧਿਕਾਰਾਂ ਲਈ ਵੱਧ ਰਿਹਾ ਖ਼ਤਰਾ” ਵਿਸ਼ੇ ਨੂੰ ਸਮਰਪਿਤ ਕੀਤੀ ਗਈ ਹੈ। ਇਸ ਨੂੰ ਡੈਮੋਕ੍ਰੇਟਿਕ ਲਾਇਰਜ਼ ਐਸੋਸ਼ੀਏਸ਼ਨ ਦੇ ਸੂਬਾ ਕਨਵੀਨਰ ਐਡਵੋਕੇਟ ਦਲਜੀਤ ਸਿੰਘ ਸੰਬੋਧਨ ਕਰਨਗੇ।

ਇਸ ਮੌਕੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਦੇ ਸੂਬਾ ਆਗੂ ਕਾਮਰੇਡ ਅਜਮੇਰ ਸਿੰਘ ਨੇ ਜਾਰੀ ਕੀਤੇ ਬਿਆਨ ਰਾਹੀਂ ਕਿਹਾ ਕਿ ਸਾਥੀ ਮਦਨ ਗੋਪਾਲ ਨੇ ਆਪਣੀ ਜ਼ਿੰਦਗੀ ਦਾ ਲੰਬਾ ਸਮਾਂ ਲੋਕਾਂ ਨੂੰ ਜੱਥੇਬੰਦ ਕਰਨ, ਚੇਤਨ ਕਰਨ ਅਤੇ ਇਨਕਲਾਬੀ ਲਹਿਰ ਨੂੰ ਉਸਾਰਨ ਵਿੱਚ ਗੁਜ਼ਾਰਿਆ। ਉਹ ਸਾਦਗੀ ਅਤੇ ਦ੍ਰਿੜ ਇਰਾਦੇ ਵਾਲੀ ਬੇਦਾਗ਼ ਸ਼ਖ਼ਸੀਅਤ ਸਨ। ਕਾ. ਮਦਨ ਗੋਪਾਲ ਇਕ ਆਦਰਸ਼ ਕਮਿਊਨਿਸਟ ਸਨ ਜਿਹਨਾਂ ਨੇ ਇਨਕਲਾਬੀ ਲਹਿਰ ਵਿਚ ਕੁੱਦ ਕੇ ਸਮਾਜ ਨੂੰ ਮਨੁੱਖ ਦੇ ਜਿਊਣਯੋਗ ਬਣਾਉਣ ਲਈ ਸਾਰੀ ਉਮਰ ਦ੍ਰਿੜਤਾ ਨਾਲ ਕੰਮ ਕੀਤਾ।

ਉਨ੍ਹਾਂ ਕਿਹਾ ਕਿ ਇੱਕ ਪਾਸੇ ਕੇਂਦਰ ਦੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਵਲੋਂ ਫਾਸ਼ੀਵਾਦੀ ਹਮਲਿਆਂ ਨੂੰ ਤੇਜ਼ ਕਰਦਿਆਂ ਦੇਸ਼ ਦੇ ਜਲ,ਜੰਗਲ ਅਤੇ ਜ਼ਮੀਨ ਨੂੰ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਦਾ ਵਿਰੋਧ ਕਰ ਰਹੇ ਆਦਿਵਾਸੀਆਂ ਨੂੰ ਮਾਓਵਾਦੀ, ਨਕਸਲਵਾਦੀ ਗ਼ਰਦਾਨ ਕੇ ਕਤਲ ਕੀਤਾ ਜਾ ਰਿਹਾ। ਦੂਜੇ ਪਾਸੇ ਕੇਂਦਰ ਸਰਕਾਰ ਦੇ ਨਕਸ਼ੇ ਕਦਮਾਂ ਉੱਪਰ ਚੱਲਦੀ ਹੋਈ ਭਗਵੰਤ ਮਾਨ ਸਰਕਾਰ ਹੱਕਾਂ ਲਈ ਉੱਠਣ ਵਾਲੀ ਆਵਾਜ਼ ਤੋਂ ਮੁਕਤ ਕਰਨ ਲਈ ‘ਪੰਜਾਬ ਨੂੰ ਪੁਲਿਸ ਰਾਜ ਚ ਬਦਲ ਰਹੀ ਹੈ।

ਉਨ੍ਹਾਂ ਕਿਹਾ ਕਿ ਇਸ ਦਿਸ਼ਾ ਚ ਹੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਹਰ ਵਿਰੋਧ ਦੀ ਆਵਾਜ਼ ਨੂੰ ਪਰਚਿਆਂ, ਗ੍ਰਿਫ਼ਤਾਰੀਆਂ ਅਤੇ ਪੁਲਿਸ ਬਲ ਦੇ ਜ਼ੋਰ ‘ਤੇ ਦਬਾਉਣ ਦੇ ਰਾਹ ਪਈ ਹੈ। ਪਹਿਲਾਂ ਕਿਸਾਨਾਂ ਦੇ ਸੰਘਰਸ਼ ਨੂੰ ਜ਼ਬਰੀ ਉਠਾ ਦਿੱਤਾ ਤੇ ਹੁਣ ਜੀਂਦ ਦੇ ਰਾਜੇ ਦੀ 927 ਏਕੜ ਜ਼ਮੀਨ ‘ਚ ਬੇਗ਼ਮਪੁਰਾ ਵਸਾਉਣ ਤੋਂ ਰੋਕਣ ਲਈ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੈਂਕੜੇ ਮਰਦ, ਔਰਤ ਵਰਕਰਾਂ ਨੂੰ ਜੇਲੀਂ ਡੱਕ ਕੇ ਉਹਨਾਂ ਦੇ ਪ੍ਰਦਰਸ਼ਨ ਨੂੰ ਤਾਰੋਪੀਡ ਕਰਨ ਦੀ ਕੋਸ਼ਿਸ਼ ਕੀਤੀ।

ਹਰ ਪ੍ਰਦਰਸ਼ਨ ਤੋਂ ਪਹਿਲਾਂ ਜਥੇਬੰਦੀਆਂ ਦੇ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ ਤਾਂ ਜੋ ਕੋਈ ਵੀ ਪ੍ਰਦਰਸ਼ਨ ਸਰਕਾਰ ਖ਼ਿਲਾਫ਼ ਨਾ ਹੋ ਸਕੇ। ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ 7 ਜੂਨ ਨੂੰ ਸਾਥੀ ਮਦਨ ਗੋਪਾਲ ਦੀ ਯਾਦ ਚ “ਮੌਜੂਦਾ ਹਾਲਾਤਾਂ ਵਿੱਚ ਜਮਹੂਰੀ ਅਧਿਕਾਰਾਂ ਲਈ ਵੱਧ ਰਿਹਾ ਖ਼ਤਰਾ” ਸੰਬੰਧੀ ਵਿਚਾਰ ਚਰਚਾ ਸਮੇਂ ਸ਼ਮੂਲੀਅਤ ਕਰਨ।

 

Leave a Reply

Your email address will not be published. Required fields are marked *