ਖੇਤੀ ਵਿਭਿੰਨਤਾ: ਭਗਵੰਤ ਮਾਨ ਸਰਕਾਰ ਵੱਲੋਂ 6 ਜ਼ਿਲ੍ਹਿਆਂ ‘ਚ ਪਾਇਲਟ ਪ੍ਰੋਜੈਕਟ ਸ਼ੁਰੂ

All Latest NewsNews FlashPunjab News

 

– 10000 ਹੈਕਟੇਅਰ ਰਕਬੇ ਵਿੱਚ ਕਿਸਾਨਾਂ ਨੂੰ ਝੋਨੇ ਤੋਂ ਬਦਲ ਕੇ ਮੱਕੀ ਦੀ ਕਾਸ਼ਤ ਕਰਵਾਉਣ ਦਾ ਟੀਚਾ

– ਕਿਸਾਨ ਨੂੰ ਪ੍ਰਤੀ ਹੈਕਟੇਅਰ ਮਿਲੇਗੀ 17500 ਰੁਪਏ ਦੀ ਪ੍ਰੋਤਸਾਹਨ ਰਾਸ਼ੀ

ਦਲਜੀਤ ਕੌਰ, ਸੰਗਰੂਰ

ਸੂਬੇ ਵਿੱਚ ਖੇਤੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ, ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਕਿਸਾਨਾਂ ਨੂੰ ਆਰਥਿਕ ਪੱਖੋਂ ਹੋਰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਝੋਨੇ ਦੇ ਬਦਲ ਵਜੋਂ ਮੱਕੀ ਦੀ ਫ਼ਸਲ ਬੀਜਣ ਦੀ ਅਪੀਲ ਕੀਤੀ ਹੈ। ਝੋਨੇ ਹੇਠਲੇ ਰਕਬੇ ਨੂੰ ਘਟਾ ਕੇ ਮੱਕੀ ਹੇਠ ਲਿਆਉਣ ਲਈ ਸਰਕਾਰ ਵੱਲੋਂ ਇਕ ਪਾਇਲਟ ਪ੍ਰੋਜੈਕਟ ਲਿਆਂਦਾ ਗਿਆ ਹੈ।

ਇਸ ਪਾਇਲਟ ਪ੍ਰੋਜੈਕਟ ਤਹਿਤ ਪੰਜਾਬ ਦੇ 6 ਜ਼ਿਲ੍ਹਿਆਂ ਸੰਗਰੂਰ, ਬਠਿੰਡਾ, ਪਠਾਨਕੋਟ, ਗੁਰਦਾਸਪੁਰ, ਜਲੰਧਰ ਅਤੇ ਕਪੂਰਥਲਾ ਵਿੱਚ 10000 ਹੈਕਟੇਅਰ ਰਕਬੇ ਵਿੱਚ ਕਿਸਾਨਾਂ ਨੂੰ ਝੋਨੇ ਤੋਂ ਬਦਲ ਕੇ ਮੱਕੀ ਦੀ ਕਾਸ਼ਤ ਕਰਵਾਉਣ ਦਾ ਟੀਚਾ ਹੈ। ਇਸ ਬਦਲੇ ਕਿਸਾਨਾਂ ਨੂੰ 17500/- ਪ੍ਰਤੀ ਹੈਕਟੇਅਰ ਪ੍ਰੋਤਸ਼ਾਹਨ ਰਾਸ਼ੀ ਦਿੱਤੀ ਜਾਵੇਗੀ ਅਤੇ ਮੱਕੀ ਦੀ 2400 ਰੁਪਏ ਐਮ.ਐਸ.ਪੀ. ‘ਤੇ ਖਰੀਦ ਯਕੀਨੀ ਬਣਾਈ ਜਾਵੇਗੀ।

ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵੱਲੋਂ ਪੈਟਰੋਲ ਵਿੱਚ 20 ਫੀਸਦੀ ਐਥਾਨੋਲ ਮਿਲਾਉਣ ਨੂੰ ਹਰੀ ਝੰਡੀ ਦੇਣ ਨਾਲ ਐਥਾਨੋਲ ਦੀ ਡਿਮਾਂਡ ਵੱਧ ਗਈ ਹੈ। ਐਥਾਨੋਲ ਮੱਕੀ ਦੀ ਫ਼ਸਲ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ ਜਿਸ ਕਾਰਨ ਮੱਕੀ ਦੀ ਵੀ ਮੰਗ ਵਿੱਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ। ਇਸ ਮੰਗ ਨੂੰ ਪੂਰਾ ਕਰਨ ਲਈ ਵੱਧ ਤੋਂ ਵੱਧ ਕਿਸਾਨਾਂ ਨੂੰ ਮੱਕੀ ਦੀ ਫ਼ਸਲ ਦੀ ਪੈਦਾਵਾਰ ਕਰਨ ਵੱਲ ਉਤਸ਼ਾਹਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਮੱਕੀ ਦੀ ਫ਼ਸਲ ਬੀਜਣ ਨਾਲ ਜਿੱਥੇ ਸੂਬੇ ਵਿੱਚ ਖੇਤੀ ਵਿਭਿੰਨਤਾ ਆਵੇਗੀ, ਉਥੇ ਹੀ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਕਿਸਾਨਾਂ ਦੀ ਆਰਥਿਕ ਉੱਨਤੀ ਦਾ ਰਾਹ ਵੀ ਪੱਧਰਾ ਹੋਵੇਗਾ।

ਪੰਜਾਬ ਸਰਕਾਰ ਵੱਲੋਂ ਪਾਇਲਟ ਪ੍ਰੋਜੈਕਟ ਤਹਿਤ ਜ਼ਿਲ੍ਹਾ ਸੰਗਰੂਰ ਅਤੇ ਗੁਰਦਾਸਪੁਰ ਵਿੱਚ 2000-2000 ਹੈਕਟੇਅਰ, ਪਠਾਨਕੋਟ, ਜਲੰਧਰ, ਬਠਿੰਡਾ ਅਤੇ ਕਪੂਰਥਲਾ ਵਿੱਚ 1500-1500 ਹੈਕਟੇਅਰ ਝੋਨੇ ਵਾਲੀ ਖੇਤਾਂ ਵਿਚ ਮੱਕੀ ਦੀ ਖੇਤੀ ਕਰਾਉਣ ਦਾ ਟੀਚਾ ਹੈ। ਸਿਰਫ ਉਹਨਾਂ ਖੇਤਾਂ ਵਿੱਚ ਹੀ ਮੱਕੀ ਬਿਜਵਾਈ ਜਾਵੇਗੀ ਜਿੱਥੇ ਪਹਿਲਾਂ ਝੋਨਾ ਬੀਜਿਆ ਜਾਂਦਾ ਰਿਹਾ ਹੈ।

ਟੀਚੇ ਨੂੰ ਪ੍ਰਾਪਤ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਮੱਕੀ ਬੀਜਣ ਵਾਲੇ ਕਿਸਾਨਾਂ ਦੀ ਰਜਿਸਟ੍ਰੇਸ਼ਨ, ਖੇਤ ਮੁੱਦਿਆਂ ਅਤੇ ਤਕਨੀਕੀ ਸਲਾਹ ਵਿੱਚ ਮਦਦ ਲਈ ਹਰ ਪਿੰਡ ਵਿੱਚ ਸਿਖਲਾਈ ਪ੍ਰਾਪਤ ਕਿਸਾਨ ਮਿੱਤਰ (ਕਿਸਾਨ ਦੋਸਤ) ਨਿਯੁਕਤ ਕੀਤੇ ਗਏ ਹਨ, ਜੋ ਕਿਸਾਨਾਂ ਹਰ ਤਰ੍ਹਾਂ ਦੀ ਸਹਾਇਤਾ ਲਈ ਮੌਜੂਦ ਰਹਿਣਗੇ।

ਮੱਕੀ ਦੀ ਨਵੀਨਤਮ ਮਸ਼ੀਨਰੀ ‘ਤੇ ਸਬਸਿਡੀ ਉਪਲੱਬਧ ਕਰਵਾਈ ਜਾ ਰਹੀ ਹੈ। ਪੰਜਾਬ ਦੇ ਬਾਕੀ ਦੇ ਖੇਤਰ ਅਤੇ ਜ਼ਿਲ੍ਹਿਆਂ ਨੂੰ ਸੀ.ਡੀ.ਪੀ./ਆਰ.ਕੇ.ਵੀ. ਵਾਈ ਸਕੀਮ ਤਹਿਤ 35000 ਹੈਕਟੇਅਰ ਪ੍ਰਦਰਸ਼ਨੀਆਂ ਤੇ 10,000 ਪ੍ਰਤੀ ਹੈਕਟੇਅਰ ਦੀ ਦਰ ਨਾਲ ਕਿਸਾਨਾਂ ਨੂੰ ਮੱਕੀ ਦਾ ਬੀਜ ਅਤੇ ਹੋਰ ਇਨਪੁਟਸ ਜਿਵੇਂ ਕਿ ਖਾਦਾਂ, ਦਵਾਈਆਂ ਆਦਿ ਸਹਾਇਤਾ ਦੇ ਤੌਰ ‘ਤੇ ਦਿੱਤੇ ਜਾਣਗੇ।

ਸੰਗਰੂਰ ਦੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬਸਿਡੀ ” ਪਹਿਲਾਂ ਆਓ, ਪਹਿਲਾਂ ਪਾਓ ” ਦੇ ਆਧਾਰ ਤੇ ਕਿਸਾਨਾਂ ਨੂੰ ਦਿੱਤੀ ਜਾਵੇਗੀ।ਇਹ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਖੇਤੀ ਵਿੱਚ ਨਵੀਂ ਉਮੀਦ ਜਗਾਉਣ ਦਾ ਮੌਕਾ ਹੈ। ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਕੋਈ ਸਰਕਾਰ ਅਜਿਹੀ ਪ੍ਰੋਤਸਾਹਨ ਰਾਸ਼ੀ ਦੇ ਰਹੀ ਹੈ।

ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀਬਾੜੀ ਵਿਭਾਗ ਨਾਲ ਮਿਲ ਕੇ ਮੱਕੀ ਦੀ ਖੇਤੀ ਨੂੰ ਨਵੀਂ ਉਚਾਈਆਂ ‘ਤੇ ਲੈ ਜਾਣ ਵਿੱਚ ਸਹਿਯੋਗ ਕਰਨ। ਉਹਨਾਂ ਕਿਹਾ ਕਿ ਕਿਸਾਨ ਵੀਰ ਵਧੇਰੇ ਜਾਣਕਾਰੀ ਲਈ ਖੇਤੀਬਾੜੀ ਵਿਕਾਸ ਅਧਿਕਾਰੀ, ਬਲਾਕ ਖੇਤੀਬਾੜੀ ਅਫਸਰ ਅਤੇ ਆਪਣੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਨਾਲ ਵੀ ਸੰਪਰਕ ਕਰ ਸਕਦੇ ਹਨ।

ਜ਼ਿਲ੍ਹਾ ਸੰਗਰੂਰ ਦੇ ਮੁੱਖ ਖੇਤੀਬਾੜੀ ਅਫ਼ਸਰ ਧਰਮਿੰਦਰਜੀਤ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਸੰਗਰੂਰ ਵਿੱਚ 9 ਜੂਨ ਤੋਂ ਝੋਨੇ ਦੀ ਬਿਜਾਈ ਸ਼ੁਰੂ ਹੋਣੀ ਹੈ। ਮੱਕੀ ਦੀ ਬਿਜਾਈ ਜੂਨ ਮਹੀਨੇ ਦੀ ਅਖੀਰ ਤੱਕ ਕੀਤੀ ਜਾ ਸਕਦੀ ਹੈ। ਜਿਸ ਲਈ ਉਹਨਾਂ ਕਿਸਾਨਾਂ ਨੂੰ ਅਪੀਲ ਕਿ ਉਹ ਝੋਨੇ ਦੀ ਬਿਜਾਏ ਮੱਕੀ ਬੀਜਣ ਨੂੰ ਪਹਿਲ ਦੇਣ। ਜ਼ਿਲ੍ਹਾ ਸੰਗਰੂਰ ਦੇ ਕਿਸਾਨਾਂ ਨੂੰ ਮੱਕੀ ਦੀ ਫ਼ਸਲ ਵੇਚਣ ਵਿੱਚ ਕੋਈ ਵੀ ਦਿੱਕਤ ਪੇਸ਼ ਨਹੀਂ ਆਵੇਗੀ, ਕਿਉਂਕਿ ਪੰਜਾਬ ਵਿੱਚ ਵੀ ਕਈ ਜਗ੍ਹਾ ਐਥਾਨੋਲ ਦੀਆਂ ਫੈਕਟਰੀਆਂ ਲੱਗ ਚੁੱਕੀਆਂ ਹਨ।

 

Media PBN Staff

Media PBN Staff

Leave a Reply

Your email address will not be published. Required fields are marked *