ਅਜੋਕੇ ਦੌਰ ‘ਚ ਅੰਧ ਵਿਸ਼ਵਾਸ਼, ਆਰਥਿਕ ਮਾਨਸਿਕ ਤੌਰ ਤੇ ਹੀ ਨਹੀਂ, ਬਲਕਿ ਸਰੀਰਕ ਤੌਰ ਤੇ ਵੀ ਘਾਤਕ ਸਾਬਤ ਹੋ ਰਿਹੈ
ਸਾਡੇ ਪੂਰਵਜ ਅਤੇ ਅਜੋਕਾ ਸਮਾਜ, ਅਸਲ ਅੰਧ ਵਿਸ਼ਵਾਸੀ ਕੌਣ-ਜਸਵੀਰ ਸੋਨੀ
ਬੁਢਲਾਡਾ
ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਬੁਢਲਾਡਾ ਵੱਲੋਂ, ਸੰਤ ਬਾਬਾ ਅਤਰ ਸਿੰਘ, ਸੀਨੀਅਰ ਸਕੈਡੰਰੀ ਸਕੂਲ ਹਰਿਆਓ ਵਿਖੇ ਵਿਦਿਆਰਥੀਆਂ ਦੇ ਰੂਬਰੂ ਵਿਗਿਆਨਕ ਵਿਸੇ ਤੇ ਪ੍ਰੋਗਰਾਮ ਕੀਤਾ ਗਿਆ। ਜਿਸ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਤਰਕਸ਼ੀਲ ਆਗੂ ਜਸਵੀਰ ਸੋਨੀ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਅੰਧ ਵਿਸ਼ਵਾਸ਼, ਆਰਥਿਕ ਮਾਨਸਿਕ ਤੌਰ ਤੇ ਹੀ ਨਹੀਂ ਬਲਕਿ ਸਰੀਰਕ ਤੌਰ ਤੇ ਵੀ ਘਾਤਕ ਸਾਬਤ ਹੋ ਰਹੇ ਹਨ। ਪੰਜਾਬ ਵਰਗੇ ਖੁਸ਼ਹਾਲ ਸੂਬੇ ਵਿਚ ਵੀ ਮਨੁੱਖੀ ਜਾਨਾਂ ਦੀ ਬਲੀ ਲਈ ਜਾ ਰਹੀ ਹੈ, ਜਿਸ ਦਾ ਸ਼ਿਕਾਰ ਛੋਟੇ ਮਾਸੂਮ ਬੱਚੇ ਹੋ ਰਹੇ ਹਨ।
ਭੂਤ ਕੱਢਣ ਦੇ ਨਾਂ ਤੇ ਹਤਿਆਵਾਂ ਹੋ ਰਹੀਆਂ ਹਨ। ਬੇਸ਼ੱਕ ਅੱਜ ਇਸ ਗੱਲ ਦਾ ਬੜਾ ਪ੍ਰਚਾਰ ਕੀਤਾ ਜਾ ਰਿਹਾ ਹੈ, ਕਿ ਸਾਡਾ ਸਮਾਜ ਇਕਵੀਂ ਸਦੀ ਵਿੱਚ ਜੀ ਰਿਹਾ ਹੈ ਲੋਕ ਪੜ੍ਹ ਲਿਖ ਗਏ ਹਨ। ਪਰ ਇਸ ਪੜੇ ਲਿਖੇ ਸਮਾਜ ਦੀ ਮਾਨਸਿਕਤਾ ਦਾ ਨਮੂਨਾ 2020 ਵਿੱਚ ਕਰੋਨਾ ਸਮੇਂ ਵੇਖਣ ਨੂੰ ਮਿਲਿਆ, ਜਦੋਂ ਲੋਕ ਕਰੋਨਾ ਤੋਂ ਛੁਟਕਾਰਾ ਪਾਉਣ ਲਈ ਤਾਲੀਆਂ ਥਾਲੀਆਂ ਖੜਕਾ ਰਹੇ ਸਨ, ਤੇ ਮੋਮਬੱਤੀਆਂ ਜਗਾ ਰਹੇ ਸਨ।
ਦੁਨੀਆਂ ਇਸ ਪੜੇ ਲਿਖੇ ਸਮਾਜ ਨੂੰ ਵੇਖ ਹੱਸ ਰਹੀ ਸੀ, ਅੱਜ ਵੀ ਪੜੇ ਲਿਖੇ ਲੋਕ ਪਾਖੰਡੀ ਬਾਬਿਆਂ ਦੀਆਂ ਚੌਂਕੀਆਂ ਭਰਦੇ ਅਤੇ ਜ਼ਿੰਦਗੀ ਵਿਚ ਹੋਣ ਵਾਲੀਆਂ ਆਮ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਅਨਪੜ੍ਹ ਚੇਲਿਆਂ ਤਾਂਤਰਿਕਾਂ ਦੇ ਚੌਂਕੀਆਂ ਭਰਦੇ ਆਮ ਵੇਖੇ ਜਾ ਸਕਦੇ ਹਨ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੰਗੀ ਅਤੇ ਖੁਸ਼ਹਾਲ ਜ਼ਿੰਦਗੀ ਜਿਉਣ ਦਾ ਸਹੀ ਰਾਸਤਾ ਵਿਗਿਆਨਕ ਸੋਚ ਦਾ ਧਾਰਨੀ ਹੋਣਾ ਹੈ, ਵਿਗਿਆਨਕ ਸੋਚ ਤੇ ਚੱਲਦਾ ਮਨੁੱਖ ਜ਼ਿੰਦਗੀ ਦੀਆਂ ਹਰ ਮੁਸ਼ਕਲਾਂ ਆਸਾਨੀ ਨਾਲ ਪਾਰ ਕਰ ਜਾਂਦਾ ਹੈ।
ਮੈਜਿਕ ਟ੍ਰਿਕ ਵਿਖਾਉਂਦੇ ਹੋਏ ਦੱਸਿਆ ਕਿ ਇਹ ਇੱਕ ਕਲਾ ਹੈ, ਤੇ ਇਸ ਨੂੰ ਕੋਈ ਵੀ ਸਿੱਖ ਸਕਦਾ ਹੈ, ਪਰ ਜਦੋਂ ਇਹ ਕੁੱਝ ਚਾਲਾਕ ਲੋਕਾਂ ਦੇ ਹੱਥ ਵਿੱਚ ਆ ਜਾਂਦੀ ਹੈ ਤਾਂ ਉਹ ਇਸ ਨੂੰ ਗੈਬੀ ਸ਼ਕਤੀਆਂ ਨਾਲ ਜੋੜ ਕੇ ਲੋਕਾਂ ਦੀ ਆਰਥਿਕ ਮਾਨਸਿਕ ਲੁੱਟ ਕਰਨੀ ਸ਼ੁਰੂ ਕਰ ਦਿੰਦੇ ਹਨ, ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਪਾਖੰਡੀ ਬਾਬਿਆਂ ਦੀ ਭਰਮਾਰ ਹੈ, ਕੋਈ ਬਰਫ਼ ਤੇ ਦੁੱਧ ਉਬਾਲ ਰਿਹਾ ਹੈ ਤੇ ਕੋਈ ਸ਼ਰਾਬ ਨੂੰ ਪਾਣੀ ਵਿੱਚ ਬਦਲ ਰਿਹਾ ਹੈ, ਜੋ ਇੱਕ ਕੈਮੀਕਲ ਟ੍ਰਿਕ ਹੈ, ਪਰ ਲੋਕ ਇਸ ਨੂੰ ਚਮਤਕਾਰ ਮੰਨ ਰਹੇ ਹਨ।
ਇਸ ਮੌਕੇ ਇਕਾਈ ਦੇ ਵਿੱਤ ਵਿਭਾਗ ਮੁਖੀ ਸੁਖਵੀਰ ਬੱਛੋਆਣਾ ਨੇ ਵੀ ਤਰਕਸ਼ੀਲਤਾ ਦਾ ਹੋਕਾ ਦਿੰਦਿਆਂ ਵਿਦਿਆਰਥੀਆਂ ਨੂੰ ਤਰਕਸ਼ੀਲ ਸੋਚ ਦੇ ਧਾਰਨੀ ਬਣਦਿਆਂ, ਤਰਕਸ਼ੀਲ ਸੁਸਾਇਟੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਸਕੂਲ ਚੇਅਰਮੈਨ, ਮੈਡਮ ਜਸਪਾਲ ਕੌਰ ਵੱਲੋਂ ਤਰਕਸ਼ੀਲ ਟੀਮ ਨੂੰ ਜੀ ਆਇਆਂ ਕਿਹਾ, ਪ੍ਰਿੰਸੀਪਲ, ਮੈਡਮ ,ਗੁਰਮੀਤ ਕੌਰ ਨੇ ਤਰਕਸ਼ੀਲ ਟੀਮ ਦੀ ਜਾਣ ਪਹਿਚਾਣ ਕਰਵਾਉਂਦਿਆਂ ਸਟੇਜ ਸੰਚਾਲਨ ਕੀਤਾ, ਕਰਮਜੀਤ ਸਿੰਘ, ਆਕਾਸ਼ ਸਿੰਘ ਅਤੇ ਸਮੂਹ ਸਟਾਫ ਨੇ ਤਰਕਸ਼ੀਲ ਸੁਸਾਇਟੀ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ, ਸਕੂਲ ਪ੍ਰਧਾਨ ਵਾਸਦੇਵ ਨੇ ਬੁਢਲਾਡਾ ਇਕਾਈ ਨੂੰ 1000 / ਰੁਪਏ ਨਕਦ ਸਹਾਇਤਾ ਫੰਡ ਦਿੱਤਾ।