Colombia Breaking: ਰਾਸ਼ਟਰਪਤੀ ਉਮੀਦਵਾਰ ਨੂੰ ਚੋਣ ਪ੍ਰਚਾਰ ਦੌਰਾਨ ਮਾਰੀਆਂ ਗੋਲੀਆਂ
ਘਟਨਾ ਤੋਂ ਬਾਅਦ ਕਰਵਾਇਆ ਗਿਆ ਹਸਪਤਾਲ ਦਾਖਲ, ਹਾਲਤ ਨਾਜ਼ੁਕ…
World News-
ਚੋਣ ਪ੍ਰਚਾਰ ਦੌਰਾਨ ਦੱਖਣੀ ਅਮਰੀਕੀ ਦੇਸ਼ ਕੋਲੰਬੀਆ ਵਿੱਚ ਰਾਸ਼ਟਰਪਤੀ ਉਮੀਦਵਾਰ ਮਿਗੁਏਲ ਉਰੀਬੇ ਨੂੰ ਗੋਲੀ ਮਾਰ ਦਿੱਤੀ ਗਈ। ਇਹ ਘਟਨਾ ਸ਼ਨੀਵਾਰ ਸ਼ਾਮ ਨੂੰ ਸਥਾਨਕ ਸਮੇਂ ਅਨੁਸਾਰ ਵਾਪਰੀ। ਘਟਨਾ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਾਲਤ ਨਾਜ਼ੁਕ ਬਣੀ ਹੋਈ ਹੈ।
ਜਾਣਕਾਰੀ ਅਨੁਸਾਰ, ਉਰੀਬੇ ਰਾਜਧਾਨੀ ਬੋਗੋਟਾ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਕੋਲੰਬੀਆ ਵਿੱਚ 2026 ਵਿੱਚ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਮਿਗੁਏਲ ਉਰੀਬੇ ਨੂੰ ਰਾਸ਼ਟਰਪਤੀ ਅਹੁਦੇ ਲਈ ਇੱਕ ਪ੍ਰਮੁੱਖ ਦਾਅਵੇਦਾਰ ਮੰਨਿਆ ਜਾਂਦਾ ਹੈ। 39 ਸਾਲਾ ਉਰੀਬੇ ਵਿਰੋਧੀ ਸੈਂਟਰੋ ਡੈਮੋਕ੍ਰੇਟਿਕੋ ਕੰਜ਼ਰਵੇਟਿਵ ਪਾਰਟੀ ਦਾ ਮੈਂਬਰ ਹੈ।
ਪਾਰਟੀ ਨੇ ਆਪਣੇ ਇੱਕ ਜਾਰੀ ਬਿਆਨ ਵਿੱਚ ਕਿਹਾ ਕਿ ਹਮਲਾਵਰ ਨੇ ਉਰੀਬੇ ਨੂੰ ਸੰਬੋਧਨ ਕਰਦੇ ਸਮੇਂ ਪਿੱਠ ਵਿੱਚ ਗੋਲੀ ਮਾਰ ਦਿੱਤੀ। ਬੋਗੋਟਾ ਦੇ ਮੇਅਰ ਕਾਰਲੋਸ ਗਾਲਾਨ ਨੇ ਕਿਹਾ ਕਿ ਹਮਲਾ ਸ਼ਹਿਰ ਦੇ ਫੋਂਟੀਬੋਨ ਖੇਤਰ ਵਿੱਚ ਹੋਇਆ। ਉਰੀਬੇ ਦੀ ਹਾਲਤ ਨੂੰ ਦੇਖਦੇ ਹੋਏ ਸ਼ਹਿਰ ਭਰ ਦੇ ਹਸਪਤਾਲਾਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ।
ਹਾਲਾਂਕਿ ਹੁਣ ਤੱਕ ਦੀ ਰਿਪੋਰਟ ਅਨੁਸਾਰ ਪੁਲਿਸ ਨੇ ਦੋਸ਼ੀ ਹਮਲਾਵਰ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਦੂਜੇ ਪਾਸੇ ਕੋਲੰਬੀਆ ਵਿੱਚ ਰਾਸ਼ਟਰਪਤੀ ਉਮੀਦਵਾਰ ‘ਤੇ ਹੋਏ ਇਸ ਹਮਲੇ ਦੀ ਦੁਨੀਆ ਭਰ ਵਿਚ ਨਿੰਦਾ ਹੋ ਰਹੀ ਹੈ।