ਵੱਡੀ ਖ਼ਬਰ: ਭਾਰਤ ‘ਚ ਏਅਰ ਇੰਡੀਆ ਦਾ ਜਹਾਜ਼ ਕ੍ਰੈਸ਼! 242 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ? (ਵੇਖੋ ਵੀਡੀਓ)
ਨੈਸ਼ਨਲ ਡੈਸਕ, ਨਵੀਂ ਦਿੱਲੀ –
ਵੀਰਵਾਰ ਦੁਪਹਿਰ ਨੂੰ ਅਹਿਮਦਾਬਾਦ ਹਵਾਈ ਅੱਡੇ ਦੇ ਨੇੜੇ ਮੇਘਨਾਨੀ ਨਗਰ ਇਲਾਕੇ ਵਿੱਚ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਫਾਇਰ ਅਫਸਰ ਜਯੇਸ਼ ਖਾਡੀਆ ਨੇ ਦੱਸਿਆ ਕਿ ਜਹਾਜ਼ ਦੇ ਡਿੱਗਣ ਤੋਂ ਬਾਅਦ ਇਸ ਵਿੱਚ ਅੱਗ ਲੱਗ ਗਈ ਅਤੇ ਅੱਗ ਬੁਝਾਉਣ ਲਈ ਫਾਇਰ ਇੰਜਣਾਂ ਨੂੰ ਮੌਕੇ ‘ਤੇ ਭੇਜਿਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਏਅਰ ਇੰਡੀਆ ਦਾ ਬੋਇੰਗ ਡ੍ਰੀਮਲਾਈਨਰ 787 ਜਹਾਜ਼, ਜੋ ਕਿ ਅਹਿਮਦਾਬਾਦ ਤੋਂ ਲੰਡਨ ਜਾ ਰਿਹਾ ਸੀ, ਟੇਕਆਫ ਤੋਂ ਤੁਰੰਤ ਬਾਅਦ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਵਿੱਚ ਚਾਲਕ ਦਲ ਸਮੇਤ ਕੁੱਲ 242 ਲੋਕ ਸਵਾਰ ਸਨ। ਹਾਦਸੇ ਤੋਂ ਬਾਅਦ ਜਹਾਜ ਵਿੱਚੋਂ ਕਾਲੇ ਧੂੰਏਂ ਦੇ ਬੱਦਲ ਉੱਠਦੇ ਵੇਖੇ ਗਏ।
ਹਾਲਾਂਕਿ, ਇਸ ਹਾਦਸੇ ਵਿੱਚ ਕਿੰਨੇ ਲੋਕ ਜ਼ਖਮੀ ਜਾਂ ਮਾਰੇ ਗਏ ਹਨ, ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ, ਅਤੇ ਕਈ ਐਂਬੂਲੈਂਸਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ, ਗ੍ਰਹਿ ਮੰਤਰੀ ਅਤੇ ਡੀਜੀਪੀ ਨਾਲ ਗੱਲ ਕੀਤੀ ਹੈ ਅਤੇ ਹਾਦਸੇ ਬਾਰੇ ਮੁੱਢਲੀ ਜਾਣਕਾਰੀ ਲਈ ਹੈ।
ਵੇਖੋ ਵੀਡੀਓ
ਹਾਦਸੇ ਕਾਰਨ ਅਹਿਮਦਾਬਾਦ ਹਵਾਈ ਅੱਡੇ ‘ਤੇ ਹਵਾਈ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਹਵਾਬਾਜ਼ੀ ਮੰਤਰਾਲੇ ਅਤੇ ਸਿਵਲ ਏਵੀਏਸ਼ਨ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਇੱਕ ਉੱਚ-ਪੱਧਰੀ ਜਾਂਚ ਕਮੇਟੀ ਬਣਾਈ ਹੈ।