All Latest NewsNews FlashPunjab News

ਸਾਵਧਾਨ ਪੰਜਾਬੀਓ! ਘਰਦੀ ਕੱਢੀ ਦੇਸੀ ਦਾਰੂ ਪੀਣ ਨਾਲ ਹੋ ਜਾਂਦੀ ਐ ਮੌਤ…! ਸਰਕਾਰ ਨੇ ਜਾਰੀ ਕੀਤੇ ਸਖ਼ਤ ਹੁਕਮ

 

ਮੀਥੇਨੌਲ ਦੀ ਦੁਰਵਰਤੋਂ ਘਾਤਕ, ਘਰਦੀ ਕੱਢੀ – ਗ਼ੈਰ-ਕਾਨੂੰਨੀ ਸ਼ਰਾਬ ਮੌਤ ਦਾ ਕਾਰਨ, ਸਾਵਧਾਨ ਰਹਿਣ ਲੋਕ

-ਜ਼ਿਲ੍ਹਾ ਪਟਿਆਲਾ ਵਿੱਚ ਸਿਹਤ ਵਿਭਾਗ ਵੱਲੋਂ ਜੋਨਲ ਡਰੱਗ ਲਾਇਸੈਂਸਿੰਗ ਅਥਾਰਟੀ ਦੀ ਮਦਦ ਨਾਲ ਚਲਾਈ ਜਾਵੇਗੀ ਜਾਗਰੂਕਤਾ ਮੁਹਿੰਮ

-ਮੀਥੇਨੌਲ ਯੁਕਤ ਉਦਯੋਗਿਕ ਉਤਪਾਦਾਂ ਦੀ ਸੰਭਾਲ ਤੇ ਰੱਖ-ਰਖਾਓ ਵੀ ਧਿਆਨ ਨਾਲ ਬੱਚਿਆਂ ਦੀ ਪਹੁੰਚ ਤੋਂ ਦੂਰ ਕੀਤਾ ਜਾਵੇ

ਪਟਿਆਲਾ

ਮੀਥੇਨੌਲ ਦੀ ਦੁਰਵਰਤੋਂ ਘਾਤਕ ਹੈ, ਅਤੇ ਇਸ ਤੋਂ ਬਣਨ ਵਾਲੀ ਗ਼ੈਰ-ਕਾਨੂੰਨੀ ਸ਼ਰਾਬ ਸੇਵਨ ਕਰਨਾ ਮੌਤ ਦਾ ਕਾਰਨ ਬਣ ਸਕਦੀ ਹੈ, ਇਸ ਲਈ ਸ਼ਰਾਬ ਸੇਵਨ ਕਰਨ ਵਾਲੇ ਲੋਕ ਸਾਵਧਾਨ ਰਹਿਣ।

ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ, ਕਿ ਉਹ ਜੋ਼ਨਲ ਡਰੱਗ ਲਾਇਸੈਂਸਿੰਗ ਅਥਾਰਟੀ ਨਾਲ ਮਿਲਕੇ ਜਾਗਰੂਕਤਾ ਮੁਹਿੰਮ ਚਲਾਈ ਜਾਵੇ ਤਾਂ ਕਿ ਜ਼ਿਲ੍ਹੇ ਅੰਦਰ ਮੀਥੇਨੌਲ ਦੀ ਗ਼ੈਰਕਾਨੂੰਨੀ ਵਰਤੋਂ ਨਾ ਹੋਵੇ ਅਤੇ ਇਸ ਜ਼ਹਿਰ ਤੋਂ ਬਣੀ ਸ਼ਰਾਬ ਵੀ ਕੋਈ ਸੇਵਨ ਨਾ ਕਰੇ।

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਕੁਮਾਰ ਰਾਹੁਲ ਵੱਲੋਂ ਜਾਰੀ ਪੱਤਰ ਦੇ ਹਵਾਲੇ ਨਾਲ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਪੋਆਇਜ਼ਨਸ ਐਕਟ 1919, ਪੰਜਾਬ ਪੋਆਇਜ਼ਨਸ ਪੋਜੈਸ਼ਨ ਐਂਡ ਸੇਲ ਰੂਲਜ 2014 ਐਂਡ ਅਮੈਂਡਮੈਂਟ ਨੋਟੀਫਿਕੇਸ਼ਨ ਮਿਤੀ 17 ਫਰਵਰੀ 2025 ਤਹਿਤ ਬਿਨ੍ਹਾਂ ਲਾਇਸੈਂਸ ਤੋਂ ਮੀਥੇਨੌਲ ਦੀ ਵਿਕਰੀ ਜਾਂ ਸਟਾਕ ਜਮ੍ਹਾਂ ਨਹੀਂ ਹੋ ਸਕਦਾ।

ਇਸ ਲਈ ਇਸ ਜਹਿਰੀਲੇ ਪਦਾਰਥ ਦੀ ਵਰਤੋਂ ਗ਼ੈਰ ਸਮਾਜੀ ਅਨਸਰ ਗ਼ੈਰਕਾਨੂੰਨੀ ਤੇ ਨਾਜਾਇਜ਼ ਸ਼ਰਾਬ ਬਣਾਉਣ ਲਈ ਕਰਕੇ ਅਜਿਹੀ ਸ਼ਰਾਬ ਮੁਨਾਫ਼ਾ ਕਮਾਉਣ ਲਈ ਅੱਗੇ ਵੇਚ ਸਕਦੇ ਹਨ, ਜਿਸ ਲਈ ਸ਼ਰਾਬ ਦਾ ਸੇਵਨ ਕਰਨ ਵਾਲੇ ਲੋਕ ਚੌਕਸ ਰਹਿਣ ਅਤੇ ਗ਼ੈਰਕਾਨੂੰਨੀ ਸ਼ਰਾਬ ਦਾ ਸੇਵਨ ਕਿਸੇ ਵੀ ਹਾਲਤ ਵਿੱਚ ਨਾ ਕਰਨ, ਕਿਉਂਕਿ ਅਜਿਹਾ ਕਰਨਾ ਜਾਨਲੇਵਾ ਹੋ ਸਕਦਾ ਹੈ।

ਇਸੇ ਦੌਰਾਨ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸੁਮੀਤ ਸਿੰਘ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਮੀਥੇਨੌਲ ਜ਼ਹਿਰ ਦੇ ਖ਼ਤਰਿਆਂ ਬਾਰੇ ਜਾਗਰੂਕ ਹੋਣਾ ਜਰੂਰੀ ਹੈ, ਕਿਉਂਕਿ ਇਸ ਤੋਂ ਗੈਰ-ਕਾਨੂੰਨੀ ਸ਼ਰਾਬ ਦੀ ਬਣਨ ਦੇ ਮਾਮਲੇ ਸਾਹਮਣੇ ਆਏ ਹਨ, ਪਰੰਤੂ ਅਜਿਹੀ ਸ਼ਰਾਬ ਦਾ ਸੇਵਨ ਕਰਨਾ ਇੱਕ ਮਹੱਤਵਪੂਰਨ ਚਿੰਤਾ ਦਾ ਵਿਸ਼ਾ ਹੈ। ਕਿਉਂਕਿ ਗ਼ੈਰ-ਕਾਨੂੰਨੀ ਬਣਾਈ ਗਈ ਸ਼ਰਾਬ ਵਿੱਚ ਮੀਥੇਨੌਲ ਦੀ ਮੌਜੂਦਗੀ ਨਾਲ ਗੰਭੀਰ ਸਿਹਤ ਨਤੀਜੇ ਹੋ ਸਕਦੇ ਹਨ, ਜਿਸ ਵਿੱਚ ਅੰਨ੍ਹਾਪਣ ਅਤੇ ਮੌਤ ਵੀ ਹੋ ਸਕਦੀ ਹੈ।

ਸਿਹਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਜੇਕਰ ਅਜਿਹੀ ਮੀਥੇਨੌਲ ਵਾਲੀ ਗ਼ੈਰਕਾਨੂੰਨੀ ਸ਼ਰਾਬ ਕੋਈ ਵੀ ਸੇਵਨ ਕਰ ਲਵੇ ਤਾਂ ਉਸ ਨੂੰ ਮੀਥੇਨੌਲ ਜ਼ਹਿਰ ਕਰਕੇ ਚੱਕਰ ਆਉਣਗੇ, ਉਲਟੀਆਂ ਲੱਗਣਗੀਆਂ, ਸਿਰ ਦਰਦ, ਮਤਲੀ, ਧੁੰਦਲੀ ਜਾਂ ਦੋਹਰੀ ਨਜ਼ਰ ਅਤੇ ਪੇਟ ਦਰਦ ਵਰਗੇ ਲੱਛਣ ਪੈਦਾ ਹੋਣਗੇ ਅਤੇ ਅਜਿਹੇ ਵਿਅਕਤੀਆਂ ਨੂੰ ਤੁਰੰਤ ਡਾਕਟਰੀ ਸਹਾਇਤਾ ਲੈਣ ਦੀ ਲੋੜ ਹੁੰਦੀ ਹੈ।ਕਿਉਂਕਿ ਅਜਿਹੇ ਵਿਅਕਤੀਆਂ ਨੂੰ ਗੰਭੀਰ ਐਸਿਡੋਸਿਸ, ਆਪਟਿਕ ਨਰਵ ਨੂੰ ਨੁਕਸਾਨ, ਗੁਰਦੇ ਨੂੰ ਨੁਕਸਾਨ, ਅਤੇ ਕੇਂਦਰੀ ਨਸ ਪ੍ਰਣਾਲੀ ਦਾ ਕੰਮ ਬੰਦ ਕਰਨਾ, ਦਿਮਾਗੀ ਸੋਜ, ਖੂਨ ਵਹਿਣਾ, ਅਤੇ ਮੌਤ ਵਰਗੇ ਨੁਕਸਾਨ ਹੋ ਸਕਦੇ ਹਨ।

ਇਸ ਲਈ ਆਮ ਲੋਕ ਕਿਸੇ ਵੀ ਤਰ੍ਹਾਂ ਦੀ ਘਰੇਲੂ ਸ਼ਰਾਬ ਤੋਂ ਬਚਣ ਤੇ ਘਰਾਂ ਵਿੱਚ ਕੱਢੀ ਸ਼ਰਾਬ ਜਾਂ ਗ਼ੈਰ ਕਾਨੂੰਨੀ ਤੇ ਨਾਜਾਇਜ਼ ਸ਼ਰਾਬ ਜਾਂ ਸਪਿਰਿਟ ਜਾਂ ਅਨਿਯੰਤ੍ਰਿਤ ਅਲਕੋਹਲ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਵੀ ਖਾਸ ਧਿਆਨ ਰੱਖਿਆ ਜਾਵੇ ਕਿ ਸ਼ਰਾਬ ਦੀ ਬੋਤਲ ਦੀ ਸੀਲ ਟੁੱਟੀ ਹੋਈ ਤਾਂ ਨਹੀਂ ਅਤੇ ਲੇਬਲ ਜਾਇਜ਼ ਦਿਖਾਈ ਦਿੰਦਾ ਹੈ।

ਇਸ ਤੋਂ ਬਿਨ੍ਹਾਂ ਜਦੋਂ ਮੀਥੇਨੌਲ ਨੂੰ ਉਦਯੋਗਿਕ ਉਤਪਾਦਾਂ ਵਿੱਚ ਵਰਤਿਆ ਜਾਵੇ, ਜਿਵੇਂ ਕਿ ਕੁਝ ਪੇਂਟ, ਵਾਰਨਿਸ਼ ਅਤੇ ਚਿਪਕਣ ਵਾਲੇ ਪਦਾਰਥਾਂ ਵਿੱਚ ਵੀ ਇਸ ਨੂੰ ਪਾਇਆ ਜਾਂਦਾ ਹੈ, ਤਾਂ ਇਹਨਾਂ ਉਤਪਾਦਾਂ ਨੂੰ ਸੰਭਾਲਦੇ ਸਮੇਂ ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਵੀ ਯਕੀਨੀ ਬਣਾਂਈ ਜਾਵੇ। ਇਸ ਦੀ ਸਹੀ ਸਟੋਰੇਜ ਤੇ ਸੰਭਾਲ ਹੋਵੇ ਅਤੇ ਮੀਥੇਨੌਲ ਵਾਲੇ ਉਤਪਾਦਾਂ ਨੂੰ ਬੱਚਿਆਂ ਤੋਂ ਦੂਰ ਅਤੇ ਇੱਕ ਚੰਗੀ ਤਰ੍ਹਾਂ ਹਵਾਦਾਰ ਖੇਤਰ ਵਿੱਚ ਹੀ ਸਟੋਰ ਕੀਤਾ ਜਾਵੇ।

 

Leave a Reply

Your email address will not be published. Required fields are marked *