All Latest NewsNews FlashPunjab News

ਕਾਮਰੇਡ ਸੱਤਪਾਲ ਡਾਂਗ ਨੂੰ ਯਾਦ ਕਰਦਿਆਂ…!

 

ਮਹਾਨ ਕਰਾਂਤੀਕਾਰੀ ਆਗੂ ਕਾ ਸੱਤਪਾਲ ਡਾਂਗ ਜੀ ਦੇਸ਼ ਦੀ ਰਾਜਨੀਤੀ ਦੇ ਉਸ ਅਧਿਆਏ ਦਾ ਚਮਕਦਾ ਸੂਰਜ ਸੀ ਜਿਸ ਨੇ ਆਪਣੀ ਜ਼ਿੰਦਗੀ ਦਾ ਪੰਧ ਅੰਗਰੇਜੀ ਸਾਮਰਾਜ ਦੇ ਜੂਲੇ ਨੂੰ ਦੇਸ਼ ਦੇ ਗਲੋਂ ਲਾਹੁਣ ਲਈ ਆਪਣੀ ਭਰ ਜਵਾਨੀ ਵਿਦਿਆਰਥੀ ਜੀਵਨ ਵਿੱਚ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਕਾਰਕੁੰਨ ਦੇ ਤੌਰ ਤੇ ਸਫਰ ਸ਼ੁਰੂ ਕੀਤਾ! ਆਪਣੀ ਸਾਰੀ ਜ਼ਿੰਦਗੀ ਲੋਕ ਘੋਲਾਂ ਨੂੰ ਸਮਰਪਿਤ ਇਹ ਯੋਧਾ ਰਾਜਨੀਤੀ ਅੰਦਰ ਵਿਲੱਖਣ ਪੈੜਾਂ ਛੱਡ ਕੇ ਗਿਆ!

ਸਾਥੀ ਡਾਂਗ ਦਾ ਜਨਮ 4 ਅਕਤੂਬਰ 1920 ਨੂੰ ਪਿੰਡ ਰਾਮਨਗਰ (ਰਸੂਲ ਨਗਰ) ਜ਼ਿਲਾ ਗੁਜਰਾਂਵਾਲਾ ਪਾਕਿਸਤਾਨ ਵਿਖੇ ਹੋਇਆ ! ਆਪਣੀ ਮੁਢਲੀ ਵਿਦਿਆ 8 ਵੀਂ ਤੱਕ ਪਿੰਡ ਤੋਂ ਗ੍ਰਹਿਣ ਕਰਨ ਅਤੇ10 ਵੀਂ ਲਾਇਲਪੁਰ ਤੋਂ ਕਰਨ ਬਾਅਦ ਲਹੌਰ ਕਾਲਜ ਵਿਖੇ ਬੀ,ਏ, ਵਿੱਚ ਦਾਖਲਾ ਲਿਆ ! ਉਸ ਸਮੇਂ ਪੂਰੇ ਦੇਸ਼ ਅੰਦਰ ਅੰਗਰੇਜ ਸਾਮਰਾਜ ਦਾ ਗੁਲਾਮੀ ਦਾ ਜੂਲਾ ਗਲੋਂ ਲਾਹੁਣ ਲਈ ਵਿਦਿਆਰਥੀਆਂ ਨੌਜਵਾਨਾਂ ਦਾ ਖੂਨ ਉਬਾਲੇ ਖਾ ਰਿਹਾ ਸੀ !

ਯੂਨੀਵਰਸਿਟੀ ਕਾਲਜਾਂ ਅੰਦਰ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ( ਜਿਸ ਦੀ ਸਥਾਪਨਾ 1936 ਵਿੱਚ ਹੋਈ ਸੀ) ਇਸ ਮੁਹਾਜ ਉੱਤੇ ਪੂਰੀ ਤਰ੍ਹਾਂ ਸਰਗਰਮ ਸੀ ! ਲਾਹੌਰ ਕਾਲਜ ਅੰਦਰ ਪੜਦਿਆਂ ਹੀ ਡਾਂਗ ਹੁਣੀ ਸਟੂਡੈਂਟ ਫੈਡਰੇਸ਼ਨ ਦੇ ਸਰਗਰਮ ਆਗੂ ਬਣ ਗਏ ! ਇਸ ਕਾਲਜ ਵਿੱਚ ਹੀ ਉਸ ਵੇਲੇ ਜਿਹੜੇ ਵਿਦਿਆਰਥੀ ਕਾ,ਡਾਂਗ ਹੁਣਾਂ ਨਾਲ ਪੜਦੇ ਸਨ ਉਹਨਾਂ ਵਿੱਚ ਐਲ ਕੇ ਅਡਵਾਨੀ, ( ਬੀਜੇਪੀ ਦੇ ਵੱਡੇ ਆਗੂ),ਆਰ ਐਲ ਭਾਟੀਆ( ਅੰਮ੍ਰਿਤਸਰ ਤੋਂ ਛੇ ਵਾਰ ਮੈਂਬਰ ਪਾਰਲੀਮੈਂਟ ਅਤੇ ਕੇਂਦਰ ਵਿੱਚ ਮੰਤਰੀ ਰਹੇ), ਪ੍ਸਿੱਧ ਪੱਤਰਕਾਰ ਖੁਸ਼ਵੰਤ ਸਿੰਘ ਅਤੇ ਪਰੋਫੈਸਰ ਰਣਧੀਰ ਸਿੰਘ ਜੋ ਬਾਅਦ ਵਿੱਚ ਉੱਘੇ ਇਤਿਹਾਸਕਾਰ ਬਣੇ ਸ਼ਾਮਲ ਸਨ !

ਕਾਲਜ ਪੜਦੇ ਸਮੇਂ ਹੀ ਕਾ,ਡਾਂਗ ਹੁਣਾਂ 1940 ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੀ ਮੈਂਬਰਸ਼ਿਪ ਹਾਸਲ ਕਰ ਲਈ ਅਤੇ ਸਾਰੀ ਉਮਰ ਇਸ ਦੇ ਸਿਪਾਹੀ ਰਹੇ !
ਵਿਦਿਆਰਥੀ ਜਥੇਬੰਦੀ ਵਿੱਚ ਸਰਗਰਮ ਭੂਮਿਕਾ ਨਿਭਾਉਣ ਕਾਰਣ 1945 ਵਿੱਚ ਏਆਈਐਸਐਫ ਦੇ ਕੌਮੀ ਜਨਰਲ ਸਕੱਤਰ ਚੁਣੇ ਗਏ ! ਉਸ ਸਮੇਂ ਵਿਦਿਆਰਥੀ ਜਥੇਬੰਦੀ ਦਾ ਹੈੱਡਕੁਆਰਟਰ ਬੰਬਈ ਵਿਖੇ ਹੁੰਦਾ ਸੀ ! ਇਸ ਲਈ ਜਥੇਬੰਦੀ ਦੇ ਕੰਮ ਲਈ ਡਾਂਗ ਹੁਣੀ ਬੰਬਈ ਵਿਖੇ ਆ ਗਏ!

ਜਿਥੇ 1946 ਵਿੱਚ ਸਮੁੰਦਰੀ ਜਹਾਜਾਂ ਦੇ ਫੌਜੀਆਂ ਨੇ ਅੰਗਰੇਜ਼ਾਂ ਖਿਲਾਫ ਬਗਾਵਤ ਕਰ ਦਿੱਤੀ! ਇਸ ਅੰਦੋਲਨ ਦੀ ਕਾ ਡਾਂਗ ਦੀ ਅਗਵਾਈ ਹੇਠ ਵਿਦਿਆਰਥੀ ਜਥੇਬੰਦੀ ਨੇ ਬਹੁਤ ਮਦਦ ਕੀਤੀ ! ਇਸ ਮਦਦ ਕਾਰਣ ਅੰਗਰੇਜ਼ਾਂ ਨੂੰ ਇਹ ਬਗਾਵਤ ਕੁਚਲਣ ਲਈ ਬਹੁਤ ਸਮਾਂ ਲੱਗਾ ! ਇਸ ਘਟਨਾ ਤੋਂ ਬਾਅਦ ਕਾ ਡਾਂਗ ਹੁਣਾਂ ਦਾ ਨਾਮ ਪੂਰੇ ਦੇਸ਼ ਅੰਦਰ ਵੱਡੇ ਆਗੂਆਂ ਵਿੱਚ ਗਿਣਿਆ ਜਾਣ ਲੱਗਾ !

ਇਸੇ ਸਮੇਂ ਹੀ ਭੈਣਜੀ ਵਿਮਲਾ ਬਕਾਇਆ ( ਜੋ ਬਾਅਦ ਵਿੱਚ ਡਾਂਗ ਬਣੀ) ਲਾਹੌਰ ਦੇ ਇੱਕ ਹੋਰ ਕਾਲਜ ਵਿੱਚ ਪੜ ਰਹੀ ਸੀ ! ਅਜ਼ਾਦੀ ਦੇ ਅੰਦੋਲਨ ਕਾਰਨ ਭੈਣ ਜੀ ਵਿਮਲਾ ਵੀ ਵਿਦਿਆਰਥੀ ਜਥੇਬੰਦੀ ਏਆਈਐਸਐਫ ਦੇ ਆਗੂ ਦੇ ਤੌਰ ਤੇ ਸਰਗਰਮ ਸੀ ! ਵਿਦਿਆਰਥੀ ਜਥੇਬੰਦੀ ਵੱਲੋਂ 1943 ਵਿੱਚ ਬੰਗਾਲ ਵਿਖੇ ਪਏ ਭਿਆਨਕ ਕਾਲ ਅੰਦਰ ਲੋਕਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਗਿਆ!

ਇਸ ਵਿੱਚ ਪੂਰੇ ਦੇਸ਼ ਵਿੱਚੋਂ ਵਿਦਿਆਰਥੀ ਜਥੇਬੰਦੀ ਨੇ ਕਾਲ ਪੀੜਿਤਾਂ ਦੀ ਮਦਦ ਲਈ ਲੋਕਾਂ ਕੋਲੋਂ ਫੰਡ ਅਤੇ ਜਰੂਰੀ ਵਸਤਾਂ ਲਈ ਅਪੀਲ ਕੀਤੀ! ਜਿਸ ਦਾ ਜਿਕਰ ਬਾਬਾ ਸੋਹਣ ਸਿੰਘ ਭਕਨਾ ਜੀ ਆਪਣੀ ਸਵੈ ਜੀਵਨੀ ਵਿੱਚ ਭੈਣਜੀ ਵਿਮਲਾ ਵੱਲੋਂ ਆਪਣੀਆਂ ਸਾਥਣਾਂ ਨਾਲ ਫੰਡ ਉਗਰਾਹੀ ਲਈ ਆਉਣ ਬਾਰੇ ਲਿਖਦੇ ਹਨ! ਇਸ ਸਮੇਂ ਵਿਦਿਆਰਥੀ ਜਥੇਬੰਦੀ ਵੱਲੋਂ ਅਕਾਲ ਪੀੜਿਤਾਂ ਦੀ ਕੀਤੀ ਗਈ ਸਹਾਇਤਾ ਨੇ ਦੇਸ਼ ਦੇ ਅਜ਼ਾਦੀ ਅੰਦੋਲਨ ਨੂੰ ਹੋਰ ਤਾਕਤ ਦਿੱਤੀ!

ਇਹਨਾਂ ਸਮਿਆਂ ਅੰਦਰ ਵਿਦਿਆਰਥੀ ਲਹਿਰ ਅੰਦਰ ਕੰਮ ਕਰਦਿਆਂ ਕਾ,ਡਾਂਗ ਅਤੇ ਭੈਣਜੀ ਵਿਮਲਾ ਨੇ ਆਪਸੀ ਸਹਿਮਤੀ ਨਾਲ ਵਿਆਹ ਕਰਵਾਉਣ ਦਾ ਫੈਸਲਾ ਕੀਤਾ ! ਇਸ ਫੈਸਲੇ ਵਿੱਚ ਦੋਹਾਂ ਨੇ ਲੋਕ ਹਿੱਤਾਂ ਨੂੰ ਪਹਿਲ ਦਿੰਦਿਆਂ ਆਪਣੀ ਗ੍ਹਹਿਸਤੀ ਜ਼ਿੰਦਗੀ ਵਿੱਚ ਬੱਚਾ ਨਾ ਪੈਦਾ ਕਰਨ ਦਾ ਫੈਸਲਾ ਕੀਤਾ ! ਇਹ ਫੈਸਲਾ ਸਮਾਜ ਦੀਆਂ ਅੱਖਾਂ ਖੋਲਣ ਵਾਲਾ ਸੀ !

ਲੋਕ ਹਿੱਤਾਂ ਨੂੰ ਪ੍ਣਾਏ ਆਗੂਆਂ ਅੱਗੇ ਆਪਣੀ ਵੰਸ਼ ਵਧਾਉਣ ਨਾਲੋਂ ਸਮਾਜ ਨੂੰ ਬਦਲਣ ਦੀ ਵੱਡੀ ਚਣੌਤੀ ਹੈ ! ਇਸ ਮਿਸ਼ਨ ਨੂੰ ਲੈ ਕਿ ਦੋਹਾਂ ਜਣਿਆਂ ਨੇ 1952 ਵਿੱਚ ਆਪਣਾ ਵਿਆਹ ਬਿਨਾਂ ਸਮਾਜਿਕ ਰਸਮਾਂ ਰਿਵਾਜਾਂ ਤੋਂ ਕਰ ਲਿਆ !ਇਹ ਆਦਰਸ਼ ਜੋੜੀ ਪੂਰੀ ਦੁਨੀਆ ਦੇ ਸਾਹਮਣੇ ਨਿਰਸਵਾਰਥ ਹੋ ਕੇ ਲੋਕ ਹਿੱਤਾਂ ਲਈ ਸਾਰੀ ਜ਼ਿੰਦਗੀ ਜੂਝਦੀ ਰਹੀ!

ਇਸ ਜੋੜੀ ਨੇ ਆਪਣੀ ਜ਼ਿੰਦਗੀ ਦਾ ਅਗਲਾ ਪੰਧ ਮਜ਼ਦੂਰ ਜਮਾਤ ਨੂੰ ਜਥੇਬੰਦ ਕਰਨ ਵਾਸਤੇ ਅੰਮ੍ਰਿਤਸਰ ਜਿਲ੍ਹੇ ਦੇ ਅਤਿ ਪੱਛੜੇ ਇਲਾਕੇ ਛੇਹਾਰਟਾ ਦੀਆਂ ਬਸਤੀਆਂ ਵਿਖੇ 1953 ਵਿੱਚ ਆ ਡੇਰਾ ਲਾਇਆ ! ਜਿਥੇ ਮਜਦੂਰ ਜਮਾਤ ਦੀ ਜਥੇਬੰਦੀ ਤੋਂ ਇਲਾਵਾ ਉਹਨਾਂ ਨੂੰ ਜਾਨਣ ਵਾਲਾ ਹੋਰ ਕੋਈ ਨਹੀਂ ਸੀ ! ਇਥੇ ਆ ਕੇ ਉਹਨਾਂ ਨੇ ਆਮ ਸਧਾਰਨ ਮਜ਼ਦੂਰ ਦੀ ਤਰ੍ਹਾਂ ਆਪਣੀ ਜ਼ਿੰਦਗੀ ਸੁਰੂ ਕੀਤੀ!

ਇਥੇ ਹੀ ਕੰਮ ਕਰਦਿਆਂ ਉਹਨਾਂ ਨੂੰ ਬਾਬਾ ਸੋਹਣ ਸਿੰਘ ਭਕਨਾ,ਕਾ ਸੋਹਣ ਸਿੰਘ ਜੋਸ਼ ਅਤੇ ਪ੍ਸਿੱਧ ਇਨਕਲਾਬੀ ਯੋਧੇ ਕਾ ਤੇਜਾ ਸਿੰਘ ਸੁਤੰਤਰ ਨੂੰ ਮਿਲਣ ਦਾ ਮੌਕਾ ਮਿਲਿਆ ! ਕਾ ਡਾਂਗ ਹੁਣਾਂ ਨੂੰ ਛੇਹਾਰਟਾ ਵਿਖੇ ਕੰਮ ਕਰਦਿਆਂ ਅਜੇ ਇੱਕ ਸਾਲ ਵੀ ਪੂਰਾ ਨਹੀਂ ਹੋਇਆ ਸੀ ਕਿ ਛੇਹਾਰਟਾ ਨੂੰ ਮਿਊਂਸਿਪਲ ਕਮੇਟੀ ਬਣਾ ਕਿ ਸਰਕਾਰ ਨੇ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ!

ਇਹ ਚੋਣਾਂ ਸਾਲ 1953 ਵਿੱਚ ਹੋਈਆਂ! ਇਸ ਐਲਾਨ ਤੋਂ ਬਾਅਦ ਕਾ ਡਾਂਗ ਦੀ ਦੂਰ ਅੰਦੇਸੀ਼ ਸੋਚ ਨੇ ਇਹਨਾਂ ਚੋਣਾਂ ਅੰਦਰ ਮਜ਼ਦੂਰ ਮੁਹਾਜ ਬਣਾ ਕਿ ਚੋਣਾਂ ਲੜਨ ਦਾ ਫੈਸਲਾ ਕਰ ਲਿਆ ! ਜਿਸ ਦਾ ਸਿੱਟਾ ਇਹ ਨਿਕਲਿਆ ਕਿ ਛੇਹਾਰਟਾ ਕਮੇਟੀ ਦੀਆਂ 13 ਸੀਟਾਂ ਵਿੱਚੋਂ 11 ਸੀਟਾਂ ਮਜ਼ਦੂਰ ਮੁਹਾਜ ਜਿੱਤਣ ਵਿੱਚ ਕਾਮਯਾਬ ਰਿਹਾ ! ਜਿਸ ਤੇ ਕਾ ਡਾਂਗ ਇਸ ਕਮੇਟੀ ਦੇ ਪਹਿਲੇ ਪ੍ਧਾਨ ਬਣੇ ਅਤੇ ਆਪਣੇ ਕੰਮਾਂ ਦੇ ਸਿਰ ਤੇ 14 ਸਾਲ ਲਗਾਤਾਰ ਪ੍ਧਾਨ ਰਹੇ!

ਸਾਲ 1967 ਵਿੱਚ ਛੇਹਾਰਟਾ ਵਿਧਾਨ ਸਭਾ ਹਲਕੇ ਤੋਂ ਕਮਿਊਨਿਸਟ ਪਾਰਟੀ ਵੱਲੋਂ ਕਾ ਡਾਂਗ ਨੂੰ ਉਮੀਦਵਾਰ ਬਣਾਇਆ ਗਿਆ ! ਜਿਥੇ ਕਾਂਗਰਸ ਵੱਲੋਂ ਉਸ ਸਮੇਂ ਦੇ ਮੁੱਖ ਮੰਤਰੀ ਗਿਆਨੀ ਗੁਰਮੁੱਖ ਸਿੰਘ ਮੁਸਾਫਿਰ ਨੂੰ ਚੋਣ ਲੜਨ ਲਈ ਮੈਦਾਨ ਅੰਦਰ ਉਤਾਰਿਆ ਗਿਆ ! ਇਸ ਦਿਲਚਸਪ ਚੋਣ ਦੰਗਲ ਵਿੱਚ ਕਾ ਡਾਂਗ ਨੇ ਗਿਆਨੀ ਗੁਰਮੁੱਖ ਸਿੰਘ ਨੂੰ 10,000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾ ਕਿ ਦੇਸ਼ ਦੀ ਰਾਜਨੀਤੀ ਵਿੱਚ ਤਹਿਲਕਾ ਮਚਾ ਦਿੱਤਾ!

ਇਸ ਸੀਟ ਤੋਂ ਜਿੱਤਣ ਤੋਂ ਬਾਅਦ ਕਾ ਡਾਂਗ ਪੰਜਾਬ ਅੰਦਰ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਹੇਠ ਬਣੀ ਸਾਂਝੇ ਮੋਰਚੇ ਦੀ ਸਰਕਾਰ ਵਿੱਚ ਫੂਡ ਤੇ ਸਿਵਲ ਸਪਲਾਈ ਮੰਤਰੀ ਬਣੇ! ਮੰਤਰੀ ਬਣਨ ਉਪਰੰਤ ਸਰਕਾਰ ਵੱਲੋਂ ਪਹਿਲੀ ਵਾਰ ਕਣਕ ਦੇ ਭਾਅ ਦਾ ਸਰਕਾਰੀ ਐਲਾਨ ਕਰਕੇ ਖਰੀਦ ਕੀਤੀ ਅਤੇ ਆਮ ਲੋਕਾਂ ਵਾਸਤੇ ਡੀਪੂ ਪ੍ਣਾਲੀ ਸ਼ੁਰੂ ਕਰਕੇ ਸਸਤੇ ਰੇਟ ਤੇ ਆਟੇ ਦੀ ਸਪਲਾਈ ਯਕੀਨੀ ਬਣਾਈ!

ਇਹਨਾਂ ਡੀਪੂਆਂ ਉੱਪਰ ਹੋਰ ਜਰੂਰੀ ਵਸਤਾਂ ਕੰਟਰੋਲ ਰੇਟ ਤੇ ਲੋਕਾਂ ਨੂੰ ਦੇਣ ਦਾ ਪ੍ਬੰਧ ਕੀਤਾ ! ਇਹ ਸਰਕਾਰ ਭਾਂਵੇ ਥੋੜਾ ਸਮਾਂ ਚੱਲੀ ਪਰ ਡਾਗ ਵੱਲੋਂ ਇੱਕ ਮੰਤਰੀ ਹੁੰਦਿਆਂ ਆਪਣੀ ਜੀਵਨ ਜਾਚ ਅੰਦਰ ਨਵੀਆਂ ਲੀਹਾਂ ਸਥਾਪਿਤ ਕੀਤੀਆਂ! ਜਿਸ ਦੀ ਮਿਸਾਲ ਪੂਰੀ ਦੁਨੀਆਂ ਅੰਦਰ ਅੱਜ ਤੱਕ ਨਹੀਂ ਮਿਲਦੀ ! ਇਸ ਤੋਂ ਬਾਅਦ ਕਾ ਡਾਂਗ ਛੇਹਰਟਾ ਹਲਕੇ ਤੋਂ 1969,1972,ਅਤੇ 1977 ਵਿੱਚ ਲਗਾਤਾਰ ਜਿੱਤਦੇ ਰਹੇ!

ਕਾ. ਡਾਂਗ ਵੱਲੋਂ ਰਾਜਨੀਤੀ ਵਿੱਚ ਨਵੀਂ ਲੀਹ ਪਾਉਂਦਿਆਂ ਆਪਣੀ 70 ਸਾਲ ਦੀ ਉਮਰ ਅੰਦਰ ਸਰਗਰਮ ਰਾਜਨੀਤੀ ਵਿੱਚੋਂ ਤਿਆਗ ਲੈਣ ਦਾ ਐਲਾਨ ਕਰਨ ਤੇ 1992 ਵਿੱਚ ਭੈਣਜੀ ਵਿਮਲਾ ਡਾਂਗ ਇਸ ਹਲਕੇ ਤੋਂ ਚੋਣ ਜਿੱਤੇ!

ਇਸ ਜੋੜੀ ਨੇ ਰਾਜਨੀਤੀ ਅੰਦਰ ਜਿਸ ਤਰ੍ਹਾਂ ਸੇਵਾ ਕੀਤੀ ਹੈ ਉਸ ਦੀ ਮਿਸਾਲ ਮਿਲਣੀ ਸੰਭਵ ਨਹੀਂ ਹੈ ! ਸਾਰੀ ਉਮਰ ਇੱਕ ਫਕੀਰ ਦੀ ਤਰ੍ਹਾਂ ਕੱਟੀ ਹੈ! ਇਸੇ ਕਰੇ ਹੀ ਅੰਮ੍ਰਿਤਸਰ ਜਿਲੇ ਅੰਦਰ ਮਨੁੱਖਤਾ ਦੀ ਸੇਵਾ ਦੇ ਕੇਂਦਰ ਭਗਤ ਪੂਰਨ ਸਿੰਘ ਪਿੰਗਲਵਾੜੇ ਵਾਲੇ ਆਪਣੀ ਰੇੜੀ ਤੇ ਡਾਂਗ ਹੁਣਾਂ ਨੂੰ ਮਿਲਣ ਆਉਂਦੇ ਸਨ!

ਇਸੇ ਤਰ੍ਹਾਂ ਭੈਣਜੀ ਲਕਸ਼ਮੀ ਕਾਂਤ ਚਾਵਲਾ ਜੋ ਕਿ ਭੈਣਜੀ ਵਿਮਲਾ ਡਾਂਗ ਦੇ ਵਿਦਿਆਰਥੀ ਰਹੇ ਸਨ ਸਾਰੀ ਉਮਰ ਇਸ ਜੋੜੀ ਦੀ ਨਿਰਸਵਾਰਥ ਸੇਵਾ ਨੂੰ ਸਲਾਮ ਕਰਦੇ ਰਹੇ ਹਨ ! ਇਹਨਾਂ ਨੇ ਸਾਰੀ ਉਮਰ ਐਮਐਲ ਏ ਦੀ ਸਰਕਾਰ ਵੱਲੋਂ ਮਿਲਣ ਵਾਲੀ ਪੈਨਸ਼ਨ ਵਿੱਚੋਂ ਸਿਰਫ ਆਮ ਪਾਰਟੀ ਵਰਕਰ ਨੂੰ ਮਿਲਣ ਵਾਲੀ ਤਨਖਾਹ ਦੇ ਬਰਾਬਰ ਰਕਮ ਆਪਣੇ ਕੋਲ ਰੱਖ ਕੇ ਬਾਕੀ ਸਾਰੀ ਪਾਰਟੀ ਦੇ ਖਾਤੇ ਵਿੱਚ ਜਮਾਂ ਕਰਵਾਉਂਦੇ ਸਨ!

ਪੰਜਾਬ ਅੰਦਰ 1978 ਤੋਂ 1992 ਤੱਕ ਚੱਲੇ ਕਾਲੇ ਦੌਰ ਅੰਦਰ ਜਿਸ ਤਰਾਂ ਕਾ ਡਾਂਗ ਹੁਣਾਂ ਇਸਦੇ ਵਿਚਾਰਧਾਰਕ ਟਾਕਰਾ ਕੀਤਾ! ਮਜਦੂਰ ਜਮਾਤ ਦੀ ਅਗਵਾਈ ਕਰਦਿਆਂ ਫਿਰਕੂ ਸਦਭਾਵਨਾ ਦਾ ਲਗਾਤਾਰ ਹੋਕਾ ਦਿੱਤਾ! ਕਈ ਵਾਰ ਆਪਣੇ ਸਾਥੀਆਂ ਨਾਲ ਇਸ ਮੁਹਾਜ ਤੇ ਮਿਲਦੀਆਂ ਧਮਕੀਆਂ ਦਾ ਟਾਕਰਾ ਕੀਤਾ ! ਉਹਨਾਂ ਨੇ ਇਹਨਾਂ ਤਾਕਤਾਂ ਦੇ ਕਾਲੇ ਮਨਸੂਬਿਆਂ ਨੂੰ ਫੇਲ ਕਰਨ ਵਿੱਚ ਮਹੱਤਵਪੂਰਣ ਰੋਲ ਨਿਭਾਇਆ!

ਇਸੇ ਦੌਰ ਅੰਦਰ ਵਿਚਾਰਧਾਰਕ ਤੌਰ ਤੇ ਭਾਂਜ ਦੇਣ ਅਤੇ ਲੋਕਾਂ ਨੂੰ ਅਸਲੀਅਤ ਤੋਂ ਜਾਣੂ ਕਰਵਾਉਣ ਵਾਸਤੇ ਤਿੰਨ ਕਿਤਾਬਾਂ, ਦਹਿਸ਼ਤਗਰਦੀ ਦੀਆਂ ਜੜਾਂ ਕਿਥੇ ਹਨ ? ਪੰਜਾਬ ਵਿੱਚ ਅੱਤਵਾਦ ਅਤੇ ਧਰਮ ਅਤੇ ਰਾਜਨੀਤੀ ਲਿਖੀਆਂ! ਜਿਹੜੀਆਂ ਅੱਜ ਵੀ ਉਸ ਸਮੇਂ ਦੀ ਸੱਚਾਈ ਨੂੰ ਪੇਸ਼ ਕਰਦੀਆਂ ਹਨ ! ਇਸ ਜੋੜੀ ਨੂੰ ਉਮਰ ਭਰ ਲੋਕ ਸੇਵਾ ਕਰਨ ਬਦਲੇ ਭਾਰਤ ਦੇ ਰਾਸ਼ਟਰਪਤੀ ਵੱਲੋਂ ਕਾ ਡਾਂਗ ਨੂੰ ” ਪਦਮ ਭੂਸ਼ਣ ” ਅਤੇ ਭੈਣਜੀ ਨੂੰ ” ਪਦਮ ਸ੍ਰੀ” ਨਾਲ ਸਨਮਾਨਿਆ ਗਿਆ!

ਇਸ ਤੋਂ ਇਲਾਵਾ ਕਾ ਡਾਂਗ ਨੂੰ ਭਾਰਤ ਸਰਕਾਰ ਵੱਲੋਂ ਗਵਰਨਰ ਲੱਗਣ ਦੀ ਕੀਤੀ ਪੇਸ਼ਕਸ਼ ਕਬੂਲ ਨਾ ਕਰਕੇ ਆਪਣੇ ਕੱਦ ਵਿੱਚ ਹੋਰ ਵਾਧਾ ਕੀਤਾ! ਇਸ ਵਿਗਿਆਨਕ ਵਿਚਾਰਧਾਰਾ ਦੇ ਸਿਪਾਹੀ ਨੇ ਆਪਣੀ ਸਾਰੀ ਉਮਰ ਦੱਬੇ ਕੁਚਲੇ ਲੋਕਾਂ ਲਈ ਬਰਾਬਰਤਾ ਵਾਲਾ ਸਮਾਜ ਸਿਰਜਣ ਵਾਸਤੇ ਅਰਪਣ ਕਰ ਦਿੱਤੀ!

ਇਸ ਯੋਧੇ ਨੇ ਆਪਣੀ ਵਸੀਅਤ ਮਿਤੀ 15/12/2006 ਵਿੱਚ ਆਪਣੀ ਮੌਤ ਹੋਣ ਉੱਪਰੰਤ ਕੀਤੀਆਂ ਜਾਣ ਵਾਲੀਆਂ ਅੰਤਿਮ ਰਸਮਾਂ ਬਾਰੇ ਸਪੱਸ਼ਟ ਸ਼ਬਦਾਂ ਵਿੱਚ ਲਿਖਿਆ ਹੈ ਕਿ ” ਕਮਿਊਨਿਸਟ ਅਤੇ ਮਾਰਕਸਵਾਦੀ ਬਣਨ ਤੋਂ ਬੜਾ ਚਿਰ ਪਹਿਲਾਂ ਹੀ ਮੈਂ ਨਾਸਤਿਕ ਹੋ ਗਿਆ ਸਾਂ! ਮੇਰਾ ਵਿਸ਼ਵਾਸ ਹੈ ਕਿ ਧਰਮ ਨੇ ਅਗਾਂਹਵਧੂ ਅਤੇ ਪਿਛਾਂਹ ਖਿੱਚੂ ਦੋਵੇਂ ਕਿਸਮਾਂ ਦੇ ਰੋਲ ਅਦਾ ਕੀਤਾ ਹੈ! ਮੇਰਾ ਇਹ ਵੀ ਨਿਸਚਾ ਹੈ ਕਿ ਜਦੋਂ ਬੰਦਾ ਮਰ ਜਾਂਦਾ ਹੈ ਤਾਂ ਇਹ ਉਸ ਦਾ ਅੰਤ ਹੈ! ”

ਆਖਰ ਇਸ ਜੋੜੀ ਦਾ ਇੱਕ ਪਹੀਆ ਭੈਣਜੀ ਵਿਮਲਾ ਡਾਂਗ ਦੇ ਰੂਪ ਵਿੱਚ 10 ਮਈ 2009 ਵਿੱਚ ਟੁੱਟ ਗਿਆ ! ਜਿਸ ਕਾਰਣ ਕਾ ਡਾਂਗ ਦੀ ਨਿੱਜੀ ਜਿੰਦਗੀ ਅੰਦਰ ਇੱਕਲਾਪਣ ਆਉਣ ਅਤੇ ਬੁਢਾਪੇ ਦੇ ਰੋਗ ਦਾ ਸਿ਼ਕਾਰ ਹੋਣ ਕਾਰਣ 15 ਜੂਨ 2013 ਨੂੰ ਇਸ ਸੰਸਾਰ ਨੂੰ ਉਹ ਵੀ ਅਲਵਿਦਾ ਕਹਿ ਗਏ! ਅੱਜ ਉਹਨ੍ਹਾਂ ਦੀ ਬਰਸੀ ਤੇ ਪ੍ਣ ਕਰਨ ਦਾ ਵਕਤ ਆ ਗਿਆ ਹੈ ਕਿ ਉਹਨਾਂ ਦੇ ਅਧੂਰੇ ਮਿਸ਼ਨ ਨੂੰ ਪੂਰਾ ਕਰਨ ਲਈ ਦੇਸ਼ ਦੇ ਸਾਹਮਣੇ ਮੌਜੂਦਾ ਚਣੌਤੀਆਂ ਅਤੇ ਫਾਸ਼ੀਵਾਦ ਦੇ ਵੱਧ ਰਹੇ ਖਤਰੇ ਖਿਲਾਫ ਸਮੂਹ ਧਰਮ ਨਿਰਪੱਖ ,ਜਮਹੂਰੀ ਸ਼ਕਤੀਆਂ,ਖੱਬੇ ਪੱਖੀ ਤਾਕਤਾਂ ਨੂੰ ਇਕਮੁਠ ਹੋ ਕਿ ਲੋਕਾਂ ਦੇ ਘੋਲਾਂ ਦੀ ਅਗਵਾਈ ਕਰਦਿਆਂ ਮੈਦਾਨ ਅੰਦਰ ਨਿੱਤਰਨਾ ਚਾਹੀਦਾ ਹੈ!

ਲੱਖਬੀਰ ਸਿੰਘ ਨਿਜਾਮਪੁਰ
ਸੂਬਾ ਮੀਤ ਪ੍ਰਧਾਨ
ਆਲ ਇੰਡੀਆ ਕਿਸਾਨ ਸਭਾ ਪੰਜਾਬ
ਫੋਨ ਨੰਬਰ- 9417956105

Leave a Reply

Your email address will not be published. Required fields are marked *