BREAKING: ਪੰਜਾਬ ਕੈਬਨਿਟ ‘ਚ ਹੋਣ ਜਾ ਰਿਹਾ ਵੱਡਾ ਫੇਰਬਦਲ, ਕਈ ਮੰਤਰੀਆਂ ਦੀ ਹੋਵੇਗੀ ਛੁੱਟੀ?
Punjab News –
ਪੰਜਾਬ ਕੈਬਿਨਟ ਦੇ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਜਾਣਕਾਰੀ ਦੇ ਅਨੁਸਾਰ, ਮਾਝੇ ਦੇ ਇੱਕ ਮੰਤਰੀ ਤੋਂ ਇਲਾਵਾ ਦੋ ਹੋਰ ਮੰਤਰੀਆਂ ਦੀ ਛੁੱਟੀ ਹੋਣ ਦੀਆਂ ਖ਼ਬਰਾਂ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਤਿੰਨ ਨਵੇਂ ਮੰਤਰੀ ਬਣਾਏ ਜਾਣ ਦੀਆਂ ਵੀ ਚਰਚਾਵਾਂ ਜੋਰਾਂ ‘ਤੇ ਹਨ।
ਕੈਬਨਿਟ ਵਿੱਚ ਫੇਰਬਦਲ ਦੀਆਂ ਖਬਰਾਂ ਉੱਤੇ ਸੀਐਮ ਭਗਵੰਤ ਮਾਨ ਦੇ ਵੱਲੋਂ ਵੀ ਮੋਹਰ ਲਗਾਈ ਗਈ ਹੈ। ਮੰਗਲਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਗਵਰਨਰ ਗੁਲਾਬ ਚੰਦ ਕਟਾਰੀਆ ਦੇ ਨਾਲ ਮੁਲਾਕਾਤ ਕੀਤੀ ਗਈ। ਉਸ ਤੋਂ ਬਾਅਦ ਸੀਐਮ ਮਾਨ ਨੇ ਇਹ ਐਲਾਨ ਕੀਤਾ ਕਿ ਆਉਂਦੇ ਦੋ ਤਿੰਨ ਦਿਨਾਂ ਦੇ ਅੰਦਰ ਕੈਬਨਿਟ ਦੇ ਵਿੱਚ ਫੇਰਬਦਲ ਹੋਣ ਜਾ ਰਿਹਾ ਹੈ।
ਹਾਲਾਂਕਿ ਮੁੱਖ ਮੰਤਰੀ ਨੇ ਕਿਸੇ ਵੀ ਮੰਤਰੀ ਨੂੰ ਹਟਾਉਣ ਜਾਂ ਫਿਰ ਕਿੰਨਾਂ ਵਿਧਾਇਕਾਂ ਨੂੰ ਮੰਤਰੀ ਬਣਾਇਆ ਜਾ ਰਿਹਾ ਹੈ, ਉਹਨਾਂ ਨਾਵਾਂ ਦੇ ਬਾਰੇ ਖੁਲਾਸਾ ਨਹੀਂ ਕੀਤਾ, ਪਰ ਇਹ ਸਪਸ਼ਟ ਹੈ ਕਿ ਲੁਧਿਆਣਾ ਪੱਛਮੀ ਹਲਕੇ ਤੋਂ ਚੋਣ ਜਿੱਤੇ ਸੰਜੀਵ ਅਰੋੜਾ ਨੂੰ ਸਰਕਾਰ ਮੰਤਰੀ ਬਣਾਉਣ ਜਾ ਰਹੀ ਹੈ, ਕਿਉਂਕਿ ਸਰਕਾਰ ਨੇ ਉਸ ਨਾਲ ਵਾਅਦਾ ਵੀ ਕੀਤਾ ਹੈ। ਇਸ ਦੇ ਨਾਲ ਹੀ ਇੱਕ ਵਿਧਾਇਕ ਬੀਬੀ ਨੂੰ ਵੀ ਮੰਤਰੀ ਬਣਾਏ ਜਾਣ ਦੀਆਂ ਚਰਚਾਵਾਂ ਹਨ।
ਭਗਵੰਤ ਮਾਨ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਜਿੱਥੇ ਲੁਧਿਆਣਾ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ, ਉੱਥੇ ਹੀ ਉਹਨਾਂ ਨੇ ਆਪ ਉਮੀਦਵਾਰ ਸੰਜੀਵ ਅਰੋੜਾ ਨੂੰ ਵਧਾਈ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਆਉਂਦੇ ਦੋ ਤਿੰਨ ਦਿਨਾਂ ਦੇ ਵਿੱਚ ਕੈਬਨਿਟ ਅੰਦਰ ਵਿਸਥਾਰ ਹੋਣ ਜਾ ਰਿਹਾ ਹੈ।
ਇੱਥੇ ਦੱਸ ਦਈਏ ਕਿ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ 26 ਜੂਨ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸੱਦੀ ਗਈ ਹੈ। ਇਸ ਮੀਟਿੰਗ ਦੇ ਵਿੱਚ ਸਰਕਾਰ ਕੈਬਨਿਟ ਵਿਸਥਾਰ ਦੇ ਨਾਲ ਨਾਲ ਹੋਰ ਕਈ ਵੱਡੇ ਫੈਸਲੇ ਲੈ ਸਕਦੀ ਹੈ ਅਤੇ ਕਈ ਤਬਦੀਲੀਆਂ ਵੀ ਇਸ ਮੀਟਿੰਗ ਦੇ ਵਿੱਚ ਵਿਚਾਰਨ ਤੋਂ ਬਾਅਦ, ਉਹਨਾਂ ਦੇ ਮੋਹਰ ਲਗਾਈ ਜਾ ਸਕਦੀ ਹੈ।
ਕੈਬਨਿਟ ਵਿਸਥਾਰ ਦੌਰਾਨ ਦੁਆਬੇ ਦੇ ਇੱਕ ਮੰਤਰੀ ਨੂੰ ਲੈ ਕੇ ਵੀ ਕਾਫੀ ਚਰਚਾਵਾਂ ਚੱਲ ਰਹੀਆਂ ਹਨ, ਕਿ ਉਹਦੀ ਛੁੱਟੀ ਹੋ ਸਕਦੀ ਹੈ? ਬਾਕੀ ਦੇਖਦੇ ਹਾਂ ਕਿ ਆਉਂਦੇ ਦਿਨਾਂ ਵਿੱਚ ਸਰਕਾਰ ਕੀ ਫ਼ੈਸਲੇ ਲੈਂਦੀ ਹੈ।