Punjab News: ਪੰਜਾਬੀ ਯੂਨੀਵਰਸਿਟੀ ਦੇ ਕੱਚੇ ਪ੍ਰੋਫ਼ੈਸਰਾਂ ਵੱਲੋਂ ਮਰਨ ਵਰਤ ਸ਼ੁਰੂ! ਸਾੜੀਆਂ ਡਿਗਰੀਆਂ ਦੀਆਂ ਕਾਪੀਆਂ
Punjab News: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੈਂਪਸ ਵਿੱਚ ਪੰਜਾਬੀ ਯੂਨੀਵਰਸਿਟੀ ਕੰਟਰੈਕਟ ਟੀਚਰਜ਼ ਐਸੋਸੀਏਸ਼ਨ (ਪੁਕਟਾ) ਦੀ ਪ੍ਰਧਾਨ ਡਾ. ਤਰਨਜੀਤ ਕੌਰ ਦੀ ਅਗੁਵਾਈ ਹੇਠ ਚਲਦਾ ਸੰਘਰਸ਼ ਅੱਜ ਵੀ ਜਾਰੀ ਰਿਹਾ। ਦੋ ਮਹਿਲਾ ਕੱਚੇ ਪ੍ਰੋਫ਼ੈਸਰ ਡਾ ਤਰਨਜੀਤ ਕੌਰ ਪੁਕਟਾ ਪ੍ਰਧਾਨ ਅਤੇ ਡਾ ਰਾਜਮਹਿੰਦਰ ਕੌਰ ਨੇ ਅੱਜ ਮਰਨ ਵਰਤ ਸ਼ੁਰੂ ਕੀਤਾ ਹੈ।
ਪੰਜਾਬੀ ਯੂਨੀਵਰਸਿਟੀ ਦੇ ਵੱਖ-ਵੱਖ ਅਦਾਰਿਆਂ ਵਿੱਚ ਕੰਮ ਕਰਦੇ ਸਬੰਧਤ ਅਧਿਆਪਕ ਆਪਣੇ ਆਪ ਤੇ UGC ਦੁਆਰਾ 2018 ਵਿੱਚ ਪ੍ਰਵਾਨਿਤ ਰੈਗੂਲੇਸ਼ਨ ਅਨੁਸਾਰ ਸੱਤਵਾਂ ਪੇ ਕਮਿਸ਼ਨ ਲਾਗੂ ਕਰਵਾਉਣ ਦੀ ਮੰਗ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਸਬੰਧਤ ਰੈਗੂਲੇਸ਼ਨ ਨੂੰ 2022 ਵਿੱਚ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਸਵੀਕਾਰ ਕਰਦੇ ਹੋਏ ਆਪਣੇ ਸਾਰੇ ਅਧਿਆਪਨ ਅਤੇ ਗ਼ੈਰ ਅਧਿਆਪਨ ਮਲਾਜ਼ਮਾਂ ਤੇ ਲਾਗੂ ਕਰ ਦਿੱਤਾ ਗਿਆ ਸੀ।
ਪ੍ਰੰਤੂ ਕੰਟਰੈਕਟ ਅਧਿਆਪਕਾਂ ਨੂੰ ਇਸ ਰੈਗੂਲੇਸ਼ਨ ਦੇ ਅਧੀਨ ਨਹੀਂ ਲਿਆਂਦਾ ਗਿਆ। ਹੁਣ ਪਿਛਲੇ 2 ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਕੰਟਰੈਕਟ ਅਸਿਸਟੈਂਟ ਪ੍ਰੋਫੈਸਰ ਆਪਣੇ ਜਾਇਜ਼ ਹੱਕ ਲੈਣ ਲਈ ਧਰਨਾ ਦੇ ਰਹੇ ਹਨ।
ਹਾਲਾਂਕਿ ਪੰਜਾਬੀ ਯੂਨੀਵਰਸਿਟੀ ਦੇ ਨਵਨਿਯੁਕਤ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਵੱਲੋਂ ਕੰਟਰੈਕਟ ਅਧਿਆਪਕਾਂ ਨੂੰ ਇਹ ਵਾਅਦਾ ਕੀਤਾ ਗਿਆ ਸੀ ਕਿ ਉਹਨਾਂ ਨੂੰ ਜਲਦ ਹੀ ਪੇ ਕਮਿਸ਼ਨ ਦੇ ਦਿੱਤਾ ਜਾਵੇਗਾ।
ਪ੍ਰੰਤੂ ਪਿਛਲੇ ਹਫਤੇ ਉਹ ਆਪਣੇ ਕਰਾਰ ਤੋਂ ਮੁਨਕਰ ਹੋ ਗਏ ਅਤੇ ਅੱਜ ਤਾਂ ਉਸ ਸਮੇਂ ਯੂਨੀਵਰਸਿਟੀ ਵਿਖੇ ਹਾਲਾਤ ਹੋਰ ਵੀ ਤਨਾਅਪੂਰਨ ਬਣ ਗਏ ਜਦੋਂ ਪੰਜਾਬੀ ਯੂਨੀਵਰਸਿਟੀ ਅਥਾਰਟੀ ਵੱਲੋਂ ਕੰਟਰੈਕਟ ਅਧਿਆਪਕਾਂ ਵਿਰੁੱਧ ਸਿਵਿਲ ਕੋਰਟ ਰਾਹੀਂ ਕਾਨੂੰਨੀ ਨੋਟਿਸ ਜਾਰੀ ਕਰਦੇ ਹੋਏ ਪੁਲੀਸ ਫੋਰਸ ਨੂੰ ਬੁਲਾ ਕੇ ਧਰਨਾ ਚੁੱਕਣ ਦੀ ਕੋਸ਼ਿਸ ਕੀਤੀ ਗਈ।
ਪ੍ਰੰਤੂ ਇਸਦੇ ਬਾਵਜੂਦ ਕੰਟਰੈਕਟ ਅਧਿਆਪਕਾਂ ਵੱਲੋਂ ਆਪਣਾ ਸ਼ਾਂਤੀਪੂਰਨ ਧਰਨਾ ਜਾਰੀ ਰੱਖਿਆ ਗਿਆ। ਯੂਨੀਵਰਸਿਟੀ ਪ੍ਰਸ਼ਾਸਨ ਦੀ ਕਾਇਰਤਾਪੂਰਨ ਕਰਵਾਈ ਦੀ ਨਿਖੇਧੀ ਕਰਦੇ ਹੋਏ ਕੰਟਰੈਕਟ ਅਧਿਆਪਕਾਂ ਵੱਲੋਂ ਡਿਗਰੀ ਫੂਕ ਮੁਜਾਹਰਾ ਕੀਤਾ ਗਿਆ।
ਪੁਕਟਾ ਲੀਡਰ ਡਾ. ਲਵਦੀਪ ਸ਼ਰਮਾ ਵੱਲੋਂ ਯੂਨੀਵਰਸਿਟੀ ਅਥਾਰਟੀ ਨੂੰ ਚੇਤਾਵਨੀ ਦਿੰਦੇ ਹੋਏ ਸਪੱਸ਼ਟ ਕੀਤਾ ਗਿਆ ਕਿ ਜੇਕਰ ਜਲਦ ਹੀ ਉਹਨਾਂ ਦੀਆਂ ਮੰਗਾਂ ਸਬੰਧੀ ਕੋਈ ਸਾਰਥਕ ਹੱਲ ਨਾ ਕੱਢਿਆ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਡਾ. ਤੇਜਿੰਦਰਪਾਲ ਸਿੰਘ, ਡਾ. ਬਲਜਿੰਦਰ ਸਿੰਘ, ਡਾ. ਜਗਪਾਲ ਸਿੰਘ, ਪ੍ਰੋ. ਰੁਪਿੰਦਰਪਾਲ ਸਿੰਘ, ਪ੍ਰੋ. ਸਤੀਸ਼ ਕੁਮਾਰ, ਡਾ. ਰਾਜਿੰਦਰ ਸਿੰਘ ਅਤੇ ਹੋਰ ਪੁਕਟਾ ਮੈਂਬਰ ਮੌਜੂਦ ਸਨ।