All Latest NewsNews FlashTop BreakingTOP STORIES

Emergency-1975: …ਜਦੋਂ ਮੈਂ ਰੂਪੋਸ਼ ਹੋ ਕੇ ਲੜੀ ਸਾਂਝੀ ਅਧਿਆਪਕ ਜਥੇਬੰਦੀ ਦੀ ਚੋਣ

 

Emergency- 1975 ਬੀ.ਬੀ.ਸੀ. ਰੇਡੀਓ ਤੋਂ ਹੋਈ ਸੀ ਪ੍ਰਸਾਰਿਤ

-ਯਸ਼ ਪਾਲ

Emergency-1975: ਘਟਨਾ ਅਗਸਤ 1976 ਦੀ ਹੈ। ਸਹੀ ਤਾਰੀਖ਼ ਯਾਦ ਨਹੀਂ। ਉਸ ਸਮੇਂ ਤਤਕਾਲੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ 25 ਜੂਨ 1975 ਤੋਂ ਮੁਲਕ ਭਰ ‘ਚ ਐਲਾਨੀ ਗਈ ਐਮਰਜੈਂਸੀ ਹਾਲੇ ਖ਼ਤਮ ਨਹੀਂ ਸੀ ਹੋਈ। ਅਧਿਆਪਕ ਲਹਿਰ ਦੀ ਅਜੋਕੀ ਚਲ ਰਹੀ ਖਿੰਡੀ-ਪੁੰਡੀ ਹਾਲਤ ਦੇ ਉਲਟ, ਉਸ ਸਮੇਂ ਅਧਿਆਪਕ ਵਰਗ ਦੀ ਮੁੱਖ ਤੌਰ ਤੇ ਨੁਮਾਇੰਦਾ ਸਾਂਝੀ ਜਥੇਬੰਦੀ ਗੋਰਮਿੰਟ ਟੀਚਰਜ਼ ਯੂਨੀਅਨ ਪੰਜਾਬ ਹੀ ਸੀ। ਜਿਸ ਦੀਆਂ ਸੰਵਿਧਾਨ ਅਨੁਸਾਰ ਨਿਸਚਿਤ ਸਮੇਂ ਤੋਂ ਬਾਅਦ ਬਾਕਾਇਦਾ ਵੋਟਾਂ ਪਾਕੇ ਚੋਣਾਂ ਹੁੰਦੀਆਂ ਸਨ। ਇਨ੍ਹਾਂ ਚੋਣਾਂ ਦੀ ਪੰਜਾਬ ਭਰ ‘ਚ ਹੋਰਨਾਂ ਮੁਲਾਜ਼ਮ ਤਬਕਿਆਂ ਅੰਦਰ ਵੀ ਖੂਬ ਚਰਚਾ ਹੁਦੀ ਸੀ। ਇਉਂ ਇਸ ਚੁਣੀ ਹੋਈ ਅਧਿਆਪਕ ਜਥੇਬੰਦੀ ਦਾ ਜਿਥੇ ਸਰਕਾਰ ਤੇ ਅਫਸਰਸ਼ਾਹੀ ਉਪਰ ਦਬਾਅ ਹੁੰਦਾ ਸੀ, ਉਥੇ ਇਹ ਜਥੇਬੰਦੀ ਹੋਰਨਾਂ ਮੁਲਾਜ਼ਮ ਜਥੇਬੰਦੀਆਂ ਲਈ ਵੀ ਪ੍ਰੇਰਨਾ ਸਰੋਤ ਤੇ ਰਾਹ ਦਰਸਾਵਾ ਬਣਦੀ ਸੀ। ਸਾਂਝੀ ਮੁਲਾਜ਼ਮ ਲਹਿਰ ਲਈ ਵੀ ਗੁੱਲੀ ਦੀ ਭੂਮਿਕਾ ਨਿਭਾਉਂਦੀ ਸੀ।

ਗੋ.ਟੀ.ਯੂ. ਅੰਦਰ ਕੰਮ ਕਰਦੀਆਂ ਮੁੱਖ ਧਿਰਾਂ, ਢਿੱਲੋਂ ਗਰੁੱਪ ਤੇ ਰਾਣਾ ਗਰੁੱਪ, ਦੇ ਮੁਕਾਬਲੇ ‘ਚ ਮੈਂ ਤੇ ਮੇਰੇ ਹੋਰ ਸਾਥੀ ਤੀਜੀ ਧਿਰ ‘ਲੰਬੀ ਗਰੁੱਪ’ ਵੱਲੋਂ ਪੰਜਾਬ ਭਰ ਅੰਦਰ ਬਲਾਕ ਤੇ ਜ਼ਿਲ੍ਹਾ ਪ੍ਰਧਾਨ ਦੀ ਚੋਣ ਲੜਦੇ ਸਾਂ। 1972 ‘ਚ, ਵੱਖ-ਵੱਖ ਗਰੁੱਪਾਂ ‘ਚ ਵੰਡੀ ਹੋਈ ਅਧਿਆਪਕ ਲਹਿਰ ਨੂੰ ਉਕਤ ਸੰਵਿਧਾਨ ਤਹਿਰ ਮੁੜ ਇੱਕ ਮੁੱਠ ਕਰਕੇ ਵੱਖ-ਵੱਖ ਵਿਚਾਰਾਂ ਨੂੰ ਸਮੋਣ ਵਾਲੀ ਸਾਂਝੀ ਜਥੇਬੰਦੀ ਦੀ ਉਸਾਰੀ ‘ਚ ‘ਲੰਬੀ ਗਰੁੱਪ’ ਧਿਰ ਦੀ ਮੋਹਰੀ ਭੂਮਿਕਾ ਰਹੀ ਸੀ। 1972 ਦੀ ਇਸ ਸਾਂਝੀ ਜਥੇਬੰਦੀ ਦੀ ਪਹਿਲੀ ਚੋਣ ‘ਚ ਮੈਂ ਜ਼ਿਲ੍ਹਾ ਬਠਿੰਡਾ ਅੰਦਰ ਰਾਮਪੁਰਾ ਫੂਲ ਬਲਾਕ ਪ੍ਰਧਾਨ ਦੀ ਚੋਣ ਢਿੱਲੋਂ ਤੇ ਰਾਣਾ ਗਰੁੱਪ ਦੇ ਮੁਕਾਬਲੇ ‘ਚ ਜਿੱਤੀ। ਉਸ ਤੋਂ ਬਾਅਦ ਮੈਨੂੰ ਆਪਣੀ ਧਿਰ ਵੱਲੋਂ ਜ਼ਿਲ੍ਹਾ ਪ੍ਰਧਾਨਗੀ ਦੀ ਚੋਣ ਲੜਾਈ ਜਾਂਦੀ ਰਹੀ।

ਉਕਤ ਐਮਰਜੈਂਸੀ ਦੌਰਾਨ ਉਸ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ, ਸਰਕਾਰ ਦਾ ਤਿੱਖਾ ਵਿਰੋਧ ਕਰਨ ਵਾਲੀਆਂ ਧਿਰਾਂ/ਜਥੇਬੰਦੀਆਂ/ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਨੂੰ ਸਰਕਾਰ ਵਿਰੋਧੀ ਤੇ ਮੁਲਕ ਵਿਰੋਧੀ ਸਰਗਰਮੀਆਂ ਦਾ ਠੱਪਾ ਲਾਕੇ, ਡੀ.ਆਈ.ਆਰ./ਮੀਸਾ ਵਰਗੇ ਕਾਨੂੰਨਾਂ ਤਹਿਤ ਗ੍ਫਿਿ਼ਤਾਰ ਕਰਕੇ ਜੇਲ੍ਹਾਂ ‘ਚ ਸੁੱਟ ਦਿੱਤਾ ਗਿਆ। ਜਿਨ੍ਹਾਂ ‘ਚ ਮੈਂ ਵੀ 17 ਨਵੰਬਰ, 1975 ਤੋਂ 28 ਜੂਨ, 1976 ਤੱਕ ਬਠਿੰਡਾ ਤੇ ਸੰਗਰੂਰ ਜੇਲ੍ਹਾਂ ਅੰਦਰ ਲਗਭਗ 8 ਮਹੀਨੇ ਬੰਦ ਰਿਹਾ ਸਾਂ। ਮੈਂ ਗ੍ਰਿਫਤਾਰੀ ਸਮੇਂ ਸਰਕਾਰੀ ਹਾਈ ਸਕੂਲ ਬਰਗਾੜੀ (ਫਰੀਦਕੋਟ) ਵਿਖੇ ਬਤੌਰ ਸਾਇੰਸ ਮਾਸਟਰ ਕੰਮ ਕਰ ਰਿਹਾ ਸਾਂ, ਜਿੱਥੇ ਮੇਰੀ ਬਦਲੀ ਇਨ੍ਹਾਂ ਹੀ ਸਰਗਰਮੀਆਂ ਕਾਰਨ ਬਦਲਾ ਲਉ ਕਾਰਵਾਈ ਅਧੀਨ ਮਈ 1974 ‘ਚ ਸਰਕਾਰੀ ਹਾਈ ਸਕੂਲ ਫੂਲ (ਬਠਿੰਡਾ) ਤੋਂ ਕੀਤੀ ਗਈ ਸੀ। ਮੇਰੀ ਗ੍ਰਿਫਤਾਰੀ 8 ਨਵੰਬਰ, 1975 ਨੂੰ ਬਰਗਾੜੀ ਤੋਂ ਹੀ ਫੂਲ (ਬਠਿੰਡਾ) ਦੀ ਪੁਲਿਸ ਵੱਲੋਂ ਡੀ.ਆਈ.ਆਰ. ਅਧੀਨ ਕੀਤੀ ਗਈ ਸੀ। 10 ਦਿਨ ਹਵਾਲਾਤ ਦੀ ‘ਹਵਾ’ ਖੁਆਉਣ ਤੋਂ ਬਾਅਦ 17 ਨਵੰਬਰ ਨੂੰ ਬਠਿੰਡਾ ਜੇਲ੍ਹ ਅੰਦਰ ਭੇਜਿਆ ਗਿਆ। ਐਮਰਜੈਸੀ ਲੱਗਣ ਤੋਂ ਬਾਅਦ ਗ੍ਰਿਫਤਾਰੀ ਤੱਕ ਲਗਭਗ ਪੰਜ ਮਹੀਨੇ ਵਾਰੰਟਡ ਹੋਣ ਕਾਰਨ ਬਚ ਬਚਾਕੇ ਹੀ ਵਿਚਰਦਾ ਰਿਹਾ ਸੀ। 28 ਜੂਨ, 1976 ਨੂੰ ਸੰਗਰੂਰ ਜੇਲ੍ਹ ਤੋਂ ਬਠਿੰਡਾ ਵਿਖੇ ਪੇਸ਼ੀ ਤੇ ਆਏ ਦੀ ਜਮਾਨਤ ਹੋ ਗਈ।

ਉਸ ਸਮੇਂ ਜਮਾਨਤ ਹੋਣ ਉਪਰੰਤ ਜੇਲ੍ਹ ਬਾਹਰ ਨਿਕਲਦੇ ਹੀ ਪੁਲਿਸ ਵੱਲੋਂ ਕੋਈ ਨਾ ਕੋਈ ਹੋਰ ਕੇਸ ਪਾਕੇ ਮੁੜ ਗ੍ਰਿਫਤਾਰ ਕਰ ਲਿਆ ਜਾਂਦਾ ਸੀ । ਪਰੰਤੂ ਮੈਂ ਇਤਫਾਕ ਵੱਸ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਜੇਲ੍ਹ ਦੀ ਡਿਊਢੀ ‘ਚੋਂ ਹੀ ਜਮਾਨਤ ਦੇ ਕਾਗਜ ਦੇ ਕੇ ਜੇਲ੍ਹ ਬਾਹਰ ਨਿਕਲ ਚੁੱਕਾ ਸੀ। ਮੈਂ ਉਸ ਸਮੇਂ ਜੇਲ੍ਹ ਬਾਹਰ ਜਾਣ ਸਮੇਂ ਮਲੇਰੀਏ ਬੁਖਾਰ ਨਾਲ ਬੁਰੀ ਤਰ੍ਹਾਂ ਪੀੜਤ ਸਾਂ।

Emergency-1975: ਜ਼ਿਲ੍ਹਾ ਗਰੁੱਪ ਵੱਲੋਂ ਮੈਨੂੰ ਮੁੜ ਜ਼ਿਲ੍ਹਾ ਬਠਿੰਡਾ ਦੀ ਪ੍ਰਧਾਨਗੀ ਦੀ ਚੋਣ ਲਈ ਖੜਾ ਕਰਨ ਦਾ ਫੈਸਲਾ ਕਰ ਦਿੱਤਾ

ਜੇਲ੍ਹ ਬਾਹਰ ਆਉਂਦਿਆਂ ਹੀ ਜ਼ਿਲ੍ਹਾ ਗਰੁੱਪ ਦਾ ਸੰਦੇਸ਼ ਪਹੁੰਚਿਆ ਕਿ ਗੌ.ਟੀ.ਯੂ. ਦੀਆਂ ਚੋਣਾਂ ਸੰਬੰਧੀ ਮੀਟਿੰਗ ਰੱਖੀ ਹੋਈ ਹੈ। ਮੀਟਿੰਗ ‘ਚ ਜ਼ਿਲ੍ਹਾ ਗਰੁੱਪ ਵੱਲੋਂ ਮੈਨੂੰ ਮੁੜ ਜ਼ਿਲ੍ਹਾ ਬਠਿੰਡਾ ਦੀ ਪ੍ਰਧਾਨਗੀ ਦੀ ਚੋਣ ਲਈ ਖੜਾ ਕਰਨ ਦਾ ਫੈਸਲਾ ਕਰ ਦਿੱਤਾ ਗਿਆ। ਉਸ ਸਮੇਂ ਮੈਂ ਭਾਵੇਂ ਜ਼ਿਲ੍ਹਾ ਫਰੀਦਕੋਟ ਦੇ ਬਰਗਾੜੀ ਸਕੂਲ ‘ਚ ਕੰਮ ਕਰ ਰਿਹਾ ਸੀ, ਪਰੰਤੂ ਗੋ.ਟੀ.ਯੂ. ਦੇ ਸੰਵਿਧਾਨ ਅਨੁਸਾਰ ‘ਵਿਕਟੇਮਾਈਜ਼ਡ’ ਹੋਕੇ ਕਿਸੇ ਹੋਰ ਜ਼ਿਲ੍ਹੇ/ਬਲਾਕ ਵਿਚ ਬਦਲ ਕੇ ਗਿਆ, ਕੋਈ ਵੀ ਮੈਂਬਰ/ਅਧਿਆਪਕ ਆਪਣੇ ਪਹਿਲੇ ਨਿਯੁਕਤੀ ਸਥਾਨ (ਜ਼ਿਲ੍ਹਾ/ਬਲਾਕ) ਤੋਂ ਵੀ ਚੋਣ ਲੜ ਸਕਦਾ ਸੀ।

ਉਸ ਵੇਲੇ ਤੱਕ ਮੇਰੇ ਫਿਰ ਵਾਰੰਟ ਜਾਰੀ ਹੋ ਚੁੱਕੇ ਸਨ। ਮੁੜ ਛਾਪੇ ਪੈਣ ਲੱਗ ਪਏ ਸਨ। ਸਾਰੇ ਜ਼ਿਲ੍ਹੇ ਅੰਦਰ ਥਾਣਿਆਂ ‘ਚ ਹਦਾਇਤਾਂ ਜਾਰੀ ਹੋ ਗਈਆਂ ਸਨ । ਜਿਸ ਜਗ੍ਹਾ ਵੀ ਮੈਂ ਮੀਟਿੰਗ ਕਰਵਾਉਣ ਜਾਂਦਾ ਸੀ, ਉਥੇ ਛਾਪਾ ਪੈਣ ਦਾ ਖਤਰਾ ਰਹਿੰਦਾ ਸੀ । ਰਾਮਪੁਰਾ ਫੂਲ ਵਾਲਾ ਸਾਡਾ ਘਰ ਪਹਿਲਾਂ ਹੀ ਲਗਭਗ ਸਵਾ ਸਾਲ ਤੋਂ ਬੰਦ ਪਿਆ ਸੀ। ਪਰਿਵਾਰ ਸਾਰਾ ਇਧਰ-ਉਧਰ ਖਿੰਡਿਆ ਹੋਇਆ ਸੀ। ਘਰ ਦੇ ਕੁੱਝ ਮੈਂਬਰ ਪਹਿਲਾਂ ਹੀ ਜੇਲ੍ਹ ‘ਚ ਬੰਦ ਸਨ। ਸਕੂਲਾਂ ਅੰਦਰ ਵੀ ਚੋਣ ਮੀਟਿੰਗਾਂ ਬਚ ਬਚਾਕੇ ਹੀ ਕਰਵਾਉਣੀਆਂ ਪੈਂਦੀਆਂ ਸਨ । ਆਮ ਅਧਿਆਪਕ ਚੋਣ ਪ੍ਰਚਾਰ ਲਈ ਸਾਡੀ ਜੀਪ ਉਪਰ ਚੜ੍ਹਣ ਤੋਂ ਤਹਿੰਦੇ ਸਨ। ਹੱਥ ਮਿਲਾਉਣ ਤੋਂ ਪਹਿਲਾਂ ਆਲੇ-ਦੁਆਲੇ ਦੇਖਦੇ ਸਨ ਕਿ ਕਿਤੇ ਕੋਈ ਪੁਲਿਸ ਵਾਲਾ ਤਾਂ ਨਹੀਂ ਖੜਾ। ਪੂਰੇ ਡਰ ਤੇ ਖੌਫ਼ ਦਾ ਮਾਹੌਲ ਸੀ।

ਇਸੇ ਚੋਣ ਪ੍ਰਚਾਰ ਮੁਹਿਮ ਦੌਰਾਨ ਅਗਸਤ 1976 ਦੇ ਕਿਸੇ ਦਿਨ ਮੈਂ ਮੋੜ ਮੰਡੀ ਵਿਖੇ ਆਪਣੇ ਵਰਕਰਾਂ ਦੀ ਮੀਟਿੰਗ ਕਰਵਾਉਣ ਗਿਆ। ਮੀਟਿੰਗ ਐਸ.ਡੀ. ਹਾਈ ਸਕੂਲ ਵਿੱਚ ਰੱਖੀ ਗਈ ਸੀ। ਜਿਸ ਕਮਰੇ ਵਿੱਚ ਮੀਟਿੰਗ ਗਈ ਸੀ ਉਹ ਕਮਰਾ ਸਕੂਲ ਗੇਟ ਤੋਂ ਖਾਸੀ ਦੂਰੀ ਤੇ ਪੈਂਦਾ ਸੀ। ਵਾਰਟਡ ਹੋਣ ਕਾਰਨ ਮੈਂ ਉਨ੍ਹਾਂ ਦਿਨਾਂ ‘ਚ ਸਿਰ ਉਪਰ ਪੱਗ ਬੰਨ੍ਹ ਕੇ ਰੱਖਦਾ ਹੁੰਦਾ ਸੀ। ਉਂਞ ਮੈਂ ਪਹਿਲਾਂ ਵੀ ਦਸਵੀਂ ਜਮਾਤ ਤੱਕ ਪੱਗ ਬੰਨ੍ਹਦਾ ਰਿਹਾ ਸੀ। ਮੇਰੇ ਹੱਥ ‘ਚ ਇੱਕ ਲਾਲ ਜਿਹੇ ਰੰਗ ਦਾ ਛੋਟਾ ਜਿਹਾ ਕਪੜੇ ਦਾ ਝੋਲ੍ਹਾ ਸੀ ਜਿਸ ਵਿੱਚ ਕਾਗਜ਼ ਪੱਤਰ, ਇਸ਼ਤਿਹਾਰ, ਲੀਫਲੈਟ ਆਦਿ ਸਨ, ਜੋ ਚੋਣਾਂ ਸੰਬੰਧੀ ਜਾਰੀ ਕੀਤੇ ਗਏ ਸਨ। ਮੈਂ ਉਸ ਛੋਟੇ ਜਿਹੇ ਕਮਰੇ ‘ਚ ਮੀਟਿੰਗ ਕਰਵਾ ਰਿਹਾ ਸੀ।

Emergency-1975: ਥਾਣੇਦਾਰ ਮੇਰੇ ਨਾਲ ਹੀ, ਮੇਰੇ ਪਿਛਲੇ ਪਾਸੇ ਕੁਰਸੀ ‘ਤੇ ਬੈਠ ਗਿਆ

ਮੇਰੇ ਸਾਹਮਣੇ 25-30 ਅਧਿਆਪਕ ਕਾਰਕੁੰਨਾਂ ਦਾ ਇੱਕ ਜੱਥਾ ਬੈਠਾ ਸੀ। ਮੇਰੀ ਪਿੱਠ ਕਮਰੇ ਦੇ ਇੱਕੋ ਇੱਕ ਛੋਟੇ ਜਿਹੇ ਦਰਵਾਜੇ ਵੱਲ ਸੀ ਅਤੇ ਮੂੰਹ ਵਰਕਰਾਂ ਵੱਲ ਸੀ। ਉਦੋਂ ਹੀ ਪਤਾ ਚੱਲਿਆ ਜਦ ਇੱਕ ਥਾਣੇਦਾਰ ਕੁੱਝ ਸਿਪਾਹੀਆਂ ਦੇ ਨਾਲ ਕਮਰੇ ‘ਚ ਦਗੜ-ਦਗੜ ਕਰਦਾ ਆ ਵੜਿਆ। ਉਸ ਨੇ ਆਉਣ ਸਾਰ ਹੀ ਰੋਹਬ ਮਾਰਦਿਆਂ ਪੁੱਛਿਆ, “ਤੁਹਾਡੇ ਵਿੱਚੋਂ ਯਸ਼ਪਾਲ ਕਿਹੜਾ ਹੈ?” ਸ਼ਾਇਦ ਉਹ ਮੇਰੀ ਸਕਲ ਤੋਂ ਵਾਕਿਫ਼ ਨਹੀਂ ਸੀ ਲਗਦਾ ਜਾ ਪਹਿਚਾਣ ਨਹੀਂ ਸੀ ਸਕਿਆ। ਉਂਞ ਵੀ ਉਸ ਵੱਲ ਮੇਰੀ ਪਿੱਠ ਸੀ। ਕੁੱਝ ਪਲ ਲਈ ਤਾਂ ਅਸੀਂ ਸਾਰੇ ਹੀ ਠਠੰਬਰ ਗਏ। ਲੱਗਿਆ ਕਿ ਅੱਜ ਤਾਂ ਕਾਬੂ ਆ ਹੀ ਗਏ। ਪਰੰਤੂ ਮੌਕਾ ਸੰਭਾਲਦੇ ਹੋਏ, ਮੀਟਿੰਗ ‘ਚ ਬੈਠਾ ਸਾਡਾ ਸਭ ਤੋਂ ਸੀਨੀਅਰ ਆਗੂ ਮਰਹੂਮ ਸਾਥੀ ਦਲਜੀਤ ਪਾਂਧੀ (ਜੋ ਬਲਾਕ ਪ੍ਰਧਾਨਗੀ ਲਈ ਉਮੀਦਵਾਰ ਸੀ) ਇਹ ਭਾਂਪ ਕੇ ਕਿ ਪੁਲਿਸ ਨੂੰ ਇੱਥੇ ਯਸ਼ਪਾਲ ਦੇ ਆਏ ਦੀ ਸੂਹ ਮਿਲ ਗਈ ਹੋਣੀ ਹੈ, ਝੱਟ ਬੋਲ ਪਿਆ, “ਯਸ਼ਪਾਲ ਇੱਥੇ ਹੈ ਨਹੀਂ, ਉਹ ਆਇਆ ਸੀ, ਪਰ ਸਾਡੀ ਮੀਟਿੰਗ ਕਰਵਾਕੇ ਚਲਾ ਗਿਆ ਹੈ। ਹੁਣ ਸਾਡੀ ਆਪਣੀ ਵਰਕਰਾ ਦੀ ਮੀਟਿੰਗ ਹੋ ਰਹੀ ਹੈ।” ਥਾਣੇਦਾਰ ਮੇਰੇ ਨਾਲ ਹੀ ਮੇਰੇ ਪਿਛਲੇ ਪਾਸੇ ਕੁਰਸੀ ਤੇ ਬੈਠ ਗਿਆ ਅਤੇ ਸ਼ੱਕੀ ਤੇ ਘੋਖਵੀਂ ਪੜਤਾਲ ਕਰਦਿਆਂ ਇਕੱਲੇ ਇਕੱਲੇ ਅਧਿਆਪਕ ਤੋਂ ਪੁੱਛਣ ਲੱਗ ਪਿਆ ਕਿ ਉਹ ਕੌਣ ਹੈ, ਉਸ ਦਾ ਕੀ ਨਾਂ ਹੈ, ਉਹ ਕਿਹੜੇ ਸਕੂਲ ‘ਚ ਪੜ੍ਹਾਉਂਦਾ ਹੈ?

ਸਾਰੇ ਵਾਰੋ ਵਾਰੀ ਗਲਤ-ਠੀਕ ਦਸਦੇ ਰਹੇ। ਮੈਨੂੰ ਵੀ ਧੁੜਕੂ ਲੱਗ ਰਿਹਾ ਸੀ ਕਿ ਮੇਰੀ ਵਾਰੀ ਆਉਣ ‘ਤੇ ਪਹਿਚਾਣ ਵੀ ਹੋ ਸਕਦੀ ਹੈ ਅਤੇ ਸ਼ੱਕ ਵੀ ਹੋ ਸਕਦਾ ਹੈ। ਜਦ ਅਜੇ ਅੱਗੇ ਬੈਠੇ ਕਾਰਕੁੰਨਾਂ ਦੀ ਪੁੱਛ-ਪੜਤਾਲ ਜਾਰੀ ਹੀ ਸੀ ਤਾਂ ਮੈਨੂੰ ਫੁਰਨਾ ਫੁਰਿਆ। ਮੈਂ ਸਾਹਮਣੇ ਬੈਠੇ ਸਾਥੀ ਪਾਂਧੀ ਨੂੰ ਇਸ਼ਾਰਾ ਕੀਤਾ ਕਿ ਉਹ ਸਾਰੇ ਖੜ੍ਹੇ ਹੋ ਜਾਣ ਤੇ ਪੁੱਛ ਪੜਤਾਲ ਦਾ ਵਿਰੋਧ ਕਰਨ। ਕਿਉਂਕਿ ਥਾਣੇਦਾਰ ਵੱਲ ਮੇਰੀ ਪਿੱਠ ਸੀ ਉਹ ਮੇਰੇ ਇਸ਼ਾਰੇ ਨੂੰ ਦੇਖ ਨਹੀਂ ਸੀ ਸਕਿਆ।

ਸਾਥੀ ਪਾਂਧੀ ਇਸ਼ਾਰਾ ਸਮਝਦਿਆਂ ਹੀ ਖੜ੍ਹਾ ਹੋ ਕੇ ਥਾਣੇਦਾਰ ਦੇ ਗਲ ਪੈ ਗਿਆ ਤੇ ਕਹਿਣ ਲੱਗਿਆ, “ਜਦ ਅਸੀਂ ਤੁਹਾਨੂੰ ਇੱਕ ਵਾਰੀ ਦੱਸ ਚੁੱਕੇ ਹਾਂ ਕਿ ਇੱਥੇ ਯਸ਼ਪਾਲ ਨਹੀਂ ਹੈ, ਫਿਰ ਵੀ ਤੁਸੀਂ ਸਾਡੀ ਮੀਟਿੰਗ ਕਿਉਂ ‘ਡਿਸਟਰਬ’ ਕਰ ਰਹੇ ਹੋ?” ਦੇਖਦਿਆਂ ਦੇਖਦਿਆਂ ਸਾਰੇ ਕਾਰਕੁੰਨ ਹੀ ਖੜ੍ਹੇ ਹੋ ਗਏ ਤੇ ਲਗ ਪਏ ਰੌਲਾ ਪਾਉਣ ਤੇ ਵਿਰੋਧ ਕਰਨ।

ਰੌਲਾ ਪਾਉਣ ਵਾਲਿਆਂ ‘ਚ ਸਭ ਤੋਂ ਮੂਹਰੇ ਸੀ, ਬੇਰੁਜਗਾਰ ਅਧਿਆਪਕ ਯੂਨੀਅਨ ਦਾ ਤਤਕਾਲੀ ਸੂਬਾ ਪ੍ਰਧਾਨ ਸਾਥੀ ਗੁਰਦਿਆਲ ਸਿੰਘ, ਜੋ ਬਾਲਾਂਵਾਲੀ ਸਕੂਲ ਵਿੱਚ ਬਤੌਰ ਡੀ.ਪੀ.ਈ. ਲੱਗਿਆ ਹੋਇਆ ਸੀ। ਇਉਂ ਬਹਿਸ ਕਰਦੇ ਕਰਦੇ ਅਸੀਂ ਸਾਰੇ ਹੀ ਕਮਰੇ ‘ਚੋਂ ਬਾਹਰ ਆ ਗਏ। ਇਸ ਰੌਲੇ ਗੌਲੇ ‘ਚ ਹਫੜਾ ਦਫੜੀ ਮੱਚ ਗਈ। ਥਾਣੇਦਾਰ ਵੀ ਭਮੱਤਰ ਗਿਆ ਤੇ ਬਾਹਰ ਆ ਗਿਆ। ਉਸ ਨੇ ਬਹੁਤਾ ਰੌਲਾ ਪਾਉਣ ਵਾਲੇ ਗੁਰਦਿਆਲ ਨੂੰ ਬਾਹੋਂ ਫੜ ਕੇ ਕਾਬੂ ਕਰ ਲਿਆ। ਮੈਂ ਮੌਕਾ ਤਾੜ ਕੇ ਆਪਣਾ ਲਾਲ ਝੋਲਾ ਕੱਛ ‘ਚ ਮਾਰਿਆ ਤੇ ਇੱਕ ਹੋਰ ਸਾਥੀ ਅਧਿਆਪਕ ਰਾਜਿੰਦਰ ਸਿੰਘ ਨੂੰ ਇਸ਼ਾਰੇ ਰਾਹੀਂ ਨਾਲ ਲੈਕੇ ਮਲਕ ਦੇਣੇ ਭੀੜ ‘ਚੋਂ ਬਾਹਰ ਨਿਕਲ ਕੇ, ਆਰਾਮ ਨਾਲ ਹੌਲੀ-ਹੌਲੀ ਤੁਰਦਿਆਂ, ਗੇਟ ਵੱਲ ਨਿਕਲ ਗਿਆ। ਬਾਹਰ ਖੜ੍ਹੇ ਪੁਲਸੀਆਂ ਦਾ ਵੀ ਧਿਆਨ ਉਸ ਰੌਲੇ ਗੋਲੇ ਵੱਲ ਹੀ ਸੀ। ਸਾਨੂੰ ਕਿਸੇ ਨੇ ਨਾ ਰੋਕਿਆ।

Emergency-1975: ਐਮਰਜੈਂਸੀ ਦੇ ਉਸ ਕਾਲੇ ਦੌਰ ਅੰਦਰ….

ਸਕੂਲ ਦੇ ਗੇਟ ਨਿਕਲਦਿਆਂ ਹੀ ਅਸੀਂ ਸ਼ੂਟ ਵੱਟ ਲਈ ਅਤੇ ਸ਼ਹਿਰ ਦੇ ਬਾਜਾਰ ਵਿੱਚ ਦੀ ਹੁੰਦੇ ਹੋਏ, ਥਾਣੇ ਦੇ ਸਾਹਮਣੇ ਹੀ ਰਹਿੰਦੇ ਸਾਡੇ ਇੱਕ ਹੋਰ ਅਧਿਆਪਕ ਸਾਥੀ ਦੇ ਘਰ ਪਹੁੰਚ ਗਏ। ਉਸ ਨੂੰ ਜਾਂਦੇ ਸਾਰ ਹੀ ਸਾਰੀ ਸਥਿਤੀ ਦਾ ਪਤਾ ਕਰਨ ਲਈ ਕਿਹਾ। ਉਸ ਤੋਂ ਸਾਨੂੰ ਪਤਾ ਲੱਗਿਆ ਕਿ ਥਾਣੇਦਾਰ ਤੇ ਸਿਪਾਹੀ ਗੁਰਦਿਆਲ ਨੂੰ ਹੀ ਸ਼ੱਕੀ ਸਮਝਕੇ ਉਸ ਨੂੰ ਥਾਣੇ ਵੱਲ ਲੈ ਤੁਰੇ ਅਤੇ ਨਾਲ ਹੀ ਉਥੇ ਹਾਜਰ ਅਧਿਆਪਕ ਕਾਰਕੁੰਨ ਸਾਥੀ ਪਾਂਧੀ ਦੀ ਅਗਵਾਈ ਹੇਠ ਨਾਹਰੇ ਮਾਰਦੇ ਹੋਏ ਮਗਰ ਮਗਰ ਮੁਜਾਹਰਾ ਕਰਦੇ ਹੋਏ ਗ੍ਰਿਫਤਾਰ ਕੀਤੇ ਸਾਥੀ ਗੁਰਦਿਆਲ ਨੂੰ ਰਿਹਾਅ ਕਰਨ ਦੀ ਮੰਗ ਕਰਦੇ ਥਾਣੇ ‘ਚ ਪਹੁੰਚ ਗਏ। ਥਾਣੇ ਅੱਗੇ ਧਰਨਾ ਲਾ ਦਿੱਤਾ। ਥਾਣੇ ਜਾ ਕੇ ਥਾਣੇਦਾਰ ਨੇ ਗੁਰਦਿਆਲ ਬਾਰੇ ਕਾਫੀ ਪੁੱਛ-ਪੜਤਾਲ ਕੀਤੀ। ਜਦ ਥਾਣੇਦਾਰ ਨੂੰ ਇਹ ਤਸੱਲੀ ਹੋ ਗਈ ਕਿ ਇਹ ਤਾਂ ਬਾਲਾਂਵਾਲੀ ਸਕੂਲ ਦਾ ਡੀ.ਪੀ.ਈ. ਗੁਰਦਿਆਲ ਸਿੰਘ ਹੈ, ਯਸ਼ਪਾਲ ਨਹੀਂ ਤਾਂ ਜਾ ਕੇ ਉਸ ਨੂੰ ਰਿਹਾਅ ਕੀਤਾ ਗਿਆ। ਅਸੀਂ ਮੁੜ ਸ਼ਾਮ ਨੂੰ ਇਕੱਠੇ ਹੋਕੇ ਅਗਲੇ ਦਿਨ ਦੀ ਚੋਣ ਪ੍ਰਚਾਰ ਮੁਹਿੰਮ ਦੀ ਯੋਜਨਾ ਬਣਾਉਣ ਲੱਗੇ।

ਉਸ ਸਮੇਂ ਗੌ.ਟੀ.ਯੂ. ਦੀ ਪੰਜਾਬ ਦੀ ਲੀਡਰਸ਼ਿਪ ਉਪਰ ਕਾਬਜ਼ ਜੋ ਧਿਰ ਸੀ, ਉਹ ਸਰਕਾਰ ਵੱਲੋਂ ਲਾਈ ਗਈ ਐਮਰਜੈਂਸੀ ਦੀ ਹਮਾਇਤ ਕਰ ਰਹੀ ਸੀ। ਉਸ ਦੇ ਆਗੂਆਂ ਤੋਂ ਵੀ ਸਾਨੂੰ ਉਨਾਂ ਹੀ ਬਚ ਕੇ ਰਹਿਣਾ ਪੈਂਦਾ ਸੀ, ਜਿੰਨਾ ਪੁਲਿਸ ਤੋਂ। ਜ਼ਿਲ੍ਹਾ ਪ੍ਰਧਾਨਗੀ ਦੀ ਉਹ ਚੋਣ ਮੈਂ ਜਿੱਤ ਨਹੀਂ ਸਕਿਆ, ਪਰੰਤੂ ਐਮਰਜੈਂਸੀ ਦੇ ਉਸ ਕਾਲੇ ਦੌਰ ਅੰਦਰ, ਖੌਫ਼ ਤੇ ਦਹਿਸਤ ਦੇ ਸਾਏ ਹੇਠ ਵੀ ਲੜੀ ਉਸ ਚੋਣ ‘ਚ ਮੈਨੂੰ ਲਗਭਗ ਇੱਕ ਹਜਾਰ ਅਧਿਆਪਕਾਂ/ਅਧਿਆਪਕਾਵਾਂ ਨੇ ਵੋਟ ਪਾਈ ਸੀ ਤੇ ‘ਲੰਬੀ ਗਰੁੱਪ’ ਦੀ ਵਿਚਾਰਧਾਰ ‘ਚ ਭਰੋਸਾ ਜਤਾਇਆ ਸੀ। ਇਹ ਚੋਣਾ ਮੈਂ ਕੁੱਝ ਕੁ ਵੋਟਾਂ ਦੇ ਫਰਕ ਨਾਲ ਹਾਰ ਗਿਆ ਸੀ। ਮੈਂ ਆਪਣੀ ਵੋਟ ਵੀ ਅਖੀਰਲੇ ਪੰਜਾਂ ਮਿੰਟਾਂ ਦੌਰਾਨ ਬਚ ਬਚਾਕੇ ਮਸਾਂ ਹੀ ਪਾ ਸਕਿਆ ਸੀ । ਸਾਂਝੀ ਅਧਿਆਪਕ ਜਥੇਬੰਦੀ, ਗੋ.ਟੀ.ਯੂ. ਪੰਜਾਬ ਦੀ ਐਮਰਜੈਂਸੀ ਦੌਰਾਨ ਹੋਈ ਇਹ ਉਹੀ ਚੋਣ ਸੀ ਜਿਹੜੀ ਬੀ.ਬੀ.ਸੀ. ਰੇਡੀਓ ਤੋਂ ਪ੍ਰਸਾਰਿਤ ਹੋਈ ਸੀ ਤੇ ਜਿਹੜੀ ਅੱਜ ਤੱਕ ਚਰਚਿਤ ਹੈ। ਜਿਸ ਵਿੱਚ ਐਮਰਜੈਂਸੀ ਦੀ ਹਮਾਇਤੀ ਧਿਰ ਨੂੰ ਪੰਜਾਬ ਪੱਧਰ ਤੇ ਬੁਰੀ ਤਰ੍ਹਾਂ ਹਾਰ ਹੋਈ ਸੀ। ਮੈਂ ਮੁੜ ਜਾਕੇ (1981-83) ਦੀ ਟਰਮ ਵਾਲੀ ਜ਼ਿਲ੍ਹਾ ਪ੍ਰਧਾਨਗੀ ਦੀ ਚੋਣ ਜਿੱਤ ਕੇ ਗੋ.ਟੀ.ਯੂ. ਦੇ ਸੂਬਾਈ ਪ੍ਰਧਾਨਗੀ ਮੰਡਲ ‘ਚ ਤੀਜੀ ਧਿਰ (ਲੰਬੀ ਗਰੁੱਪ) ਵੱਲੋਂ ਜ਼ਿਲ੍ਹਾ ਬਠਿੰਡਾ ਦੀ ਨੁਮਾਇੰਦਗੀ ਕੀਤੀ। ਉਸ ਸਮੇਂ ਐਮਰਜੈਂਸੀ ਖਤਮ ਹੋਣ ਤੋਂ ਬਾਅਦ, ਯੂਨੀਅਨ ਦੇ ਦਬਾਅ ਸਦਕਾ ਬਦਲਾ ਲਊ ਕਾਰਵਾਈ ਅਧੀਨ ਹੋਈਆਂ ਸਾਰੀਆ ਬਦਲੀਆਂ ਰੱਦ ਹੋਣ ਕਾਰਨ ਮੈਂ ਵੀ ਅਗਸਤ 1977 ‘ਚ ਆਪਣੇ ਪਹਿਲੇ ਸਕੂਲ ਸਰਕਾਰੀ ਹਾਈ ਸਕੂਲ ਫੂਲ (ਬਠਿੰਡਾ) ਵਿਖੇ ਮੁੜ ਹਾਜਰ ਹੋ ਚੁੱਕਿਆ ਸੀ।

ਮੋਬਾਈਲ – 98145-35005

 

Leave a Reply

Your email address will not be published. Required fields are marked *