ਰੁਜ਼ਗਾਰ ਦੀ ਗਾਰੰਟੀ ਕਾਨੂੰਨ ਬਣਾਉਣ ਦੀ ਮੰਗ! ਵਲੰਟੀਅਰਜ਼ ਵੱਲੋਂ ਬਨੇਗਾ ਐਕਸ਼ਨ ਡੇ ‘ਤੇ ਮੋਦੀ ਸਰਕਾਰ ਵਿਰੁੱਧ ਪ੍ਰਦਰਸ਼ਨ
ਰੁਜ਼ਗਾਰ ਦੀ ਗਾਰੰਟੀ ਦਾ ਕਾਨੂੰਨ ਬਣਨ ਨਾਲ ਹੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕਦੈ:- ਧਰਮੂਵਾਲਾ, ਝੰਗੜ ਭੈਣੀ
ਪਰਮਜੀਤ ਢਾਬਾਂ, ਫਾਜ਼ਿਲਕਾ
ਰੁਜ਼ਗਾਰ ਦੀ ਗਾਰੰਟੀ ਦਾ ਕਾਨੂੰਨ: ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਬਨੇਗਾ ਪ੍ਰਾਪਤੀ ਮੁਹਿੰਮ ਦੇ ਬੈਨਰ ਹੇਠ ਅੱਜ ਇਥੇ ਡਿਪਟੀ ਕਮਿਸ਼ਨਰ ਦਫਤਰ ਅੱਗੇ 90 ਘੰਟੇ ਕੰਮ ਹਫਤੇ ਦੀ ਤਜਵੀਜ ਖਿਲਾਫ ਅਤੇ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਅਤੇ 6 ਘੰਟੇ ਦੀ ਕਾਨੂੰਨੀ ਕੰਮ ਦਿਹਾੜੀ ਦੀ ਪ੍ਰਾਪਤੀ ਲਈ ਇੱਥੇ ਬਨੇਗਾ ਵਲੰਟੀਅਰਜ਼ ਵੱਲੋਂ “ਬਨੇਗਾ ਐਕਸ਼ਨ ਡੇ” ਤੇ ਪ੍ਰਦਰਸ਼ਨ ਕੀਤਾ ਗਿਆ।
ਇਸ ਪ੍ਰਦਰਸ਼ਨ ਦੀ ਅਗਵਾਈ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਧਰਮੂ ਵਾਲਾ, ਜ਼ਿਲ੍ਹਾ ਸਕੱਤਰ ਸਟਾਲਿਨ ਲਮੋਚੜ, ਸਰਬ ਭਾਰਤ ਨੌਜਵਾਨ ਸਭਾ ਦੇ ਜਿਲ੍ਹਾ ਪ੍ਰਧਾਨ ਸ਼ੁਬੇਗ ਝੰਗੜ ਭੈਣੀ, ਜ਼ਿਲ੍ਹਾ ਸਕੱਤਰ ਹਰਭਜਨ ਛੱਪੜੀ ਵਾਲਾ , ਸੀਨੀਅਰ ਆਗੂ ਨਰਿੰਦਰ ਢਾਬਾਂ, ਗੁਰਦਿਆਲ ਢਾਬਾਂ, ਕੁਲਦੀਪ ਬੱਖੂ ਸ਼ਾਹ ਅਤੇ ਸੋਨੂੰ ਧੁਨਕੀਆਂ ਨੇ ਕੀਤੀ।
ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸਾਥੀ ਰਮਨ ਧਰਮੂ ਵਾਲਾ ਅਤੇ ਸ਼ੁਬੇਗ ਝੰਗੜ ਭੈਣੀ ਨੇ ਕਿਹਾ ਕਿ ਮੌਜੂਦਾ ਕੇਂਦਰ ਦੀ ਸਰਕਾਰ ਅਤੇ ਦੇਸ਼ ਦੇ ਪੂੰਜੀਪਤੀਆਂ ਵੱਲੋਂ 12 ਘੰਟੇ ਕਾਨੂੰਨੀ ਕੰਮ ਦਿਹਾੜੀ ਅਤੇ 90 ਘੰਟੇ ਦਾ ਹਫਤਾ ਨੀਤੀਆਂ ਲਾਗੂ ਕਰਨ ਦੀਆਂ ਤਜਵੀਜ਼ਾ ਲਿਆ ਕੇ ਦੇਸ਼ ਦੀ ਜਵਾਨੀ ਨੂੰ ਘੋਰ ਨਿਰਾਸ਼ਾ ਅਤੇ ਨਸ਼ਿਆਂ ਵਰਗੀਆਂ ਅਲਾਮਤਾਂ ਵੱਲ ਧੱਕਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ।
ਇਸ ਤਜਵੀਜ ਦੇ ਲਾਗੂ ਹੋਣ ਨਾਲ ਕੰਮ ਤੇ ਲੱਗੇ ਕਾਮਿਆਂ ਦਾ ਕੰਮ ਬੋਝ ਖਤਰਨਾਕ ਹੱਦ ਤੱਕ ਵੱਧ ਜਾਵੇਗਾ ਅਤੇ ਦੂਜੇ ਪਾਸੇ ਐਤਵਾਰ ਦੀ ਛੁੱਟੀ ਵੀ ਖ਼ਤਮ ਹੋ ਜਾਵੇਗੀ,ਜੋ ਕਿ ਦੇਸ਼ ਅਤੇ ਕਿਰਤੀਆਂ ਵਿਰੋਧੀ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਆਗੂਆਂ ਨੇ ਅੱਗੇ ਸੰਬੋਧਨ ਕਰਦਿਆਂ ਕਿਹਾ ਪੰਜਾਬ ਸੂਬੇ ਅੰਦਰ ਲਗਾਤਾਰ ਵੱਧ ਰਹੇ ਨਸ਼ਿਆਂ ਨੂੰ ਰੋਕਣ ਲਈ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕੀਤਾ ਜਾ ਰਿਹਾ ਹੈ, ਪ੍ਰੰਤੂ ਉਸ ਦਿਨ ਨਤੀਜੇ ਫਲਦਾਇਕ ਮਿਲਣੇ ਸਾਬਤ ਨਹੀਂ ਹੋ ਰਹੇ। ਆਗੂਆਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਜੇਕਰ ਸੂਬੇ ਅੰਦਰੋਂ ਮੁਕੰਮਲ ਤੌਰ ਤੇ ਨਸ਼ਿਆਂ ਦੀ ਜੜ੍ਹ ਨੂੰ ਪੁੱਟਣਾ ਹੈ ਤਾਂ ਸਭ ਲਈ ਰੁਜ਼ਗਾਰ ਦੀ ਗਾਰੰਟੀ ਕਰਨੀ ਹੋਵੇਗੀ, ਜਿਸ ਨਾਲ ਨੌਜਵਾਨ ਗਲਤ ਅਲਾਮਤਾਂ ਵਾਲੇ ਪਾਸੇ ਜਾਣ ਤੋਂ ਖੁਦ ਬਾ ਖੁਦ ਰੁਕ ਜਾਵੇਗਾ। ਰੁਜ਼ਗਾਰ ਦੀ ਗਰੰਟੀ ਕਰਨ ਨਾਲ ਹੀ ਦੇਸ਼ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਮੁਕੰਮਲ ਤੌਰ ਤੇ ਕੱਢਿਆ ਜਾ ਸਕਦਾ ਹੈ।
ਉਹਨਾਂ ਕਿਹਾ ਕਿ ਬਨੇਗਾ ਪ੍ਰਾਪਤੀ ਮੁਹਿੰਮ ਵੱਲੋਂ ਹਰ ਇੱਕ ਲਈ ਰੁਜ਼ਗਾਰ ਦੀ ਗਾਰੰਟੀ ਕਰਦੇ ਬਨੇਗਾ ਭਾਵ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਨੂੰ ਪਾਰਲੀਮੈਂਟ ਵਿਚੋਂ ਪਾਸ ਕਰਵਾਉਣ ਅਤੇ 6 ਘੰਟੇ ਦੀ ਕਾਨੂੰਨੀ ਕੰਮ ਦਿਹਾੜੀ ਲਾਗੂ ਕਰਵਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ਜੋ ਜਿੱਤ ਪ੍ਰਾਪਤੀ ਤੱਕ ਜਾਰੀ ਰਹੇਗਾ। ਇਸ ਬਨੇਗਾ ਪ੍ਰਦਰਸ਼ਨ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਆਗੂ ਆਗੂ ਸਤੀਸ਼ ਛੱਪੜੀ ਵਾਲਾ, ਪ੍ਰਵੀਨ ਰਾਣੀ ਹਸਤਾ ਕਲਾਂ, ਸੰਦੀਪ ਜੋਧਾ, ਹਰਚਰਨ ਪਾਲੀ ਵਾਲਾ ਆਦਿ ਆਗੂ ਤੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।

