ਘੱਗਰ ਦਰਿਆ ਦਾ ਜਾਇਜ਼ਾ ਲੈਣ ਪੁੱਜੇ DC, ਕਿਹਾ…

All Latest NewsNews FlashPunjab News

 

Punjab Breaking: ਸੰਭਾਵੀ ਹੜ੍ਹਾਂ ਤੋਂ ਬਚਾਅ ਲਈ ਰਣਨੀਤਕ ਥਾਵਾਂ ‘ਤੇ ਸਾਰੇ ਪ੍ਰਬੰਧ ਮੁਕੰਮਲ- ਡੀ.ਸੀ.

Punjab Breaking: ਮਾਨਸੂਨ ਸੀਜ਼ਨ ਦੇ ਮੱਦੇਨਜ਼ਰ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਬਾਦਸ਼ਾਹਪੁਰ ਅਤੇ ਹਰਚੰਦਪੁਰਾ ਵਿਖੇ ਘੱਗਰ ਦਰਿਆ ਦਾ ਦੌਰਾ ਕਰਕੇ ਵਹਿ ਰਹੇ ਪਾਣੀ ਦਾ ਨਿਰੀਖਣ ਕੀਤਾ।

ਇਸ ਮੌਕੇ ਉਨ੍ਹਾਂ ਨੇ ਸਥਾਨਕ ਵਸਨੀਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਤੇ ਡਰੇਨੇਜ ਵਿਭਾਗ ਵੱਲੋਂ ਪਾਣੀ ਦੇ ਵਹਾਅ ਦੀ ਸਥਿਤੀ ‘ਤੇ ਪਲ-ਪਲ ਦੀ ਨਿਗਰਾਨੀ ਰੱਖੀ ਜਾ ਰਹੀ ਹੈ, ਜਿਸ ਲਈ ਲੋਕਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਅਤੇ ਨਾ ਹੀ ਕਿਸੇ ਕਿਸਮ ਦੀਆਂ ਅਫ਼ਵਾਹਾਂ ‘ਤੇ ਯਕੀਨ ਕਰਨਾ ਚਾਹੀਦਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਨੇ ਨਾਗਰਿਕਾਂ ਦੀ ਜਾਨ ਤੇ ਮਾਲ ਦੀ ਸੁਰੱਖਿਆ ਲਈ ਪੁਖਤਾ ਇੰਤਜ਼ਾਮ ਕੀਤੇ ਹਨ ਅਤੇ ਡਰੇਨੇਜ ਵਿਭਾਗ ਨੇ ਨਦੀਆਂ ਦੇ ਡਰੋਨ ਨਾਲ ਨਿਰੀਖਣ ਕਰਕੇ ਨਾਜ਼ੁਕ ਖੇਤਰਾਂ ਵਿਖੇ ਬੰਨ੍ਹਾਂ ਦੀ ਮੁਰੰਮਤ ਤੇ ਮਜ਼ਬੂਤੀ ਲਈ ਵਿਸ਼ੇਸ਼ ਪ੍ਰਬੰਧ ਵੀ ਕੀਤੇ ਹਨ।ਉਨ੍ਹਾਂ ਦੇ ਨਾਲ ਐਸ.ਡੀ.ਐਮ. ਅਸ਼ੋਕ ਕੁਮਾਰ ਅਤੇ ਡਰੇਨੇਜ ਵਿਭਾਗ ਦੇ ਕਾਰਜਕਾਰੀ ਪ੍ਰਥਮ ਗੰਭੀਰ ਵੀ ਮੌਜੂਦ ਸਨ।

ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਹੜ੍ਹਾਂ ਕਰਕੇ ਹੋਏ ਨੁਕਸਾਨ ਦੇ ਮੱਦੇਨਜ਼ਰ ਉਨ੍ਹਾਂ ਨੇ ਘੱਗਰ ਤੇ ਹੋਰਨਾਂ ਦਰਿਆਵਾਂ ਦੀਆਂ ਨਾਜ਼ੁਕ ਥਾਵਾਂ ਦਾ ਖ਼ੁਦ ਦੌਰਾ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਸਥਾਨਕ ਨਿਵਾਸੀਆਂ ਨਾਲ ਗੱਲਬਾਤ ਕਰਕੇ ਫੀਡਬੈਕ ਵੀ ਲਈ ਤੇ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੜ੍ਹਾਂ ਦੀ ਰੋਕਥਾਮ ਸਬੰਧੀ ਜਲ ਨਿਕਾਸ ਤੇ ਹੋਰ ਸਬੰਧਤ ਵਿਭਾਗਾਂ ਨੂੰ ਲੋੜੀਂਦੇ ਅਗਾਊਂ ਪ੍ਰਬੰਧ ਪੁਖ਼ਤਾ ਕਰਨ ਦੀਆਂ ਹਦਾਇਤਾਂ ਕਰੀਬ ਚਾਰ ਮਹੀਨੇ ਪਹਿਲਾਂ ਹੀ ਦੇ ਦਿੱਤੀਆਂ ਗਈਆਂ ਸਨ, ਜਿਸ ਤਹਿਤ ਵਿਭਾਗ ਤੇ ਪੂਰਾ ਪ੍ਰਸ਼ਾਸਨ ਪੱਬਾਂ ਭਾਰ ਹੈ।

ਡੀ.ਸੀ. ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸੰਭਾਵੀ ਹੜ੍ਹਾਂ ਤੋਂ ਬਚਾਅ ਲਈ ਰਣਨੀਤਕ ਥਾਵਾਂ ‘ਤੇ ਮਿੱਟੀ ਨਾਲ ਭਰੇ ਏ.ਸੀ. ਥੈਲਿਆਂ ਦਾ ਸਟਾਕ ਜਮ੍ਹਾਂ ਕਰਨ ਸਮੇਤ ਮਗਨਰੇਗਾ ਤੇ ਜਲ ਸਰੋਤ ਵਿਭਾਗ ਵੱਲੋਂ ਲੋਂੜੀਦੇ ਬਚਾਅ ਕਾਰਜ ਪਹਿਲਾਂ ਹੀ ਕੀਤੇ ਜਾ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਜਲ ਸਰੋਤ ਤੇ ਲੋਕ ਨਿਰਮਾਣ ਵਿਭਾਗ ਨੂੰ ਪਾਣੀ ਦੇ ਵਹਾਅ ਵਿੱਚ ਆਉਣ ਵਾਲੀਆਂ ਰੁਕਾਵਟਾਂ, ਜੋਕਿ ਪਿਛਲੇ ਸਾਲ ਪਛਾਣੀਆਂ ਗਈਆਂ ਸਨ, ਨੂੰ ਵੀ ਦੂਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਡੀ.ਸੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਤੇ ਮਾਨਸੂਨ ਸੀਜ਼ਨ ਵਿੱਚ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਵੀ ਪੂਰੀ ਤਿਆਰੀ ਹੈ।

ਐਕਸੀਐਨ ਪ੍ਰਥਮ ਗੰਭੀਰ ਨੇ ਦੱਸਿਆ ਕਿ ਡਰੇਨੇਜ ਵਿਭਾਗ ਦੀ ਹਰਿਆਣਾ ਤੇ ਹਿਮਾਚਲ ਤੋਂ ਆਉਂਦੇ ਪਾਣੀ ਦੀਆਂ ਗੇਜਾਂ ‘ਤੇ ਪੂਰੀ ਨਜ਼ਰ ਹੈ ਤੇ ਅਪਸਟਰੀਮ ਸਮੇਤ ਡਾਊਨ ਸਟਰੀਮ ‘ਤੇ ਵੀ ਪੂਰਾ ਅਮਲਾ ਲਗਾਇਆ ਗਿਆ ਹੈ।ਉਨ੍ਹਾਂ ਕਿਹਾ ਕਿ ਇਸ ਵੇਲੇ ਘੱਗਰ ਨਦੀ ਵਿੱਚ ਮਾਰਕੰਡਾ ਦਰਿਆ ਦਾ ਦਸ ਫੁੱਟ ਪਾਣੀ ਆ ਰਿਹਾ ਹੈ ਅਤੇ ਇਹ ਖਤਰੇ ਦੇ ਨਿਸ਼ਾਨ ਤੋਂ ਕਾਫ਼ੀ ਘੱਟ ਹੈ।

ਇਸ ਮੌਕੇ ਐਸਡੀਓ ਗੁਲਸ਼ਨ ਕੁਮਾਰ, ਜੇਈਜ ਸਤਨਾਮ ਸਿੰਘ ਅਤੇ ਪਰਦੀਪ ਸਿੰਘ ਸਮੇਤ ਇਲਾਕੇ ਦੇ ਲੋਕ, ਸਰਪੰਚ ਤੇ ਪੰਚਾਇਤ ਮੈਂਬਰ ਵੀ ਹਾਜ਼ਰ ਸਨ।

 

Media PBN Staff

Media PBN Staff

Leave a Reply

Your email address will not be published. Required fields are marked *