ਜਲੰਧਰ ਜ਼ਿਮਨੀ ਚੋਣ, ਪੀੜਤ ਦੁੱਖੜੇ ਰੋਣ! ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ 7 ਜੁਲਾਈ ਨੂੰ ਜਲੰਧਰ ‘ਚ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ
ਜਲੰਧਰ ਜ਼ਿਮਨੀ ਚੋਣ: ਸਰਕਾਰ ਨੇ 27 ਮਹੀਨੇ ਵਿੱਚ ਇੱਕ ਵੀ ਪੋਸਟ ਨਹੀਂ ਕੱਢੀ: ਢਿੱਲਵਾਂ
ਦਲਜੀਤ ਕੌਰ, ਸੰਗਰੂਰ/ਜਲੰਧਰ
ਜਲੰਧਰ ਜ਼ਿਮਨੀ ਚੋਣ: ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਪਿਛਲੀਆਂ ਰਵਾਇਤੀ ਸਰਕਾਰਾਂ ਵਾਂਗ ਸਿਰਫ ਫੋਕੀ ਇਸ਼ਤਿਹਾਰ ਬਾਜ਼ੀ ਰਾਹੀਂ ਰੁਜ਼ਗਾਰ ਦੇ ਅੰਕੜੇ ਪੇਸ਼ ਕਰਕੇ ਵਾਹਵਾ ਖੱਟਣ ਦੀ ਤਾਕ ਵਿੱਚ ਹੈ, ਪ੍ਰੰਤੂ ਪੰਜਾਬ ਦਾ ਬੇਰੁਜ਼ਗਾਰ ਵਰਗ ਆਪਣੇ ਯਤਨਾਂ ਰਾਹੀਂ ਪੰਜਾਬ ਦੇ ਲੋਕਾਂ ਨੂੰ ਅਸਲੀ ਤਸਵੀਰ ਵਿਖਾਉਣ ਵਿੱਚ ਸਫ਼ਲ ਰਿਹਾ ਹੈ ਅਤੇ ਆਉਂਦੀ ਸਥਾਨਕ ਜ਼ਿਮਨੀ ਚੋਣ ਵਿੱਚ 7 ਜੁਲਾਈ ਨੂੰ ਜ਼ੋਰਦਾਰ ਰੋਸ ਪ੍ਰਦਰਸ਼ਨ ਰਾਹੀਂ ਹਲਕੇ ਦੇ ਵੋਟਰਾਂ ਨੂੰ ਜਾਗਰੂਕ ਕਰਦਿਆਂ ਰੁਜ਼ਗਾਰ ਪ੍ਰਤੀ ਸਰਕਾਰ ਦੀ ਬੇਰੁਖੀ ਨੂੰ ਜਨਤਕ ਕੀਤਾ ਕਰੇਗਾ।
ਉਪਰੋਤਕ ਜਾਣਕਾਰੀ ਦਿੰਦਿਆਂ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ, ਜਸਵੰਤ ਘੁਬਾਇਆ, ਰਮਨ ਕੁਮਾਰ ਮਲੋਟ, ਹਰਜਿੰਦਰ ਸਿੰਘ ਝੁਨੀਰ ਅਤੇ ਹਰਜਿੰਦਰ ਸਿੰਘ ਬੁਢਲਾਡਾ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਮੌਕੇ ਪੁਲਿਸ ਲਾਠੀਚਾਰਜ਼ ਝੱਲਦੇ ਅਤੇ ਟੈਂਕੀਆਂ ਉੱਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕਰਦੇ ਬੇਰੁਜ਼ਗਾਰਾਂ ਦੇ ਹਾਲਾਤ 27 ਮਹੀਨਿਆਂ ਵਿੱਚ ਹੋਰ ਬਦਤਰ ਹੋਏ ਹਨ।
ਅਜੇ ਵੀ ਜਿਉਂ ਦੀ ਤਿਉਂ ਪੱਗਾਂ/ਚੁੰਨੀਆਂ ਲੱਥ ਰਹੀਆਂ ਹਨ। ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਪਹਿਲ ਦੇ ਆਧਾਰ ਉੱਤੇ ਭਰਤੀ ਕਰਨ, ਸਿੱਖਿਆ ਵਿਭਾਗ ਵਿੱਚ ਭਰਤੀ ਕੈਲੰਡਰ ਲਾਗੂ ਕਰਨ, ਪਿਛਲੀਆਂ ਸਰਕਾਰਾਂ ਦੀ ਨਾਕਾਮੀ ਕਾਰਨ ਓਵਰਏਜ਼ ਹੋਏ ਬੇਰੁਜ਼ਗਾਰਾਂ ਨੂੰ ਉੱਮਰ ਹੱਦ ਛੋਟ ਦੇਣ ਦੇ ਝਾਂਸੇ ਲਾਰੇ ਸਾਬਤ ਹੋ ਚੁੱਕੇ ਹਨ।
ਉਹਨਾਂ ਦੱਸਿਆ ਕਿ ਸਿੱਖਿਆ ਵਿਭਾਗ ਵਿੱਚ ਨਰਸਰੀ ਤੋਂ ਲੈਕੇ ਪ੍ਰੋਫੈਸਰ ਕਾਡਰ ਤੱਕ ਇੱਕ ਵੀ ਅਸਾਮੀ ਦਾ ਇਸ਼ਤਿਹਾਰ ਜਾਰੀ ਨਹੀਂ ਕੀਤਾ ਗਿਆ, ਪੰਜਾਬ ਦੇ ਸਿਹਤ ਪੱਧਰ ਨੂੰ ਉੱਚਾ ਚੁੱਕਣ ਲਈ ਸਿਹਤ ਵਿਭਾਗ ਵਿੱਚ ਮਲਟੀਪਰਪਜ਼ ਹੈਲਥ ਵਰਕਰ ਦੀ “ਸਿੰਗਲ ਪੋਸਟ” ਵੀ ਜਾਰੀ ਨਹੀਂ ਕੀਤੀ ਗਈ। ਉਮਰ ਹੱਦ ਛੋਟ ਦੇਣ ਸਬੰਧੀ ਭਰਤੀ ਨਿਯਮ ਨਹੀਂ ਸੋਧੇ ਗਏ।
ਕਾਂਗਰਸ ਮੌਕੇ ਮਾਸਟਰ ਕੇਡਰ ਲਈ ਗ੍ਰੈਜੂਏਸ਼ਨ ਵਿੱਚੋ 55 ਪ੍ਰਤੀਸ਼ਤ ਅੰਕ ਲਾਜ਼ਮੀ ਹੋਣ ਦੀ ਥੋਪੀ ਗਈ ਬੇਤੁਕੀ ਸ਼ਰਤ ਰੱਦ ਨਹੀਂ ਕੀਤੀ ਗਈ, ਆਰਟ ਐਂਡ ਕਰਾਫਟ ਦੀਆਂ 250 ਜਾਰੀ ਅਸਾਮੀਆਂ ਦਾ ਲਿਖਤੀ ਪੇਪਰ ਨਹੀਂ ਲਿਆ ਗਿਆ।
ਉਹਨਾਂ ਦੱਸਿਆ ਕਿ ਉਕਤ ਮੰਗਾਂ ਸਬੰਧੀ, ਮਾਸਟਰ ਕੇਡਰ ਦੇ ਸਾਰੇ ਵਿਸ਼ਿਆਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਉੱਤੇ ਭਰਤੀ ਕਰਨ ਅਤੇ ਲੈਕਚਰਾਰ ਦੇ ਸਾਰੇ ਵਿਸ਼ਿਆਂ ਉੱਤੇ ਭਰਤੀ ਕਰਨ ਅਤੇ ਉਮਰ ਹੱਦ ਛੋਟ ਦੇਣ ਦੀ ਮੰਗ ਨੂੰ ਲੈਕੇ ਪਿਛਲੀਆ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਮੰਗ ਪੱਤਰ ਦੇਣ ਦੀ ਮੁਹਿੰਮ ਵਿੱਢੀ ਸੀ।
ਹੁਣ ਸਥਾਨਕ ਜ਼ਿਮਨੀ ਚੋਣ ਵਿੱਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਸ਼ਹਿਰ ਅੰਦਰ ਰੋਸ ਮਾਰਚ ਕਰਕੇ ਮੁੱਖ ਮੰਤਰੀ ਦੀ ਕੋਠੀ ਸਥਾਨਕ ਆਰਜ਼ੀ ਨਿੱਜੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਲੋਕਾਂ ਨਾਲ ਛਲਾਵਾ ਕਰਨ ਵਾਲਿਆਂ ਨੂੰ ਪੰਜਾਬ ਦੇ ਅਣਖੀ, ਸੰਘਰਸ਼ੀ ਅਤੇ ਜਾਗਰੂਕ ਵੋਟਰ ਕਦੇ ਵੀ ਮੁਆਫ ਨਹੀ ਕਰਦੇ ਅਤੇ ਮੁੜ ਮੌਕਾ ਨਹੀ ਦਿੰਦੇ।
ਵਰਨਣਯੋਗ ਹੈ ਕਿ ਪੰਜਾਬ ਦੇ ਸਮੂਹ ਬੇਰੁਜ਼ਗਾਰਾਂ ਦੇ ਰੁਜ਼ਗਾਰ ਲਈ ਪੰਜ ਬੇਰੁਜ਼ਗਾਰ ਜਥੇਬੰਦੀਆਂ (ਬੀ ਐਡ ਟੈੱਟ ਪਾਸ, ਆਰਟ ਐਂਡ ਕਰਾਫਟ, ਓਵਰਏਜ਼ ਬੀ ਐਡ ਟੈੱਟ ਪਾਸ, ਮੈਥ/ਸਾਇੰਸ ਬੀ ਐਡ ਟੈੱਟ ਪਾਸ ਅਤੇ ਮਲਟੀਪਰਪਜ਼ ਹੈਲਥ ਵਰਕਰ) ਉੱਤੇ ਆਧਾਰਤ ਮੋਰਚਾ ਪਿਛਲੇ ਸਮੇਂ ਤੋਂ ਯਤਨਸ਼ੀਲ਼ ਹੈ।