ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ ਵੱਲੋਂ PHD ਦਾਖਲੇ ਲਈ ਨੋਟੀਫਿਕੇਸ਼ਨ ਜਾਰੀ
PHD ਦਾਖਲੇ ਲਈ ਨੋਟੀਫਿਕੇਸ਼ਨ
ਕੁੱਲ 23 ਵਿਸ਼ਿਆਂ ਵਿੱਚ 366 ਸੀਟਾਂ, ਪੰਜਾਬੀ ਵਿਸ਼ੇ ਵਿੱਚ 4 ਸੀਟਾਂ ਉਪਲਬਧ
ਸ੍ਰੀ ਗੰਗਾਨਗਰ-
ਰਾਜਸਥਾਨ ਦੀ ਸਟੇਟ ਯੂਨੀਵਰਸਿਟੀ ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ, ਬੀਕਾਨੇਰ ਵੱਲੋਂ ਪੀਐਚ.ਡੀ. (PHD) ਪ੍ਰੋਗਰਾਮ 2025 ਲਈ ਦਾਖਲੇ ਸਬੰਧੀ ਅਧਿਕਾਰਿਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ, ਜਿਸ ਦੇ ਤਹਿਤ ਕੁੱਲ 23 ਵਿਸ਼ਿਆਂ ਦੀਆਂ 366 ਸੀਟਾਂ ਵਿੱਚ ਦਾਖਲਾ ਦਿੱਤਾ ਜਾਵੇਗਾ।
ਇਸ ਯੂਨੀਵਰਸਿਟੀ ਵਿਖੇ ਪੰਜਾਬੀ ਵਿਸ਼ੇ ਦੇ ਕਨਵੀਨਰ ਅਤੇ ਗੁਰੂ ਹਰਗੋਬਿੰਦ ਸਾਹਿਬ ਪੀ.ਜੀ. ਕਾਲਜ, ਸੀ.ਸੀ. ਹੈਡ ਦੇ ਪ੍ਰਿੰਸੀਪਲ ਡਾ. ਸੰਦੀਪ ਸਿੰਘ ਮੁੰਡੇ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਵਾਰ ਪੰਜਾਬੀ ਵਿਸ਼ੇ ਵਿੱਚ ਪੀਐਚ.ਡੀ. (PHD) ਲਈ 4 ਸੀਟਾਂ ਨਿਰਧਾਰਤ ਕੀਤੀਆਂ ਗਈਆਂ ਹਨ।
ਇਹ ਉਨ੍ਹਾਂ ਖੋਜਰਥੀਆਂ ਲਈ ਇੱਕ ਸੁਨਿਹਰਾ ਅਵਸਰ ਹੈ, ਜੋ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਖੇਤਰ ਵਿੱਚ ਉੱਚ ਪੱਧਰੀ ਅਕਾਦਮਿਕ ਖੋਜ ਕਰਨ ਦੀ ਇੱਛਾ ਰੱਖਦੇ ਹਨ। ਯੂਨੀਵਰਸਿਟੀ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਆਨਲਾਈਨ ਫ਼ਾਰਮ ਭਰਨ ਦੀ ਪ੍ਰਕਿਰਿਆ 5 ਜੁਲਾਈ 2025 ਤੋਂ ਸ਼ੁਰੂ ਹੋ ਕੇ 18 ਜੁਲਾਈ 2025 ਤੱਕ ਚਲੇਗੀ।
ਆਨਲਾਈਨ ਫ਼ਾਰਮ ਭਰਨ ਤੋਂ ਬਾਅਦ ਉਮੀਦਵਾਰਾਂ ਨੂੰ 25 ਜੁਲਾਈ 2025 ਤੱਕ ਆਪਣੇ ਆਵੇਦਨ ਫ਼ਾਰਮ ਦੀ ਹਾਰਡ ਕਾਪੀ ਯੂਨੀਵਰਸਿਟੀ ਵਿੱਚ ਜਮ੍ਹਾਂ ਕਰਵਾਣੀ ਲਾਜ਼ਮੀ ਹੋਵੇਗੀ।
ਯੋਗਤਾਧਾਰੀ ਉਮੀਦਵਾਰ ਯੂਨੀਵਰਸਿਟੀ ਦੀਆਂ ਅਧਿਕਾਰਕ ਵੈੱਬਸਾਈਟਾਂ www.mgsubikaner.ac.in ਅਤੇ www.univindia.net ’ਤੇ ਜਾ ਕੇ ਵਿਸਥਾਰਪੂਰਕ ਨੋਟੀਫਿਕੇਸ਼ਨ ਦੇਖ ਸਕਦੇ ਹਨ ਅਤੇ ਆਨਲਾਈਨ ਆਵੇਦਨ ਕਰ ਸਕਦੇ ਹਨ।
ਇੱਥੇ ਜਿਕਰਯੋਗ ਹੈ ਕਿ ਡਾ. ਸੰਦੀਪ ਸਿੰਘ ਮੁੰਡੇ ਰਾਜਸਥਾਨ ਦੀ ਕਿਸੇ ਵੀ ਸਰਕਾਰੀ (ਸਟੇਟ) ਯੂਨੀਵਰਸਿਟੀ ਵਿੱਚ ਪੰਜਾਬੀ ਵਿਸ਼ੇ ਨਾਲ ਸੰਬੰਧਤ ਪੀਐਚ.ਡੀ. ਖੋਜ ਨਿਗਰਾਨ ਵਜੋਂ ਰਜਿਸਟਰਡ ਹੋਣ ਵਾਲੇ ਪਹਿਲੇ ਅਤੇ ਹੁਣ ਤੱਕ ਦੇ ਇਕਲੌਤੇ ਵਿਦਵਾਨ ਹਨ।
ਡਾ. ਮੁੰਡੇ ਦੀ ਇਸ ਅਕਾਦਮਿਕ ਪ੍ਰਾਪਤੀ ਨਾਲ ਰਾਜਸਥਾਨ ਦੇ ਉੱਚ ਸ਼ਿੱਖਿਆ ਖੇਤਰ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਅਧਿਐਨ ਨੂੰ ਇੱਕ ਨਵੀਂ ਪਹਚਾਨ ਅਤੇ ਗਤੀਵਿਧਾਨ ਪ੍ਰਾਪਤ ਹੋਇਆ ਹੈ, ਜੋ ਕਿ ਰਾਜਸਥਾਨ ਵਿੱਚ ਪੰਜਾਬੀ ਦੀ ਹੋਂਦ ਅਤੇ ਮਹੱਤਤਾ ਨੂੰ ਮਜ਼ਬੂਤੀ ਦੇਣ ਵੱਲ ਇੱਕ ਠੋਸ ਕਦਮ ਹੈ।