ਸਕੂਲ ਅਧਿਆਪਕਾਂ ਨੂੰ ਗੁਲਾਮੀ ਅਤੇ ਡਰ ਦੇ ਮਾਹੌਲ ਵਿਚ ਰੱਖਣ ਦੀ ਸਾਜਿਸ਼
ਸਕੂਲ ਟੀਚਰਜ਼ ਫੈਡਰੇਸ਼ਨ ਆਫ ਇੰਡੀਆ ਦੀ 9 ਵੀਂ ਤਿੰਨ ਸਾਲਾ ਸਿਲਵਰ ਜੁਬਲੀ ਆਲ ਇੰਡੀਆ ਕਾਨਫਰੰਸ ਕੋਲਕਾਤਾ ਵਿਖੇ ਜੋਸ਼ੋ ਖਰੋਸ਼ ਨਾਲ ਸ਼ੁਰੂ
ਸਰਵਪੱਖੀ ਵਿਕਾਸ ਲਈ ਸਰਵਜਨਿਕ ਸਿੱਖਿਆ ਬਚਾਓ, ਸਿਹਤਮੰਦ ਲੋਕਤੰਤਰ ਲਈ ਸੰਵਿਧਾਨ ਬਚਾਓ
ਪਰਮਜੀਤ ਢਾਬਾਂ ਕੋਲਕਾਤਾ-
ਦੇਸ਼ ਦੇ ਲੱਖਾਂ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਸਕੂਲ ਟੀਚਰਜ਼ ਫੈਡਰੇਸ਼ਨ ਆਫ ਇੰਡੀਆ ਦੀ 9 ਵੀਂ ਤਿੰਨ ਸਾਲਾ ਕਾਨਫਰੰਸ ਕੋਲਕਾਤਾ ਪੱਛਮੀ ਬੰਗਾਲ ਦੇ ਮਹਾਜਤੀ ਸਦਨ ਵਿਖੇ ਜੋਸ਼ੋ ਖਰੋਸ਼ ਨਾਲ ਜਨਰਲ ਸਕੱਤਰ ਸੀ ਐਨ ਭਾਰਤੀ ਅਤੇ ਪ੍ਰਧਾਨ ਕੇ ਸੀ ਹਰੀਕ੍ਰਿਸ਼ਨਨ ਦੀ ਅਗਵਾਈ ਹੇਠ ਰਾਸ਼ਟਰੀ ਝੰਡਾ ਅਤੇ ਜਥੇਬੰਦੀ ਦਾ ਝੰਡਾ ਲਹਿਰਾਉਣ ਨਾਲ ਸ਼ੁਰੂ ਹੋਇਆ।
ਉਦਘਾਟਨੀ ਸਮਾਰੋਹ ਦੌਰਾਨ ਰਬਿੰਦਰ ਭਾਰਤੀ ਯੂਨੀਵਰਸਿਟੀ ਦੇ ਸਾਬਕਾ ਉਪਕੁਲਪਤੀ ਪਬਿਤਰਾ ਸਰਕਾਰ ਨੇ ਕਿਹਾ ਕਿ ਸੰਵਿਧਾਨ ਲਾਗੂ ਹੋਣ ਤੋਂ 75 ਸਾਲ ਬਾਅਦ ਭਾਰਤ ਦਾ ਬਹੁਤ ਵੱਡਾ ਸਿੱਖਿਆ ਤੰਤਰ ਹੋਣ ਦੇ ਬਾਵਜੂਦ 20 ਪ੍ਰਤੀਸ਼ਤ ਲੋਕ ਅਨਪੜ੍ਹ ਹਨ, ਨਵੀਂ ਸਿੱਖਿਆ ਨੀਤੀ 2020 ਦੇ ਖਰੜੇ ਦੀ ਭਾਸ਼ਾ ਹੀ ਇੰਨੀ ਗੁੰਝਲਦਾਰ ਹੈ ਜਿਸਨੂੰ ਸਮਝਣਾ ਹੀ ਬਹੁਤ ਔਖਾ ਹੈ। ਕੇਂਦਰ ਦੀ ਸਰਕਾਰ ਦੇ ਨੇਤਾ ਸਿੱਖਿਆ ਸਬੰਧੀ ਗੱਲ ਸੁਣਨ ਨੂੰ ਤਿਆਰ ਨਹੀਂ ਹਨ, ਬੱਚਿਆਂ ਨੂੰ ਪੜ੍ਹਾਉਣ ਲਈ ਹੀ ਨਹੀਂ ਰਾਜੀ ਹਨ। ਬੱਚਿਆਂ ਤੋਂ ਸਾਇੰਸ ਦੀ ਪੜ੍ਹਾਈ ਖੋਹੀ ਜਾ ਰਹੀ ਹੈ।
ਦੇਸ਼ ਦੇ ਅਸਲੀ ਇਤਿਹਾਸ ਨੂੰ ਭਗਵੀਂ ਪਰਤ ਚਾੜ੍ਹ ਕੇ ਇਤਿਹਾਸਕ ਘਟਨਾਵਾਂ ਅਤੇ ਕ੍ਰਾਂਤੀਕਾਰੀ ਨਾਇਕਾਂ ਨੂੰ ਲੁਕੋਇਆ ਜਾ ਰਿਹਾ ਹੈ ਜਾ ਰਿਹਾ ਹੈ। ਕੱਲਕੱਤਾ ਯੂਨੀਵਰਸਿਟੀ ਦੇ ਪ੍ਰੋਫੈਸਰ ਸਿਮੋਲ ਚੱਕਰਵਰਤੀ ਨੇ ਕਿਹਾ ਕਿ ਸੰਪਰਦਾਇਕਤਾ ਅਤੇ ਧਾਰਮਿਕ- ਰਾਜਨੀਤਕ ਖਿਚੋਤਾਣ ਰਾਹੀਂ ਸੰਕੀਰਣ ਸੋਚ ਤਹਿਤ ਕਾਰਪੋਰੇਟੀ ਧਾਰਮਿਕ ਗਠਜੋੜ ਰਾਹੀਂ ਦੇਸ਼ ਵਿਚ ਮਾਨਵਵਾਦੀ ਅਤੇ ਵਿਗਿਆਨਕ ਸੋਚ ਨੂੰ ਖਤਮ ਕਰਨ ਲਈ ਕੰਮ ਹੋ ਰਹੇ ਹਨ।
ਸੰਵਿਧਾਨਿਕ ਅਧਿਕਾਰ ਖੋਹੇ ਜਾ ਰਹੇ ਹਨ, ਜਦੋਂ ਕਿ ਸੰਵਿਧਾਨ ਦੀ ਧਾਰਾ 51-ਏ(H) ਰਾਹੀਂ ਨਾਗਰਿਕਾਂ ਵਿਚ ਵਿਗਿਆਨਿਕ ਦ੍ਰਿਸ਼ਟੀਕੋਣ ਨੂੰ ਵਿਕਸਤ ਕਰਨਾ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਹੈ।
ਜਾਦਵਪੁਰ ਯੂਨੀਵਰਸਿਟੀ ਦੇ ਪ੍ਰੋਫੈਸਰ ਸਿਧਾਰਥ ਦੱਤਾ ਅਤੇ ਪ੍ਰੋਫੈਸਰ ਅਬਦੁਲ ਕੈਫ਼ੀ ਹੁਰਾਂ ਕਿਹਾ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਜਨਤਕ ਅਤੇ ਮੁਫ਼ਤ ਸਿੱਖਿਆ ਦਿੱਤੀ ਜਾਣੀ ਬਹੁਤ ਜ਼ਰੂਰੀ ਹੈ।
ਨਵੀਂ ਸਿੱਖਿਆ ਨੀਤੀ ਸਾਡੇ ਬੱਚਿਆਂ ਤੋਂ ਅਤੇ ਲੋਕਾਂ ਤੋਂ ਸੱਭਿਆਚਾਰਕ ਵਿਰਾਸਤ, ਪ੍ਰਤਿਭਾਵਾਨ ਤਰਕਸ਼ੀਲ ਸੋਚ, ਬਰਾਬਰਤਾ, ਸਮਾਜਿਕ ਨਿਆਂ ਖਤਮ ਕਰਕੇ ਨਿਜੀਕਰਨ, ਮੁਨਾਫ਼ਾਖੋਰੀ, ਧਾਰਮਿਕ ਕੱਟੜਤਾ ਫੈਲਾਉਣ ਦੀ ਬਹੁਤ ਵੱਡੀ ਸਾਜ਼ਿਸ਼ ਹੈ।
ਕਾਰਪੋਰੇਟੀ ਹਿੰਦੁਤਵੀ ਇੱਕ ਦੇਸ਼ ਇਕ ਭਾਸ਼ਾਈ ਏਜੰਡੇ ਰਾਹੀਂ ਫੈਡਰਲ ਭਾਰਤ ਦੇ ਵਿਸ਼ਾਲ ਭਿੰਨ ਭਿੰਨ ਖੇਤਰਾਂ , ਸ਼੍ਰੇਣੀਆਂ ,ਲੋਕਾਂ ਦੀਆਂ ਸੱਭਿਆਚਾਰਕ ਰੀਤੀ ਰਿਵਾਜੀ ਤਰਜੀਹਾਂ ਅਤੇ ਏਕਤਾ ਵਿੱਚ ਅਨੇਕਤਾ ਦਾ ਪ੍ਰਤੀਕ ਭਿੰਨ ਭਿੰਨ ਇਲਾਕਾਈ ਭਾਸ਼ਾਵਾਂ ਉਪਰ ਖਤਰਾ ਮੰਡਰਾਉਣ ਲੱਗਾ ਹੈ ।
ਅਮੀਆ ਕੁਮਾਰ ਮੋਹੰਤੀ,ਪ੍ਰੋਫੈਸਰ ਨੰਦਿਨੀ ਮੁਖਰਜੀ ਅਤੇ ਪ੍ਰੋਫੈਸਰ ਦੇਵਾਸਿਸ ਸਰਕਾਰ ਹੁਰਾਂ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਦੇ ਉਦੇਸ਼ ਅਤੇ ਟੀਚੇ ਮਾੜੀ ਨੀਅਤ ਨਾਲ ਮਿਥੇ ਹੋਏ ਹਨ, ਜੇਕਰ ਸਿਲੇਬਸ ਨਫ਼ਰਤੀ ਭਾਵਨਾ ਨਾਲ ਬਣਾਇਆ ਜਾਵੇਗਾ ਤਾਂ ਅਸੀਂ ਆਪਣੇ ਬੱਚਿਆਂ ਤੋਂ ਭਵਿੱਖ ਵਿੱਚ ਪ੍ਰੇਮ, ਦਿਆਲਤਾ, ਚੰਗਿਆਈ ਦੀ ਆਸ ਕਿਵੇਂ ਰੱਖ ਸਕਦੇ ਹਾਂ। ਦੇਸ਼ ਵਿਚ ਹਜ਼ਾਰਾਂ ਸਕੂਲ ਬੰਦ ਕੀਤੇ ਗਏ ਹਨ, ਹਜ਼ਾਰਾਂ ਸਕੂਲ ਸਿੰਗਲ ਟੀਚਰ ਹਨ,ਕਈ ਯੂਨੀਵਰਿਸਟੀਆਂ ਵਾਈਸ ਚਾਂਸਲਰ ਰਹਿਤ ਹਨ, ਉਚੇਰੀ ਸਿੱਖਿਆ ਨਿਜੀਕਰਨ, ਵਪਾਰਕ ਮੁਨਾਫੇ ਦੀ ਭੇਂਟ ਚੜ੍ਹ ਚੁੱਕੀ ਹੈ।
ਅਧਿਆਪਕ ਭਰਤੀ ਨਹੀਂ!
ਸਕੂਲਾਂ ਵਿਚ ਅਧਿਆਪਕ ਭਰਤੀ ਨਹੀਂ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਕੂਲਾਂ ਕਾਲਜਾਂ ਵਿੱਚ ਪੜ੍ਹਾਈ ਦਾ ਵਾਤਾਵਰਨ ਵਿਗਾੜਿਆ ਗਿਆ ਹੈ। ਅਧਿਆਪਕਾਂ ਨੂੰ ਗੁਲਾਮੀ, ਡਰ ਦੇ ਮਹੌਲ ਅਤੇ ਬੰਦਿਸੀ਼ ਵਾਤਾਵਰਨ ਵਿਚ ਰੱਖਣ ਦੀਆਂ ਸਾਜ਼ਸ਼ਾਂ ਰਚੀਆਂ ਗਈਆਂ ਹਨ।
ਉਹਨਾਂ ਵੱਖ -ਵੱਖ ਅੰਕੜਿਆਂ ਰਾਹੀਂ ਦੇਸ਼ ਵਿਚ ਵਿਗੜ ਰਹੇ ਸਿੱਖਿਆ ਢਾਂਚੇ ਨੂੰ ਸੈਂਕੜੇ ਡੈਲੀਗੇਟ ਅਧਿਆਪਕਾਂ ਸਾਹਮਣੇ ਪੇਸ਼ ਕਰਦਿਆਂ ਤਾਕੀਦ ਕੀਤੀ ਕਿ ਉਹ ਕੋਮਲ ਬੱਚਿਆਂ ਨੂੰ ਪਖੰਡਵਾਦ, ਵਹਿਮਾਂ ਭਰਮਾਂ ਤੋਂ ਦੂਰ ਕਰਦਿਆਂ ਵਿਗਿਆਨਕ ਤਰਜੀਹਾਂ ਤੇ ਮਾਨਵਵਾਦੀ ਵਿਗਿਆਨਿਕ ਭਾਵਨਾ ਉਸਾਰਦੇ ਵਾਤਾਵਰਨ ਵਿਚ ਸਿੱਖਿਅਤ ਕਰਨ ਤਾਂ ਹੀ ਸਾਡੇ ਦੇਸ਼ ਨੂੰ ਸੰਸਾਰ ਦੇ ਹਾਣੀ ਬਣਾਇਆ ਜਾ ਸਕਦਾ ਹੈ।
ਜਥੇਬੰਦੀ ਦੇ ਕੇਂਦਰੀ ਸਕੱਤਰੇਤ ਮੈਂਬਰ ਅਤੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਿਗਿਆਨਿਕ ਦੇ ਜਨਰਲ ਸਕੱਤਰ ਸੁਰਿੰਦਰ ਕੰਬੋਜ ਨੇ ਦੱਸਿਆ ਕਿ ਜਥੇਬੰਦੀ ਦੀ ਨੌਵੀਂ ਤਿੰਨ ਸਾਲਾ ਕਾਨਫਰੰਸ ਸਿਲਵਰ ਜੁਬਲੀ ਸਮਾਗਮ ਦੋ ਪ੍ਰਮੁੱਖ ਉਦੇਸ਼ਾਂ ਤਹਿਤ -ਪਹਿਲਾ, ਸਰਵਪੱਖੀ ਵਿਕਾਸ ਲਈ ਜਨਤਕ ਸਿੱਖਿਆ ਬਚਾਓ’ ਦੂਜਾ ‘ਸਿਹਤਮੰਦ ਲੋਕਤੰਤਰ ਲਈ ਸੰਵਿਧਾਨ ਬਚਾਓ’ ਨਾਅਰੇ ਦੇ ਮੁੱਖ ਉਦੇਸ਼ ਤਹਿਤ ਕੀਤਾ ਜਾ ਰਿਹਾ ਹੈ।
ਇਸ ਤਿੰਨ ਰੋਜ਼ਾ ਚਲਣ ਵਾਲੀ ਕਾਨਫਰੰਸ ਮੌਕੇ ਪ੍ਰਧਾਨ ਨਵਪ੍ਰੀਤ ਸਿੰਘ ਬੱਲੀ,ਸੋਮ ਸਿੰਘ, ਰੇਸ਼ਮ ਸਿੰਘ, ਅਸ਼ਵਨੀ ਕੁਮਾਰ, ਪ੍ਰਗਟ ਸਿੰਘ ਜੰਬਰ,ਪੰਕਜ ਕੁਮਾਰ, ਗੁਰਪ੍ਰੀਤ ਸਿੰਘ,ਲਾਲ ਚੰਦ ਨਵਾਂ ਸ਼ਹਿਰ ਪੰਜਾਬ ਤੋਂ ਸਾਥੀ ਆਗੂ ਸ਼ਾਮਲ ਹਨ।

