ਜ਼ਰਾ ਸ਼ਰਮ ਕਰੋ ‘ਬਾਬੂ’ ਜੀ! ਉਸਾਰੀ ਕਿਰਤੀਆਂ ਤੋਂ ਰਿਸ਼ਵਤ ਲੈਣ ਦੇ ਦੋਸ਼
ਉਸਾਰੀ ਕਿਰਤੀਆਂ ਨੂੰ ਹੱਕ ਦਿਵਾਉਣ ਅਤੇ ਉਹਨਾਂ ਦੀ ਕੀਤੀ ਜਾਂਦੀ ਆਰਥਿਕ ਲੁੱਟ ਅਤੇ ਖੱਜਲ ਖ਼ੁਆਰੀ ਖ਼ਿਲਾਫ਼ ਰੋਸ ਰੈਲੀ ਕੀਤੀ ਜਾਵੇਗੀ:-ਢਾਬਾਂ, ਬੰਨਵਾਲਾ
ਵੱਢੀ ਲੈ ਕੇ ਕੰਮ ਕਰਨ ਵਾਲੇ ਮੁਲਾਜ਼ਮਾਂ ਅਤੇ ਅਫਸਰਾਂ ਕਾਰਨ ਕਿਰਤੀ ਹੋ ਰਹੇ ਹਨ ਪਰੇਸ਼ਾਨ
ਰਣਬੀਰ ਕੌਰ ਢਾਬਾਂ ਫਾਜ਼ਿਲਕਾ
ਜ਼ਿਲ੍ਹੇ ਦੇ ਲਾਭਪਾਤਰੀ ਉਸਾਰੀ ਕਿਰਤੀਆਂ ਨੂੰ ਆਪਣੇ ਹੱਕ ਪ੍ਰਾਪਤ ਕਰਨ ਲਈ ਆ ਰਹੀਆਂ ਮੁਸ਼ਕਲਾਂ, ਲੇਬਰ ਦਫਤਰਾਂ ਵਿੱਚ ਹੋ ਰਹੀ ਖੱਜਲ ਖੁਆਰੀ ਅਤੇ ਰਿਸ਼ਵਤ ਲੈ ਕੇ ਕੰਮ ਕਰਨ ਵਾਲੇ ਰਿਸ਼ਵਤ ਖੋਰ ਮੁਲਾਜ਼ਮਾਂ ਅਤੇ ਅਫਸਰਾਂ ਖਿਲਾਫ਼ ਕਾਰਵਾਈ ਕਰਵਾਉਣ ਲਈ ਕੰਸਟਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ (ਰਜਿ:) ਏਟਕ ਵੱਲੋਂ ਸੰਘਰਸ਼ ਵਿੱਡਣ ਦਾ ਐਲਾਨ ਕੀਤਾ ਗਿਆ ਹੈ।
ਡੀਸੀ ਦਫ਼ਤਰ ਵਿਖੇ ਖੱਜਲ ਖੁਆਰ ਹੋ ਰਹੇ ਉਸਾਰੀ ਕਿਰਤੀਆਂ ਨਾਲ ਗੱਲਬਾਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੰਸਟਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ (ਏਟਕ ) ਦੇ ਸੂਬਾ ਮੀਤ ਸਕੱਤਰ ਪਰਮਜੀਤ ਢਾਬਾਂ ਅਤੇ ਜ਼ਿਲ੍ਹਾ ਪ੍ਰਧਾਨ ਜੰਮੂ ਰਾਮ ਬੰਨਵਾਲਾ ਨੇ ਇੱਥੇ ਯੂਨੀਅਨ ਵੱਲੋਂ ਐਲਾਨ ਕਰਦਿਆਂ ਕਿਹਾ ਕਿ ਆਉਣ ਵਾਲੀ 28 ਅਗਸਤ 2025 ਦਿਨ ਵੀਰਵਾਰ ਨੂੰ ਅਸਿਸਟੈਂਟ ਲੇਬਰ ਕਮਿਸ਼ਨਰ ਸਾਹਮਣੇ ਜ਼ਿਲ੍ਹਾ ਭਰ ਦੇ ਉਸਾਰੀ ਕਿਰਤੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਸਾਥੀ ਢਾਬਾਂ ਅਤੇ ਸਾਥੀ ਜੰਮੂ ਰਾਮ ਨੇ ਦੱਸਿਆ ਕਿ ਅੱਜ ਇੱਥੇ ਪਹੁੰਚ ਕੇ ਉਹਨਾਂ ਨੂੰ ਬਹੁਤ ਦੁੱਖ ਹੋਇਆ ਹੈ ਕਿ ਕਿਵੇਂ ਰੋ-ਰੋ ਕੇ ਉਸਾਰੀ ਮਜ਼ਦੂਰਾਂ ਨੇ ਆਪਣਾ ਹਾਲ ਦੱਸਿਆ ਹੈ ਕਿ ਉਹਨਾਂ ਕੋਲ ਫਾਜ਼ਿਲਕਾ ਸ਼ਹਿਰ ਆਉਣ ਲਈ ਕਿਰਾਏ ਲਈ ਪੈਸੇ ਵੀ ਨਹੀਂ ਅਤੇ ਤਨ ਤੇ ਪਾਏ ਹੋਏ ਕੱਪੜੇ ਵੀ ਪਾਟੇ ਹੋਏ ਹਨ, ਪਰੰਤੂ ਇੱਥੇ ਰਿਸ਼ਵਤ ਲੈਣ ਵਾਲੇ ਅਫਸਰਾਂ ਅਤੇ ਮੁਲਾਜ਼ਮਾਂ ਨੂੰ ਜ਼ਰਾ ਸ਼ਰਮ ਨਹੀਂ ਆ ਰਹੀ।
ਆਗੂਆਂ ਨੇ ਦੋਸ਼ ਲਾਇਆ ਕਿ ਕਿਰਤ ਵਿਭਾਗ ਦੇ ਅਫਸਰਾਂ ਦੀ ਆਈਡੀ ਰਾਤ ਨੂੰ ਵਿਕਦੀ ਹੈ ਅਤੇ ਉਹਨਾਂ ਦੀ ਆਈਡੀ ਤੋਂ ਅੱਧੀ ਰਾਤ ਨੂੰ ਕੰਮ ਰਿਸ਼ਵਤ ਲੈ ਕੇ ਕੀਤੇ ਜਾ ਰਹੇ ਹਨ,ਜਿਸ ਨਾਲ ਉਸਾਰੀ ਕਿਰਤੀਆਂ ਦੀ ਵੱਡੇ ਪੱਧਰ ‘ਤੇ ਲੁੱਟ ਹੋ ਰਹੀ ਹੈ। ਉਸਾਰੀ ਕਿਰਤੀਆਂ ਨੂੰ ਸਕੀਮਾਂ ਦੇ ਲਾਭ ਲੈਣ ਲਈ ਕਈ ਤਰ੍ਹਾਂ ਦੇ ਗੈਰ ਵਾਜਬ ਇਤਰਾਜ਼ਾਂ ਦਾ ਸਾਹਮਣਾ ਇਸ ਕਰਕੇ ਕਰਨਾ ਪੈ ਰਿਹਾ ਹੈ,ਕਿਉਂਕਿ ਅਫ਼ਸਰ ਅਤੇ ਮੁਲਾਜ਼ਮ ਆਪਸੀ ਮਿਲੀ ਭੁਗਤ ਕਰਕੇ ਜਾਣ ਬੁਝ ਕੇ ਓਬਜੈਕਸ਼ਨ ਲਗਾ ਰਹੇ ਹਨ।
ਜਦੋਂ ਉਸਾਰੀ ਕਿਰਤੀ ਕਿਰਤ ਦਫਤਰਾਂ ਅਤੇ ਸੇਵਾ ਕੇਂਦਰਾਂ ਦੇ ਵਾਰ-ਵਾਰ ਚੱਕਰ ਲਗਾ ਕੇ ਆਰਥਿਕ ਲੁੱਟ ਦਾ ਸ਼ਿਕਾਰ ਹੋ ਜਾਂਦਾ ਹੈ, ਤਾਂ ਉਹ ਮਜ਼ਬੂਰੀ ਵੱਸ ਰਿਸ਼ਵਤ ਦੇਣ ਲਈ ਮਜ਼ਬੂਰ ਹੁੰਦਾ ਹੈ। ਆਗੂਆਂ ਨੇ ਐਲਾਨ ਕਰਦਿਆਂ ਕਿਹਾ ਕਿ ਜ਼ਿਲ੍ਹਾ ਪੱਧਰ ਤੇ ਕੀਤੀ ਜਾ ਰਹੀ ਰੋਸ ਰੈਲੀ ਦੀ ਤਿਆਰੀ ਲਈ ਉਹ ਪਿੰਡ ਪਿੰਡ ਜਾ ਕੇ ਉਸਾਰੀ ਕਿਰਤੀਆਂ ਅਤੇ ਉਹਨਾਂ ਦੇ ਵਿਦਿਆਰਥੀ ਬੱਚਿਆਂ ਦੀ ਲਾਮਬੰਦੀ ਕਰਨਗੇ।
ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ,ਕਿਰਤ ਵਿਭਾਗ ਅਤੇ ਵਿਜੀਲੈਂਸ ਵਿਭਾਗ ਤੋਂ ਕਿਰਤ ਵਿਭਾਗ ਵਿੱਚ ਰਿਸ਼ਵਤ ਲੈ ਕੇ ਲੋਕਾਂ ਦੀ ਆਰਥਿਕ ਲੁੱਟ ਕਰਨ ਵਾਲੇ ਮੁਲਾਜ਼ਮਾਂ ਅਤੇ ਅਫਸਰਾਂ ਦੀ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਇਹਨਾਂ ਦੀ ਪੜਤਾਲ ਉਪਰੰਤ ਦੋਸ਼ੀ ਪਾਏ ਜਾਣ ‘ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਕਿ ਉਸਾਰੀ ਕਿਰਤੀ ਮਜ਼ਦੂਰਾਂ ਨੂੰ ਇਨਸਾਫ ਮਿਲ ਸਕੇ।
ਇਸ ਮੌਕੇ ਹੋਰਾਂ ਤੋਂ ਇਲਾਵਾ ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਘੁਬਾਇਆ, ਬਲਾਕ ਜਲਾਲਾਬਾਦ ਦੇ ਮੀਤ ਪ੍ਰਧਾਨ ਕ੍ਰਮਵਾਰ ਐਸ.ਐਸ. ਧੁਨਕੀਆਂ ਅਤੇ ਧਰਮਿੰਦਰ ਮੁਰਕ ਵਾਲਾ ਵੀ ਹਾਜ਼ਰ ਸਨ।

