Punjab News: ਅਧਿਆਪਕ ਜਥੇਬੰਦੀ DTF ਦਾ ਵੱਡਾ ਫ਼ੈਸਲਾ; ਵਿਭਾਗੀ ਮਸਲਿਆਂ ਬਾਰੇ 5 ਅਗਸਤ ਨੂੰ ਮੋਹਾਲੀ ਤੋਂ ਵੱਜੇਗਾ ਸੰਘਰਸ਼ੀ ਬਿਗੁਲ
Punjab News: 5 ਅਗਸਤ ਨੂੰ ਅਧਿਆਪਕਾਂ ਦਾ ਸਮੂਹਿਕ ਵਫ਼ਦ ਸਿੱਖਿਆ ਸਕੱਤਰ ਨੂੰ ਸੌਂਪੇਗਾ ‘ਸੰਘਰਸ਼ੀ ਨੋਟਿਸ’, ਵਿਭਾਗੀ ਮੰਗਾਂ ਨਾ ਹੱਲ ਹੋਣ ‘ਤੇ ‘ਅਧਿਆਪਕ ਦਿਵਸ’ ਮੌਕੇ ਹੋਵੇਗਾ ਫੈਸਲਾਕੁੰਨ ਐਕਸ਼ਨ : ਡੀ ਟੀ ਐੱਫ
ਮੋਹਾਲੀ
Punjab News: ਅਧਿਆਪਕਾਂ ਦੀਆਂ ਚੋਣਵੀਆਂ ਵਿਭਾਗੀ ਮੰਗਾਂ ‘ਤੇ ਵਿੱਤ ਮੰਤਰੀ ਹਰਪਾਲ ਚੀਮਾ ਦੀ ਅਗਵਾਈ ਹੇਠਲੀ ਕੈਬਨਿਟ ਸਬ-ਕਮੇਟੀ ਅਤੇ ਸਿੱਖਿਆ ਸਕੱਤਰ ਸ਼੍ਰੀਮਤੀ ਅਨੰਦਿਤਾ ਮਿੱਤਰਾ ਦੇ ਭਰੋਸੇ ਪੂਰੇ ਨਾ ਹੋਣ ਕਰਕੇ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ (ਡੀ ਟੀ ਐੱਫ) ਨੇ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ।
ਜਿਸ ਤਹਿਤ 5 ਅਗਸਤ ਨੂੰ ਸੂਬਾ ਕਮੇਟੀ ਵੱਲੋਂ ਪੀੜਤ ਅਧਿਆਪਕਾਂ ਨੂੰ ਨਾਲ ਲੈ ਕੇ ਸਮੂਹਿਕ ਰੂਪ ਵਿੱਚ ਸਵੇਰੇ 10 ਵਜੇ ਗੁਰਦੁਆਰਾ ਸ਼੍ਰੀ ਅੰਬ ਸਾਹਿਬ ਤੋਂ ਸਿੱਖਿਆ ਡਾਇਰੈਕਟੋਰੇਟ ਮੋਹਾਲੀ ਤੱਕ ‘ਰੋਸ ਮਾਰਚ’ ਕਰਕੇ ਸਿੱਖਿਆ ਮੰਤਰੀ ਅਤੇ ਸਕੱਤਰ ਦੇ ਨਾਂ 5 ਸਤੰਬਰ ‘ਅਧਿਆਪਕ ਦਿਵਸ’ ਲਈ ਫੈਸਲਾਕੁੰਨ ਸੰਘਰਸ਼ ਦਾ ‘ਨੋਟਿਸ’ ਕਮ ‘ਮੰਗ ਪੱਤਰ’ ਸੌਂਪਿਆ ਜਾਵੇਗਾ। ਉਦੋਂ ਤੱਕ ਬਦਲੀਆਂ ਦੇ ਸਟੇਸ਼ਨ ਚੋਣ ਦਾ ਪੋਰਟਲ ਨਾ ਖੁੱਲ੍ਹਣ ਦੀ ਹਾਲਤ ‘ਚ ਰੋਸ ਪ੍ਰਗਟਾਉਂਦੇ ਹੋਏ ਤੁਰੰਤ ਪੋਰਟਲ ਖੋਲ੍ਹਣ ਦੀ ਮੰਗ ਕੀਤੀ ਜਾਵੇਗੀ।
ਡੀ ਟੀ ਐੱਫ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂ ਵਾਲੀ ਅਤੇ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਸਿੱਖਿਆ ਸਕੱਤਰ ਵੱਲੋਂ ਡਾ. ਰਵਿੰਦਰ ਕੰਬੋਜ ਤੇ ਸਾਥੀ ਨਰਿੰਦਰ ਭੰਡਾਰੀ ਨੂੰ ਜਾਰੀ ਟਰਮੀਨੇਸ਼ਨਾਂ ਰੱਦ ਕਰਕੇ ਸੇਵਾਵਾਂ ਰੈਗੂਲਰ ਕਰਨ ਅਤੇ ਓ ਡੀ ਐੱਲ ਅਧਿਆਪਕਾਂ ਦੇ ਪੈਡਿੰਗ ਰੱਖੇ ਰੈਗੂਲਰ ਆਰਡਰ ਇੱਕ ਹਫਤੇ ਵਿੱਚ ਜਾਰੀ ਕਰਨ ਦਾ ਭਰੋਸਾ ਕੇਵਲ ਲਾਰਾ ਸਾਬਿਤ ਹੋਇਆ ਹੈ। ਸਗੋਂ 6635 ਈਟੀਟੀ, 3704 ਮਾਸਟਰ ਅਤੇ 899 ਅੰਗਰੇਜ਼ੀ ਅਧਿਆਪਕ ਭਰਤੀ ਦੀਆਂ ਰਿਕਾਸਟ ਚੋਣ ਸੂਚੀਆਂ ਤੋਂ ਬਾਹਰ ਕੀਤੇ 300 ਦੇ ਕਰੀਬ ਅਧਿਆਪਕਾਂ ਦੀ ਹੁਣ ਤੱਕ ਦੀ ਨੌਕਰੀ ਅਤੇ ਭਵਿੱਖ ਪੂਰਨ ਸੁਰੱਖਿਅਤ ਕਰਕੇ ਜਾਰੀ ਕਾਰਣ ਦੱਸੋ ਨੋਟਿਸ ਰੱਦ ਕਰਨ ਦੀ ਥਾਂ ਸੇਵਾਵਾਂ ਖ਼ਤਮ ਕਰਨ ਦੀ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾ ਰਿਹਾ ਹੈ।
ਇਸੇ ਤਰ੍ਹਾਂ ਰੈਗੂਲਰ ਹੋ ਚੁੱਕੇ ਓ ਡੀ ਐੱਲ ਅਧਿਆਪਕਾਂ ਦੇ ਪਿਛਲੇ 10 ਸਾਲਾਂ ਦੀ ਰੈਗੂਲਰ ਸਰਵਿਸ ਦੇ ਤਨਖ਼ਾਹ ਬਕਾਏ ਅਤੇ 180 ਅਧਿਆਪਕਾਂ ਨੂੰ ਮੁੱਢਲੀ ਭਰਤੀ 4500 ਈ ਟੀ ਟੀ ਅਧਿਆਪਕਾਂ ਦੇ ਬਣਦੇ ਸਾਰੇ ਲਾਭ ਵੀ ਬਹਾਲ ਨਹੀਂ ਹੋਏ ਹਨ। ਪਿਕਟਸ ਅਧੀਨ ਕੰਪਿਊਟਰ ਫੈਕਲਟੀ, ਮੈਰੀਟੋਰੀਅਸ ਅਧਿਆਪਕ ਅਤੇ ਸਮੂਹ ਕੱਚੇ ਅਧਿਆਪਕ ਤੇ ਨਾਨ ਟੀਚਿੰਗ ਸਟਾਫ ਸਿੱਖਿਆ ਵਿਭਾਗ ਵਿੱਚ ਰੈਗੂਲਰ ਨਹੀਂ ਹੋਏ ਹਨ।
ਆਗੂਆਂ ਨੇ ਦੱਸਿਆ ਕਿ 3582 ਮਾਸਟਰ ਕਾਡਰ ਨੂੰ ਦਫਤਰ ਡਾਇਰੈਕਟਰ ਸਕੂਲ ਸਿੱਖਿਆ (ਸੈ:) ਵਿਖੇ ਹਾਜਰ ਹੋਣ ਦੀ ਮਿਤੀ ਅਨੁਸਾਰ ਸਾਰੇ ਪੈਡਿੰਗ ਲਾਭ ਦੇਣ, ਐੱਸ ਐੱਸ ਏ/ ਰਮਸਾ ਅਧੀਨ ਕੀਤੀ 10 ਸਾਲ ਦੀ ਕੱਚੀ ਨੌਕਰੀ ਤੋਂ ਬਾਅਦ ਰੈਗੂਲਰ ਹੋਏ 8886 ਅਧਿਆਪਕਾਂ ਸਮੇਤ ਅਜਿਹੀਆਂ ਬਾਕੀ ਭਰਤੀਆਂ ਦੇ ਪੁਰਸ਼ ਅਧਿਆਪਕਾਂ ਨੂੰ 10 ਤੇ 20 ਸਾਲ ਉਪਰੰਤ ਸਲਾਨਾ ਇਤਫਾਕੀਆ ਛੁੱਟੀਆਂ ਵਿੱਚ ਵਾਧੇ ਮੌਕੇ ਠੇਕਾ ਅਧਾਰ ‘ਤੇ ਕੀਤੀ ਸੇਵਾ ਨੂੰ ਵੀ ਗਿਣਨ ਦਾ ਪੱਤਰ ਜਾਰੀ ਕਰਨ ਅਤੇ 17 ਜੁਲਾਈ 2020 ਤੋਂ ਬਾਅਦ ਭਰਤੀ ਸਮੂਹ ਮਾਸਟਰ, ਈ ਟੀ ਟੀ ਅਤੇ ਲੈਕਚਰਾਰ ਕਾਡਰਾਂ ਲਈ ਛੇਵੇਂ ਪੰਜਾਬ ਤਨਖ਼ਾਹ ਸਕੇਲਾਂ ਅਨੁਸਾਰ ਪੇਅ ਫਿਕਸੇਸ਼ਨ ਕਰਨ ਦੇ ਅਦਾਲਤੀ ਫੈਸਲੇ ਜਰਨਲਾਈਜ਼ ਕਰਨ ਦੀ ਵੀ ਪੁਰਜ਼ੋਰ ਮੰਗ ਕੀਤੀ ਜਾਵੇਗੀ।
ਆਗੂਆਂ ਨੇ ਕਿਹਾ ਕਿ ਸਿੱਖਿਆ ਸਕੱਤਰ ਵੱਲੋਂ ਈ ਟੀ ਟੀ, ਐੱਚ ਟੀ, ਸੀ ਐੱਚ ਟੀ ਤੇ ਬੀ ਪੀ ਈ ਓ ਕਾਡਰ ਅਤੇ ਪ੍ਰਾਇਮਰੀ, ਓ ਸੀ ਟੀ, ਸੀ ਐਂਡ ਵੀ, ਨਾਨ-ਟੀਚਿੰਗ ਤੋਂ ਮਾਸਟਰ ਕਾਡਰ, ਮਾਸਟਰ ਤੋਂ ਲੈਕਚਰਾਰ/ਹੈੱਡਮਾਸਟਰ ਅਤੇ ਅੱਗੇ ਪ੍ਰਿੰਸੀਪਲ ਤੱਕ ਦੀਆਂ ਸਾਰੀਆਂ ਪ੍ਰਮੋਸ਼ਨਾਂ 31 ਜੁਲਾਈ ਤੱਕ ਮੁਕੰਮਲ ਕਰਨ ਦਾ ਭਰੋਸਾ ਵੀ ਨਿਰਾ ਝੂਠ ਦਾ ਪੁਲੰਦਾ ਸਾਬਿਤ ਹੋਇਆ ਹੈ।

