ਪੰਜਾਬ ‘ਚ ਕੁੜਤੇ ਪਜ਼ਾਮਿਆਂ ਲਈ ਮਸ਼ਹੂਰ ਸ਼ੋਅ-ਰੂਮ ਮਾਲਕ ਦਾ ਗੋਲੀਆਂ ਮਾਰ ਕੇ ਕਤਲ
Punjab News: ਪੰਜਾਬ ਦੇ ਅਬੋਹਰ ਵਿੱਚ ਕੁੜਤੇ ਪਜ਼ਾਮਿਆਂ ਦੇ ਸ਼ੋਅ ਰੂਮ ਦੇ ਮਾਲਕ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਖ਼ਬਰ ਮਿਲੀ ਹੈ।
ਮ੍ਰਿਤਕ ਦੀ ਪਛਾਣ ਸੰਜੇ ਵਰਮਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੂਰ-ਦੁਰਾਡੇ ਤੋਂ ਲੋਕ ਇੱਥੋਂ ਕੁੜਤੇ ਪਜ਼ਾਮੇ ਸਵਾਉਣ ਲਈ ਆਉਂਦੇ ਸਨ।
ਸੰਜੇ ਵਰਮਾ ‘ਤੇ ਅੱਜ ਸਵੇਰੇ ਅਣਪਛਾਤੇ ਬਦਮਾਸ਼ਾਂ ਨੇ ਗੋਲੀਆਂ ਚਲਾ ਕੇ ਉਸਨੂੰ ਮੌਤ ਦੀ ਘਾਟ ਉਤਾਰ ਦਿੱਤਾ।
ਦੂਜੇ ਪਾਸੇ, ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ ਹੈ ਅਤੇ ਉਨ੍ਹਾਂ ਦੇ ਵੱਲੋਂ ਸੰਜੇ ਵਰਮਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਚਾਰੇ ਪਾਸੇ ਨਾਕੇਬੰਦੀ ਕਰ ਦਿੱਤੀ ਗਈ ਅਤੇ ਜਲਦੀ ਹੀ ਦੋਸ਼ੀ ਗ੍ਰਿਫਤਾਰ ਕਰ ਲਏ ਜਾਣਗੇ।
ਸੰਜੇ ਵਰਮਾ ਦੇ ਕਤਲ ‘ਤੇ MLA ਸੰਦੀਪ ਜਾਖੜ ਦਾ ਬਿਆਨ
ਸੰਜੇ ਵਰਮਾ ਦੇ ਕਤਲ ਦੇ ਵਿਧਾਇਕ ਸੰਦੀਪ ਜਾਖੜ ਦਾ ਵੀ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ, ਅਬੋਹਰ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲ ਗਿਆ ਹੈ, ਅੱਜ ਸਾਡੇ ਕਾਰੋਬਾਰੀ ਵੀਰ ਸੰਜੇ ਵਰਮਾ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਅਸੀਂ ਅਬੋਹਰ ਵਿੱਚ ਵਿਗੜਦੀ ਕਾਨੂੰਨ ਵਿਵਸਥਾ ਦੀ ਸਥਿਤੀ ਬਾਰੇ ਸਰਕਾਰ ਨੂੰ ਲਗਾਤਾਰ ਸੁਚੇਤ ਕਰਦੇ ਆ ਰਹੇ ਹਾਂ, ਪਰ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਇਸ ਸਬੰਧ ਵਿੱਚ, ਮੈਂ ਕੁਝ ਦਿਨ ਪਹਿਲਾਂ ਡੀਜੀਪੀ ਅਤੇ ਐਸਐਸਪੀ ਨੂੰ ਇੱਕ ਮੰਗ ਪੱਤਰ ਵੀ ਭੇਜਿਆ ਸੀ ਕਿ ਸ਼ਹਿਰ ਵਿੱਚ ਸਥਿਤੀ ਵਿਗੜ ਰਹੀ ਹੈ ਅਤੇ ਲੋਕ ਡਰ ਦੇ ਮਾਹੌਲ ਵਿੱਚ ਜੀ ਰਹੇ ਹਨ।
ਉਨ੍ਹਾਂ ਅਗਲੀ ਪੋਸਟ ਵਿੱਚ ਲਿਖਿਆ ਕਿ, ਹਾਲਾਤ… ਇਹ ਹਨ ਕਿ ਮੈਂ ਕਾਫ਼ੀ ਸਮੇਂ ਤੋਂ ਅਬੋਹਰ ਵਿੱਚ ਵਿਗੜਦੀ ਕਾਨੂੰਨ ਵਿਵਸਥਾ ਦਾ ਮਾਮਲਾ ਉਠਾ ਰਿਹਾ ਹਾਂ, ਪਰ ਮੇਰੀਆਂ ਅਪੀਲਾਂ ਕਈ ਸਾਲਾਂ ਤੋਂ ਬੇਬੁਨਿਆਦ ਰਹੀਆਂ ਅਤੇ ਅੱਜ ਸਵੇਰੇ, ਦਿਨ-ਦਿਹਾੜੇ, ਸ਼ਹਿਰ ਦੇ ਵਿਚਕਾਰ, ਸਾਡੇ ਸ਼ਹਿਰ ਦੇ ਇੱਕ ਪ੍ਰਮੁੱਖ ਕਾਰੋਬਾਰੀ ਸੰਜੇ ਵਰਮਾ ਜੀ ਨੂੰ ਗੈਂਗਸਟਰਾਂ ਨੇ ਗੋਲੀ ਮਾਰ ਦਿੱਤੀ।
ਅੱਜ ਪੰਜਾਬ ਵਿੱਚ ਕੌਣ ਸੁਰੱਖਿਅਤ ਹੈ? ਗੈਂਗ ਅਜੇ ਵੀ ਕਿਵੇਂ ਚਲਾਏ ਜਾ ਰਹੇ ਹਨ? ਅਤੇ ਇਹ ਦਹਿਸ਼ਤ ਪੂਰੇ ਪੰਜਾਬ ਵਿੱਚ ਹਰ ਰੋਜ਼ ਹੋ ਰਹੀ ਹੈ! ਪਰਿਵਾਰ ਲਈ ਪ੍ਰਾਰਥਨਾ। ਓਮ ਸ਼ਾਂਤੀ…….
ਖ਼ਬਰ ਅਪਡੇਟ ਹੋ ਰਹੀ ਹੈ…….