Punjab News: ਅਕਾਲੀ ਦਲ ਨੇ ਸੁੱਚਾ ਸਿੰਘ ਲੰਗਾਹ ਨੂੰ ਬਣਾਇਆ ਗੁਰਦਾਸਪੁਰ ਦਾ ਪ੍ਰਧਾਨ
ਰੋਹਿਤ ਗੁਪਤਾ, ਗੁਰਦਾਸਪੁਰ
ਸ਼੍ਰੋਮਣੀ ਅਕਾਲੀ ਦਲ ਵੱਲੋਂ ਜਥੇਦਾਰ ਸੁੱਚਾ ਸਿੰਘ ਲੰਗਾਹ ਨੂੰ ਜ਼ਿਲਾ ਗੁਰਦਾਸਪੁਰ ਦਾ ਪ੍ਰਧਾਨ ਥਾਪਿਆ ਗਿਆ ਹੈ। 1966 ਵਿੱਚ ਜਿਲਾ ਗੁਰਦਾਸਪੁਰ ਦੇ ਪਿੰਡ ਲੰਗਾਹ ਵਿੱਚ ਜਨਮੇ ਸੁੱਚਾ ਸਿੰਘ ਲੰਗਾਹ ਜਿਲਾ ਗੁਰਦਾਸਪੁਰ ਦੀ ਸਿਆਸਤ ਵਿੱਚ ਲਗਾਤਾਰ ਸਰਗਰਮ ਰਹੇ ਹਨ।
ਉਹ 1997 ਵਿੱਚ ਅਕਾਲੀ ਦਲ ਦੀ ਟਿਕਟ ‘ਤੇ ਧਾਰੀਵਾਲ ਤੋਂ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ ਸਨ ਅਤੇ ਭਾਜਪਾ ਅਕਾਲੀ ਦਲ ਗੱਠਜੋੜ ਦੀ ਸਰਕਾਰ ਬਣਦੇ ਹੀ ਉਨ੍ਹਾਂ ਨੂੰ 1997-2002 ਦੌਰਾਨ ਲੋਕ ਨਿਰਮਾਣ ਵਿਭਾਗ ਦਾ ਕੈਬਨਿਟ ਮੰਤਰੀ ਬਣਾਇਆ ਗਿਆ ਸੀ।
2007 ਵਿੱਚ ਉਹ ਧਾਰੀਵਾਲ ਤੋਂ ਦੁਬਾਰਾ ਚੁਣੇ ਗਏ ਸਨ ਅਤੇ ਇਸ ਵਾਰ ਫੇਰ ਉਹਨਾਂ ਨੂੰ ਦੁਬਾਰਾ ਕੈਬਨਿਟ ਮੰਤਰੀ ਬਣਾਇਆ ਗਿਆ ਅਤੇ ਖੇਤੀਬਾੜੀ ਵਿਭਾਗ ਦਿੱਤਾ ਗਿਆ।
2012 ਵਿੱਚ ਉਨ੍ਹਾਂ ਨੇ ਨਵੇਂ ਬਣੇ ਹਲਕੇ ਡੇਰਾ ਬਾਬਾ ਨਾਨਕ ਤੋਂ ਚੋਣ ਲੜੀ ਪਰ ਇਸ ਵਾਰ ਉਹਨਾਂ ਦੀ ਕਿਸਮਤ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਅਤੇ ਉਹ ਚੋਣ ਹਾਰ ਗਏ।
ਉਸ ਤੋਂ ਬਾਅਦ ਉਹਨਾਂ ਦਾ ਰਾਜਨੀਤਿਕ ਕੈਰੀਅਰ ਉੱਥਲ ਪੁੱਥਲ ਭਰਿਆ ਰਿਹਾ ਤੇ ਇੱਕ ਵਾਇਰਲ ਵੀਡੀਓ ਨੂੰ ਲੈ ਕੇ ਉਹ ਵੀ ਵਿਵਾਦਾਂ ਵਿੱਚ ਵੀ ਰਹੇ ਅਤੇ ਰਾਜਨੀਤਿਕ ਵਿਰੋਧੀਆਂ ਦੇ ਨਿਸ਼ਾਨੇ ਤੇ ਵੀ, ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਉਹਨਾਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਅਤੇ ਉਹ ਪੰਥ ਵੱਲੋਂ ਵੀ ਤਨਖਾਹੀਆ ਘੋਸ਼ਿਤ ਕੀਤੇ ਗਏ।
ਪਰ ਉਹ ਫਿਰ ਵੀ ਲਗਾਤਾਰ ਇਲਾਕੇ ਵਿੱਚ ਸਰਗਰਮ ਰਹੇ। ਇਲਾਕੇ ਵਿੱਚ ਉਹਨਾਂ ਦਾ ਆਪਣਾ ਆਧਾਰ ਹੈ ਤੇ ਪੱਕਾ ਵੋਟ ਬੈਂਕ ਹੈ। ਕੁਝ ਸਮਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਨੂੰ ਮੁੜ ਤੋਂ ਪਾਰਟੀ ਵਿੱਚ ਸ਼ਾਮਿਲ ਕੀਤਾ ਗਿਆ ਸੀ ਅਤੇ ਹੁਣ ਉਹਨਾਂ ਨੂੰ ਜ਼ਿਲਾ ਪ੍ਰਧਾਨ ਥਾਪਿਆ ਗਿਆ ਹੈ।