All Latest NewsNews FlashPunjab News

ਸਿੱਖਿਆ ਕ੍ਰਾਂਤੀ ਦਾ ਨਮੂਨਾ: ਬੱਚਿਆਂ ਨੂੰ ਦੂਸ਼ਿਤ ਪਾਣੀ ‘ਚੋਂ ਲੰਘ ਕੇ ਮਿਲਦੈ ਸਕੂਲ ‘ਚ ਦਾਖ਼ਲਾ

 

ਪਰਮਜੀਤ ਢਾਬਾਂ, ਫ਼ਾਜ਼ਿਲਕਾ

ਲੋਕਾਂ ਵਿੱਚ ਇੱਕ ਗੀਤ ਬਹੁਤ ਪ੍ਰਚਲਤ ਸੀ, ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇਰੇ ‘ਚ ਤੇਰਾ ਯਾਰ ਬੋਲਦਾ! ਇਸ ਗੀਤ ਨੂੰ ਹੁਣ ਲੋਕ ਉਲਟੀ ਧੁੰਨ ਵਿੱਚ ਗਾ ਰਹੇ ਹਨ। ਪੰਜਾਬ ਸਰਕਾਰ ‘ਤੇ ਤੰਜ ਕੱਸਦਿਆਂ ਲੋਕ ਕਹਿ ਰਹੇ ਹਨ, ਤੂੰ ਨੀਂ ਬੋਲਦੀ ਸਰਕਾਰੇ ਤੂੰ ਨਹੀਂ ਬੋਲਦੀ, ਤੇਰੇ ‘ਚ ਤੇਰਾ ਵਿਕਾਸ ਬੋਲਦਾ। ਕਿਵੇਂ ਦਾ ਵਿਕਾਸ ਬੋਲ ਰਿਹਾ ਹੈ ਇਸ ਦੀ ਇੱਕ ਤਸਵੀਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਵੱਲ੍ਹੇ ਸ਼ਾਹ ਹਿਠਾੜ ਦੇ ਪਿੰਡ ਵਾਸੀਆਂ ਅਤੇ ਇੱਥੇ ਬਣੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਸਾਹਮਣੇ ਜਮਾਂ ਹੋਏ ਸੀਵਰੇਜ ਦੇ ਦੂਸ਼ਿਤ ਪਾਣੀ ਕਾਰਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਸਕੂਲੀ ਬੱਚਿਆਂ, ਅਧਿਆਪਕਾਂ ਅਤੇ ਆਮ ਲੋਕਾਂ ਤੋਂ ਲਗਾਇਆ ਜਾ ਸਕਦਾ ਹੈ।

ਇਸ ਮੁਸ਼ਕਲ ਨਾਲ ਜੂਝ ਰਹੇ ਮੱਖਣ ਸਿੰਘ ਸਕੂਲ ਅਧਿਆਪਕ,ਪਿੰਡ ਵਾਸੀ ਰਾਮ ਸਿੰਘ, ਮੀਤੋ ਬਾਈ ਅਤੇ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਸੀਵਰੇਜ ਦੇ ਪਾਣੀ ਦੀ ਨਿਕਾਸੀ ਦਾ ਕੋਈ ਉੱਚਿਤ ਪ੍ਰਬੰਧ ਨਾ ਹੋਣ ਕਾਰਨ ਪਿਛਲੇ ਕਾਫੀ ਸਮੇਂ ਤੋਂ ਸੀਵਰੇਜ ਦਾ ਦੂਸ਼ਿਤ ਪਾਣੀ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਸਾਹਮਣੇ ਸੜਕ ਤੇ ਜਮਾਂ ਹੋ ਜਾਂਦਾ ਹੈ। ਜਿਸ ਨਾਲ ਜਿੱਥੇ ਆਮ ਰਾਹਗੀਰਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੂਜੇ ਪਾਸੇ ਨਨੇ ਮੁੰਨੇ ਬੱਚਿਆਂ ਦੀ ਸਕੂਲ ਵਿੱਚ ਆਣ ਸਮੇਂ ਜਿੰਦਗੀ ਨਰਕ ਬਣੀ ਹੋਈ ਹੈ। ਸਕੂਲ ਦੇ ਬੱਚੇ ਵਿੱਦਿਆ ਦੇ ਮੰਦਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਗੰਦਗੀ ਦੇ ਮੱਥੇ ਲੱਗਣ ਤੋਂ ਬਾਅਦ ਅੰਦਰ ਦਾਖਲ ਹੁੰਦੇ ਹਨ।

ਸਰਹੱਦੀ ਪਿੰਡ ਵਾਸੀਆਂ ਨੇ ਕਿਹਾ ਕਿ ਉਹਨਾਂ ਨੇ ਕਈ ਵਾਰ ਇਸ ਮੁੱਦੇ ਤੇ ਰਾਜਸੀ ਆਗੂਆਂ ਅਤੇ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਹੈ,ਪ੍ਰੰਤੂ ਇਸ ਮਸਲੇ ਨੂੰ ਅਜੇ ਤੱਕ ਹੱਲ ਨਹੀਂ ਕੀਤਾ ਗਿਆ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਇੱਕ ਪਾਸੇ ਪੰਜਾਬ ਸਰਕਾਰ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਕੰਧਾਂ ਤੇ ਰੋਗਨ ਕਰਕੇ ਚੰਗੀ ਵਿੱਦਿਆ ਦੇਣ ਦਾ ਦਾਅਵਾ ਕਰ ਰਹੀ ਹੈ ਦੂਜੇ ਪਾਸੇ ਉਹਨਾਂ ਦੇ ਪਿੰਡ ਦੇ ਬੱਚੇ ਨਰਕ ਭਰੀ ਜਿੰਦਗੀ ਜਿਉਣ ਲਈ ਮਜਬੂਰ ਹਨ।

ਸਕੂਲ ਦੇ ਅਧਿਆਪਕ ਵੀ ਸਕੂਲ ਸਾਹਮਣੇ ਜਮਾਂ ਹੋਏ ਸੀਵਰੇਜ ਦੇ ਦੂਸ਼ਿਤ ਪਾਣੀ ਤੋਂ ਕਾਫੀ ਪਰੇਸ਼ਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਨਾਲ ਨਾਲ ਸਕੂਲ ਵਿੱਚ ਪੜ੍ਹਦੇ ਬੱਚਿਆਂ ਨੂੰ ਵੀ ਇਸ ਦੂਸ਼ਿਤ ਪਾਣੀ ਵਿੱਚੋਂ ਹੀ ਲੰਘ ਕੇ ਸਕੂਲ ਆਉਣਾ ਪੈਂਦਾ ਹੈ। ਕਦੇ ਕਦੇ ਤਾਂ ਸਕੂਲ ਆਉਣ ਜਾਣ ਦੌਰਾਨ ਕਈ ਬੱਚੇ ਇਸ ਦੂਸ਼ਿਤ ਪਾਣੀ ਵਿੱਚ ਡਿੱਗ ਜਾਂਦੇ ਹਨ, ਜਿਸ ਨਾਲ ਉਨ੍ਹਾਂ ਦੇ ਕੱਪੜਿਆਂ ਦੇ ਨਾਲ ਨਾਲ ਉਨ੍ਹਾਂ ਦੇ ਬੈਗ ਅਤੇ ਕਿਤਾਬਾਂ ਵੀ ਖਰਾਬ ਹੋ ਜਾਂਦੀਆਂ ਹਨ। ਪਿੰਡ ਵਾਸੀਆਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਹਲਕੇ ਦੇ ਵਿਧਾਇਕ ਤੋਂ ਮੰਗ ਕਰਦਿਆਂ ਕਿਹਾ ਕਿ ਸਕੂਲ ਸਾਹਮਣੇ ਜਮਾਂ ਹੋਏ ਸੀਵਰੇਜ ਦੇ ਦੂਸ਼ਿਤ ਪਾਣੀ ਦੀ ਨਿਕਾਸੀ ਦਾ ਹੱਲ ਕੀਤਾ ਜਾਵੇ।

ਲੋਕਾਂ ਦੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਉਠਾਉਂਦਿਆਂ ਇਹਨਾਂ ਪਿੰਡਾਂ ਦੇ ਬਲਾਕ ਸੰਮਤੀ ਮੈਂਬਰ ਕਾਮਰੇਡ ਸ਼ਬੇਗ ਝੰਗੜਭੈਣੀ ਸਰਬ ਭਾਰਤ ਨੌਜਵਾਨ ਸਭਾ ਦੇ ਬਲਾਕ ਪ੍ਰਧਾਨ ਕੁਲਦੀਪ ਬੱਖੂ ਸ਼ਾਹ, ਗੁਰਦਿਆਲ ਢਾਬਾਂ ਅਤੇ ਰਾਜਵਿੰਦਰ ਨਿਉਲਾ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਵੱਡੇ ਵੱਡੇ ਵਿਕਾਸ ਕਾਰਜਾਂ ਦੇ ਦਾਅਵੇ ਕਰ ਰਹੀ ਹੈ ਅਤੇ ਲੱਖਾਂ ਰੁਪਏ ਦੇ ਨੀਹ ਪੱਥਰ ਰੱਖੇ ਜਾ ਰਹੇ ਹਨ, ਪਰੰਤੂ ਦੂਜੇ ਪਾਸੇ ਸਰਹੱਦੀ ਪਿੰਡਾਂ ਦੇ ਲੋਕਾਂ ਦਾ ਵਿਕਾਸ ਜਿਉਂ ਦਾ ਤਿਉ ਹੈ। ਉਕਤ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮਸਲੇ ਦਾ ਤੁਰੰਤ ਹੱਲ ਨਾ ਕੱਢਿਆ ਗਿਆ ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।

ਜਦੋਂ ਇਸ ਸਬੰਧੀ ਫਾਜ਼ਿਲਕਾ ਹਲਕਾ ਦੇ ਵਿਧਾਇਕ ਨਰਿੰਦਰ ਪਾਲ ਸਵਨਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਬਾਰੇ ਮੇਰੇ ਕੋਲ ਪਿੰਡ ਦੀ ਪੰਚਾਇਤ ਨੇ ਫੰਡ ਮੰਗਿਆ ਸੀ ਅਤੇ ਉਹਨਾਂ ਨੂੰ ਕਰੀਬ 15 ਲੱਖ ਫੰਡ ਜਾਰੀ ਕਰਵਾ ਦਿੱਤਾ ਗਿਆ ਹੈ। ਪਿੰਡ ਦੇ ਛੱਪੜ ਦੇ ਪਾਣੀ ਦੀ ਨਿਕਾਸੀ ਲਈ ਪਾਈਪ ਲਾਈਨ ਪੈ ਚੁੱਕੀ ਹੈ। ਸਿਰਫ ਪਿੰਡ ਦੇ ਪਾਣੀ ਦੀ ਸਪਲਾਈ ਬਾਹਰ ਕੱਢਣੀ ਬਾਕੀ ਹੈ।ਇਹ ਸਮੱਸਿਆ ਦਾ ਜਲਦ ਹੱਲ ਹੋ ਜਾਵੇਗੀ।

 

Leave a Reply

Your email address will not be published. Required fields are marked *