DTF ਅਤੇ 6635 ਈ.ਟੀ.ਟੀ ਟੈਟ ਪਾਸ ਅਧਿਆਪਕ ਯੂਨੀਅਨ ਵਲੋਂ ਪੰਜਾਬ ਸਕੇਲ ਬਹਾਲੀ ਫ਼ਰੰਟ ਦੇ 17 ਜੁਲਾਈ ਨੂੰ ਕਾਲੇ ਦਿਵਸ ਵਜੋਂ ਮਨਾਉਣ ਦੀ ਹਮਾਇਤ
ਪੰਜਾਬ ਤਨਖਾਹ ਸਕੇਲ ਬਹਾਲ ਕਰਵਾਉਣ ਲਈ ਸਮੂਹ ਮੁਲਾਜ਼ਮ 17 ਜੁਲਾਈ ਨੂੰ ਕਾਲੇ ਬਿੱਲੇ ਤੇ ਕਾਲੇ ਰਿਬਨ ਬੰਨ੍ਹ ਕੇ ਡਿਊਟੀ ਤੇ ਜਾ ਕਰਨ ਰੋਸ ਪ੍ਰਦਰਸ਼ਨ – ਵਿਕਰਮ ਦੇਵ ਸਿੰਘ / ਦੀਪਕ ਕੰਬੋਜ
Punjab News –
ਪੰਜਾਬ ਸਕੇਲ ਬਹਾਲੀ ਫ਼ਰੰਟ ਦੇ ਦਿੱਤੇ ਪ੍ਰੋਗਰਾਮ ਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਅਤੇ ਈ.ਟੀ.ਟੀ ਟੈਟ ਪਾਸ ਅਧਿਆਪਕ ਯੂਨੀਅਨ ਪੰਜਾਬ ਵਲੋਂ ਪੂਰਨ ਤੌਰ ਤੇ ਹਮਾਇਤ ਕੀਤੀ ਜਾਵੇਗੀ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਸੂਬਾ ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ, 6635 ਈ.ਟੀ.ਟੀ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ, ਸੂਬਾ ਜਨਰਲ ਸਕੱਤਰ ਸ਼ਲਿੰਦਰ ਕੰਬੋਜ, ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਮਲਕੀਤ ਸਿੰਘ ਹਰਾਜ, ਸਕੱਤਰ ਅਮਿਤ ਕੁਮਾਰ, ਸੂਬਾ ਕਮੇਟੀ ਮੈਂਬਰ ਸਰਬਜੀਤ ਸਿੰਘ ਭਾਵੜਾ ਨੇ ਕੀਤਾ।
ਉਹਨਾਂ ਕਿਹਾ ਕਿ ਪੰਜਾਬ ਸਕੇਲ ਬਹਾਲੀ ਫ਼ਰੰਟ ਵੱਲੋਂ ਨਵੇਂ ਤਨਖਾਹ ਸਕੇਲ ਰੱਦ ਕਰਕੇ ਪੰਜਾਬ ਤਨਖਾਹ ਸਕੇਲ ਬਹਾਲ ਕਰਵਾਉਣ ਲਈ 17 ਜੁਲਾਈ 2025 ਨੂੰ ਰੋਸ ਦਿਵਸ ਮਨਾਉਣ ਦੇ ਸੱਦੇ ਤਹਿਤ ਡਿਊਟੀ ਦੌਰਾਨ ਕਾਲੇ ਬਿੱਲੇ/ ਕਾਲੀਆਂ ਪੱਟੀਆਂ ਲਗਾਉਣ ਦੇ ਫੈਸਲੇ ਨੂੰ ਸਾਰੇ ਜਿਲ੍ਹਿਆਂ ਵਿੱਚ ਸਾਰੇ ਅਧਿਆਪਕਾਂ ਰਾਹੀਂ ਲਾਗੂ ਕਰਵਾਇਆ ਜਾਵੇਗਾ ਅਤੇ ਉਹਨਾਂ 17-7-2020 ਤੋਂ ਬਾਅਦ ਦੀਆਂ ਸਾਰੀਆਂ ਭਰਤੀਆਂ ਲਈ ਪੁਰਾਣੇ ਨਿਯਮਾਂ ਅਨੁਸਾਰ ਪੰਜਾਬ ਸਕੇਲ ਲਾਗੂ ਕਰਨ ਦਾ ਅਦਾਲਤੀ ਫੈਸਲਾ ਜਰਨਲਾਈਜ਼ ਕਰਕੇ ਲਾਗੂ ਕਰਨ ਦੀ ਮੰਗ ਕੀਤੀ।
ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਪੇਅ ਸਕੇਲ਼ ਲਾਗੂ ਨਹੀਂ ਕੀਤਾ ਜਾ ਰਿਹਾ, ਸਗੋਂ ਵੱਖ ਵੱਖ ਵਿਭਾਗਾਂ ਦੇ ਸਰਵਿਸ ਰੂਲਾਂ ਨੂੰ ਸੋਧ ਕੇ ਡੰਗ ਟਪਾਊ ਨੀਤੀ ਅਪਣਾਈ ਜਾ ਰਹੀ ਹੈ,ਜਿਸ ਕਰਕੇ ਵੱਖ ਵੱਖ ਕੇਸਾਂ ਵਿੱਚ ਜਿੱਤੇ ਮੁਲਾਜਮਾਂ ਦੇ ਮਨਾਂ ਵਿੱਚ ਸਰਕਾਰ ਖ਼ਿਲਾਫ਼ ਭਾਰੀ ਰੋਸ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ, ਸੁਪਰੀਮ ਕੋਰਟ ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਪੰਜਾਬ ਦੇ ਸਕੇਲ਼ ਲਾਗੂ ਨਹੀਂ ਕਰਦੀ ਤਾਂ ਸਰਕਾਰ ਤੇ ਇਹ ਗੱਲ ਪੱਕੀ ਢੁੱਕਦੀ ਹੈ ਕਿ ਹਾਥੀ ਦੇ ਦੰਦ ਖਾਣ ਨੂੰ ਹੋਰ,ਵਿਖਾਉਣ ਨੂੰ ਹੋਰ।
ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਦੇ ਸਮੂਹ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ 17 ਜੁਲਾਈ ਨੂੰ ਕਾਲੇ ਦਿਵਸ ਵਜੋਂ ਮਨਾਉਣ ਅਤੇ ਸਮੂਹ ਮੁਲਾਜ਼ਮ ਕਾਲੇ ਬਿੱਲੇ ਤੇ ਕਾਲੇ ਰਿਬਨ ਬੰਨ ਕੇ ਡਿਊਟੀ ਕਰਨ ਅਤੇ ਸਰਕਾਰ ਖ਼ਿਲਾਫ਼ ਭਾਰੀ ਰੋਸ ਵਿਖਾਉਣ। ਇਸ ਮੌਕੇ ਦਵਿੰਦਰ ਨਾਥ, ਗੁਰਵਿੰਦਰ ਸਿੰਘ ਖੋਸਾ ,ਸਵਰਨ ਸਿੰਘ ਜੋਸਨ, ਨਰਿੰਦਰ ਸਿੰਘ ਜੰਮੂ, ਬਲਜਿੰਦਰ ਸਿੰਘ, ਇੰਦਰ ਸਿੰਘ ,ਅਰਵਿੰਦ ਗਰਗ, ਸੰਦੀਪ ਕੁਮਾਰ, ਅਸ਼ਵਿੰਦਰ ਸਿੰਘ ਬਰਾੜ, ਲਖਵਿੰਦਰ ਸਿੰਘ, ਅਨਿਲ ਧਵਨ, ਹਰਜਿੰਦਰ ਸਿੰਘ ਜਨੇਰ, ਮਨੋਜ ਕੁਮਾਰ ਰਾਜੇਸ਼ ਕੁਮਾਰ, ਸੁਮਿਤ ਕੁਮਾਰ, ਹਿਰਦੇ ਨੰਦ, ਯੋਗੇਸ਼ ਨਈਅਰ, ਸੰਦੀਪ ਕੁਮਾਰ ਬੱਬਰ, ਸੰਦੀਪ ਗਲਹੋਤਰਾ ਆਦਿ ਹਾਜ਼ਰ ਸਨ।