All Latest NewsNews FlashPunjab News

5178 ਅਧਿਆਪਕਾਂ ਦੇ ਬਕਾਏ ਜਾਰੀ ਕਰਵਾਉਣ ਲਈ ਡੀਟੀਐੱਫ ਵੱਲੋਂ CM Mann ਦੇ ਨਾਂ DC ਨੂੰ ਦਿੱਤਾ ਗਿਆ ਰੋਸ ਪੱਤਰ

 

5178 ਅਧਿਆਪਕਾਂ ਨੂੰ ਪ੍ਰੋਬੇਸ਼ਨ ਪੀਰੀਅਡ ਦੌਰਾਨ ਬਣਦੇ ਬਕਾਏ ਬਿਨਾਂ ਕਿਸੇ ਪਟੀਸ਼ਨਰ ਜਾਂ ਨਾਨ-ਪਟੀਸ਼ਨਰ ਦੇ ਵਖਰੇਵੇਂ ਤੋਂ ਜਾਰੀ ਕੀਤੇ ਜਾਣ – ਅਮਿਤ ਕੁਮਾਰ /ਗੁਰਵਿੰਦਰ ਸਿੰਘ ਖੋਸਾ

ਫ਼ਿਰੋਜ਼ਪੁਰ

ਪੰਜਾਬ ਸਰਕਾਰ ਆਪਣੇ ਤਿੰਨ ਸਾਲਾਂ ਤੋਂ ਜ਼ਿਆਦਾ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਕਿਸੇ ਵਰਗ ਦੀਆਂ ਹੱਕੀ ਅਤੇ ਜਾਇਜ ਮੰਗਾਂ ਦਾ ਹੱਲ ਨਹੀਂ ਕਰ ਸਕੀ। ਹੁਣ ਤੱਕ ਪੰਜਾਬ ਸਰਕਾਰ ਮੁਲਾਜ਼ਮਾਂ ਦੇ ਕਿਸੇ ਮਸਲੇ ਤੇ ਇਹ ਸੁਹਿਰਦ ਨਜ਼ਰ ਨਹੀਂ ਆਈ। ਮੁਲਾਜ਼ਮ ਵਰਗ ਵਿਚੋਂ ਸਮਾਜ ਨੂੰ ਸੇਧ ਦੇਣ ਵਾਲੇ ਅਧਿਆਪਕਾਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ-ਮਸਲਿਆਂ ਦਾ ਵੀ ਇਹ ਵਾਜਿਬ ਹੱਲ ਨਹੀਂ ਕਰ ਸਕੇ, ਸਗੋਂ ਅਧਿਆਪਕ ਵਰਗ ਪੰਜਾਬ ਸਰਕਾਰ ਅਤੇ ਅਫ਼ਸਰਸ਼ਾਹੀ ਦੇ ਗ਼ਲਤ ਫੈਸਲਿਆਂ ਕਰਕੇ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ।

ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਲਏ ਫੈਸਲਾ ਅਨੁਸਾਰ 5178 ਅਧਿਆਪਕਾਂ (ਨਾਨ-ਪਟੀਸ਼ਨਰਜ਼) ਨੂੰ ਪਰਖ ਸਮੇਂ ਦੇ ਪੂਰੀ ਤਨਖਾਹ ਅਨੁਸਾਰ ਬਕਾਏ ਜਾਰੀ ਕਰਨ ਵਿੱਚ ਹੋ ਰਹੀ ਦੇਰੀ ਲਈ ਅੱਜ ਸਾਰੇ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਦਿੱਤੇ ਜਾ ਰਹੇ ਹਨ, ਇਸੇ ਲੜੀ ਤਹਿਤ ਅੱਜ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਕੱਤਰ ਅਮਿਤ ਕੁਮਾਰ, ਵਿੱਤ ਸਕੱਤਰ ਗੁਰਵਿੰਦਰ ਸਿੰਘ ਖੋਸਾ ਦੀ ਅਗਵਾਈ ਹੇਠ ਰੋਸ ਪੱਤਰ ਦਿੱਤਾ ਗਿਆ। ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਵੱਲੋਂ ਮਿਤੀ 26-2-2025 ਨੂੰ ਸਪੀਕਿੰਗ ਆਰਡਰ ਜਾਰੀ ਕਰਦੇ ਹੋਏ 5178 ਅਧਿਆਪਕਾਂ ਨੂੰ ਪ੍ਰੋਬੇਸ਼ਨ ਪੀਰੀਅਡ ਦੌਰਾਨ ਪੂਰੀ ਤਨਖਾਹ ਸਕੇਲ ਅਨੁਸਾਰ ਬਕਾਏ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।

ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜਮਾ ਕੀਤੀ ਕਾਰਵਾਈ ਰਿਪੋਰਟ ਵਿੱਚ ਵੀ ਸਿੱਖਿਆ ਵਿਭਾਗ ਵੱਲੋਂ ਇਸ ਫੈਸਲੇ ਨੂੰ ਜਰਨਲਾਇਜ਼ ਕਰਨਾ ਅੰਕਿਤ ਕੀਤਾ ਗਿਆ ਸੀ ਪ੍ਰੰਤੂ ਹਾਲੇ ਤੱਕ 5178 ਭਰਤੀ ਵਿੱਚਲੇ ਨਾਨ-ਪਟੀਸ਼ਨਰ ਅਧਿਆਪਕਾਂ ਨੂੰ ਪੂਰੀ ਤਨਖਾਹ ਸਕੇਲ ਅਨੁਸਾਰ ਬਕਾਏ ਨਹੀਂ ਦਿੱਤੇ ਗਏ ਹਨ। ਜਦ ਕਿ ਜਥੇਬੰਦੀ ਦੀਆਂ ਜੂਨ 2025 ਦਰਮਿਆਨ ਸਿੱਖਿਆ ਸਕੱਤਰ (ਸਕੂਲਜ਼) ਅਤੇ ਕੈਬਨਿਟ ਸਬ ਕਮੇਟੀ ਨਾਲ ਹੋਈਆਂ ਮੀਟਿੰਗਾਂ ਵਿੱਚ ਇੱਕ ਕਾਡਰ ‘ਤੇ ਇੱਕੋ ਜਿਹਾ ਤਨਖ਼ਾਹ ਸਕੇਲ ਲਾਗੂ ਹੋਣ ਦੇ ਤੈਅ ਸ਼ੁਦਾ ਨਿਯਮ ਤਹਿਤ ਮਸਲਾ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ।

ਉਹਨਾਂ ਮੰਗ ਕੀਤੀ ਕਿ ਸਮੂਹ 5178 ਅਧਿਆਪਕਾਂ ਨੂੰ ਪ੍ਰੋਬੇਸ਼ਨ ਪੀਰੀਅਡ ਦੌਰਾਨ ਪੂਰੇ ਤਨਖ਼ਾਹ ਸਕੇਲ ਅਨੁਸਾਰ ਬਣਦੇ ਬਕਾਏ ਬਿਨਾਂ ਕਿਸੇ ਪਟੀਸ਼ਨਰ ਜਾਂ ਨਾਨ-ਪਟੀਸ਼ਨਰ ਦਾ ਵਖਰੇਵਾਂ ਕੀਤਿਆਂ ਜਾਰੀ ਕਰਨ ਲਈ ਜਲਦ ਲੋੜੀਂਦਾ ਸਪੱਸ਼ਟੀਕਰਨ ਪੱਤਰ ਜਾਰੀ ਕੀਤਾ ਜਾਵੇ।ਉਹਨਾਂ ਕਿਹਾ ਕਿ 5178 ਭਰਤੀ ਤਹਿਤ ਹੀ ਨਿਯੁਕਤ ਆਰਟ ਐਂਡ ਕਰਾਫਟ ਅਧਿਆਪਕਾਂ ਦੀ ਪ੍ਰੋਬੇਸ਼ਨ ਪੀਰੀਅਡ ਦੌਰਾਨ ਤਨਖ਼ਾਹ ਫਿਕਸੇਸ਼ਨ ਨੂੰ ਭਰਤੀ ਦੇ ਨਿਯਮਾਂ ਅਤੇ ਰੈਗੂਲਰਾਇਜੇਸ਼ਨ ਦੇ ਆਰਡਰਾਂ ਅਨੁਸਾਰ 4400 ਤਨਖ਼ਾਹ ਗ੍ਰੇਡ ਅਨੁਸਾਰ ਹੀ ਫਿਕਸ ਕਰਨ ਦੇ ਨਿਰਦੇਸ਼ ਜਿਲ੍ਹਾ ਅਧਿਕਾਰੀਆਂ ਨੂੰ ਦਿੱਤੇ ਜਾਣ।

ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਉਪਰੋਕਤ ਮੰਗਾਂ ਅਗਲੇ ਇੱਕ ਹਫਤੇ ਵਿੱਚ ਹੱਲ ਨਾ ਹੋਣ ਦੀ ਸੂਰਤ ਵਿੱਚ ਆਗੂਆਂ ਨੇ ਚੇਤਾਵਨੀ ਦਿੱਤੀ ਕਿ 5178 ਅਧਿਆਪਕਾਂ ਦੇ ਬਕਾਏ ਜਾਰੀ ਕਰਨ ਸਮੇਂ ਅਧਿਆਪਕਾਂ ਦੇ ਬਾਕੀ ਪ੍ਰਮੁੱਖ ਮਾਮਲੇ ਹੱਲ ਨਾ ਹੋਣ ‘ਤੇ 5 ਅਗਸਤ ਨੂੰ ਡਾਇਰੈਕਟਰ ਸਿੱਖਿਆ ਵਿਭਾਗ (ਸੈਕੰਡਰੀ) ਦੇ ਦਫ਼ਤਰ ‘ਮਾਸ ਡੈਪੂਟੇਸ਼ਨ’ ਦੇ ਰੂਪ ਵਿੱਚ ਪਹੁੰਚਣ ਅਤੇ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਸਰਕਾਰੀ ਸਮਾਗਮ ਦੇ ਸਮਾਂਤਰ ਸੂਬਾਈ ਐਕਸ਼ਨ ਵੀ ਕੀਤਾ ਜਾਵੇਗਾ। ਇਸ ਮੌਕੇ ਨਰਿੰਦਰ ਸਿੰਘ ਜੰਮੂ, ਹੀਰਾ ਸਿੰਘ ਤੂਤ, ਵਰਿੰਦਰਪਾਲ ਸਿੰਘ ਖਾਲਸਾ, ਸੁਧੀਰ ਕੁਮਾਰ, ਅਮਰੀਕ ਸ਼ਰੀਹ ਵਾਲਾ ਬਰਾੜ, ਨਿਰਵੈਰ ਸਿੰਘ ਆਦਿ ਹਾਜ਼ਰ ਸਨ।

 

Leave a Reply

Your email address will not be published. Required fields are marked *