Punjab News: 2 ਸਕੂਲ ਅਧਿਆਪਕਾਵਾਂ ਖਿਲਾਫ਼ FIR ਦਰਜ
Punjab News: ਲੁਧਿਆਣਾ ਦੇ ਥਾਣਾ ਨੰਬਰ 6 ਦੀ ਪੁਲਿਸ ਨੇ ਦੋ ਲੇਡੀ ਅਧਿਆਪਕਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਦੋਵੇਂ ਅਧਿਆਪਕਾਂ ਤੇ ਇੱਕ ਵਿਦਿਆਰਥੀ ਨੂੰ ਖੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਦੋਸ਼ ਹੈ।
ਪੁਲਿਸ ਵੱਲੋਂ ਨਾਮਜ਼ਦ ਕੀਤੀਆਂ ਗਈਆਂ ਅਧਿਆਪਕਾਵਾਂ ਦੀ ਪਛਾਣ ਹਿੰਦੀ ਅਤੇ ਪੰਜਾਬੀ ਅਧਿਆਪਕਾ ਸਵਿਤਾ ਅਤੇ ਰਮੇਸ਼ਵਰੀ ਵਜੋਂ ਹੋਈ ਹੈ। ਪੁਲਿਸ ਮੁਤਾਬਿਕ ਦੋਵੇਂ ਅਧਿਆਪਕਾਵਾਂ ਪੁਲਿਸ ਦੀ ਗ੍ਰਿਫਤ ਵਿੱਚੋਂ ਬਾਹਰ ਹਨ, ਜਿਨ੍ਹਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।
ਮੀਡੀਆ ਰਿਪੋਰਟਾਂ ਮੁਤਾਬਿਕ, ਇਸ ਮਾਮਲੇ ’ਚ ਜਾਂਚ ਅਧਿਕਾਰੀ ਬਲਜੀਤ ਸਿੰਘ ਨੇ ਦੱਸਿਆ ਕਿ ਕੁੱਝ ਦਿਨ ਪਹਿਲੋਂ ਉਕਤ ਅਧਿਆਪਕਾਵਾਂ ਤੋਂ ਪਰੇਸ਼ਾਨ ਹੋਏ 13 ਸਾਲ ਦੇ ਵਿਦਿਆਰਥੀ ਨੇ ਆਪਣੇ ਘਰ ਦੀ ਛੱਤ ’ਤੇ ਟੀਨ ਨਾਲ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਸੀ।
ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਕਬੀਰ ਨਗਰ ਵਾਸੀ ਬਲਵਿੰਦਰ ਕੁਮਾਰ ਸੈਣੀ ਨੇ ਦੱਸਿਆ ਕਿ ਉਨ੍ਹਾਂ ਦਾ 13 ਸਾਲ ਦਾ ਪੁੱਤਰ ਨੇੜਲੇ ਇਕ ਸਕੂਲ ਦਾ ਵਿਦਿਆਰਥੀ ਹੈ। ਬੀਤੇ ਦਿਨ ਲੜਕਾ ਸਕੂਲ ਤੋਂ ਘਰ ਆਇਆ ਤੇ ਉਸਨੇ ਆਪਣੇ ਛੱਤ ਦੀ ਟੀਨ ਦੀ ਪਰਛੱਤੀ ਨਾਲ ਚੁੰਨੀ ਜ਼ਰੀਏ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਪਰਿਵਾਰ ਨੇ ਜਦ ਬੱਚੇ ਦੀ ਕਾਪੀ ਤੇ ਝਾਤੀ ਮਾਰੀ ਤਾਂ ਇਸ ਸਾਰੇ ਮਾਮਲੇ ਦਾ ਖੁਲਾਸਾ ਹੋ ਗਿਆ। ਲੜਕੇ ਨੇ ਮੌਤ ਨੂੰ ਗਲੇ ਲਗਾਉਣ ਤੋਂ ਪਹਿਲੋਂ ਕਾਪੀ ’ਚ ਇਕ ਸੁਸਾਈਡ ਨੋਟ ਲਿਖਿਆ ਸੀ, ਜਿਸ ’ਚ ਬੱਚੇ ਨੇ ਲਿਖਿਆ ਸੀ ਕਿ ਉਹ ਹਿੰਦੀ ਤੇ ਪੰਜਾਬੀ ਵਾਲੀ ਟੀਚਰ ਸਵਿਤਾ ਤੇ ਰਮੇਸ਼ਵਰੀ ਕੋਲੋਂ ਬੇਹੱਦ ਪਰੇਸ਼ਾਨ ਹੈ।

