ਕਿਸਾਨਾਂ ‘ਤੇ ਚੰਡੀਗੜ੍ਹ ਪੁਲਿਸ ਨੇ ਕੀਤਾ ਲਾਠੀਚਾਰਜ! ਲਖੀਮਪੁਰ ਖੀਰੀ ਦੇ ਸ਼ਹੀਦਾਂ ਦੀ ਯਾਦ ‘ਚ ਕੱਢ ਰਹੇ ਸਨ ਮਸ਼ਾਲ ਮਾਰਚ
ਚੰਡੀਗੜ੍ਹ
ਅੱਜ ਪੁਲਿਸ ਅਤੇ ਕਿਸਾਨ ਜਥੇਬੰਦੀਆਂ ਦੇ ਕਾਰਕੁਨਾਂ ਵਿਚਾਲੇ ਧੱਕਾ ਮੁੱਕੀ ਚੰਡੀਗੜ੍ਹ ਵਿੱਚ ਹੋਈ। ਇੱਥੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ 2021 ਵਿੱਚ ਲਖੀਮਪੁਰ ਖੀਰੀ ਵਿੱਚ ਹੋਈ ਹਿੰਸਾ ਦੀ ਵਰੇਗੰਢ ਮੌਕੇ ਚੰਡੀਗੜ੍ਹ ਵਿੱਚ ਇੱਕ ਮਸ਼ਾਲ ਮਾਰਚ ਕੱਢਿਆ ਜਾਣਾ ਸੀ।
ਕਿਸਾਨਾਂ ਨੇ ਇਹ ਮਾਰਚ 35 ਸੈਕਟਰ ਵਿੱਚ ਕਿਸਾਨ ਭਵਨ ਤੋਂ 17 ਸੈਕਟਰ ਤੱਕ ਕੱਢਣਾ ਸੀ ਪਰ ਇਸ ਮਾਰਚ ਨੂੰ ਕਿਸਾਨ ਭਵਨ ਵਿੱਚ ਹੀ ਰੋਕ ਦਿੱਤਾ ਗਿਆ। ਜਿੱਥੇ ਕਿਸਾਨਾਂ ਅਤੇ ਪੁਲਿਸ ਵਿਚਕਾਰ ਤਕਰਾਰ ਹੋ ਗਿਆ।
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਲਖ਼ੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ, ਉਹਨਾਂ ਦੇ ਇਨਸਾਫ ਦੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਅਸੀਂ ਇੱਥੇ ਆਏ ਸੀ ਮਿਸਾਲ ਮਾਰਚ, ਕੈਂਡਲ ਮਾਰਚ ਕਰਨ।
ਸਾਡਾ ਮਾਰਚ 35 ਸੈਕਟਰ ਤੋਂ 17 ਸੈਕਟਰ ਤੱਕ ਜਾਣਾ ਸੀ ਅਤੇ ਅਸੀਂ ਸ਼ਾਂਤਮਈ ਢੰਗ ਨਾਲ ਨਿਕਲ ਰਹੇ ਸੀ ਤਾਂ, ਪੁਲਿਸ ਨੇ ਆ ਕੇ ਸਾਡੇ ਨਾਲ ਧੱਕਾਮੁੱਕੀ ਕਰਨੀ ਸ਼ੁਰੂ ਕਰ ਦਿੱਤੀ।
ਉਨ੍ਹਾਂ ਕਿਹਾ ਕਿ, ਕਿਸਾਨ ਅੰਦੋਲਨ ਦੌਰਾਨ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਤਿੰਨ ਅਕਤੂਬਰ 2021 ਨੂੰ ਮੁਜ਼ਾਰਾਕਾਰੀਆਂ ਉੱਤੇ ਗੱਡੀ ਚੜਾਉਣ ਅਤੇ ਉਸ ਤੋਂ ਬਾਅਦ ਦੀ ਹਿੰਸਾ ਵਿੱਚ ਚਾਰ ਕਿਸਾਨਾਂ ਅਤੇ ਇੱਕ ਪੱਤਰਕਾਰ ਅਤੇ ਤਿੰਨ ਹੋਰ ਵਰਕਰਾਂ ਦੀ ਮੌਤ ਹੋਈ ਸੀ, ਜਿਨ੍ਹਾਂ ਦੇ ਇਨਸਾਫ਼ ਲਈ ਉਹ ਅੱਜ ਪੰਜਾਬ ਦੀ ਰਾਜਧਾਨੀ ਵਿੱਚ ਮਾਰਚ ਕਰਨ ਲਈ ਨਿਕਲੇ ਹੀ ਸਨ ਕਿ, ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਧੱਕਾਮੁੱਕੀ ਕੀਤੀ।

