All Latest NewsNews FlashPunjab News

Punjab News: 1158 ਭਰਤੀ ਰੱਦ ਹੋਣ ਦੇ ਰੋਸ ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਫ਼ਰੰਟ ਵੱਲੋਂ ਭਗਵੰਤ ਮਾਨ ਦੀ ਕੋਠੀ ਘੇਰਨ ਦਾ ਐਲਾਨ

 

Punjab News: ਅੱਜ 1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਫ਼ਰੰਟ ਦੀ ਸਾਂਝੀ ਮੀਟਿੰਗ ਪਟਿਆਲਾ ਵਿਖੇ ਹੋਈ। ਮੀਟਿੰਗ ਦੇ ਵਿੱਚ ਪਿਛਲੇ ਦਿਨੀਂ ਮਾਣਯੋਗ ਸੁਪਰੀਮ ਕੋਰਟ ਵੱਲੋਂ ਭਰਤੀ ਨੂੰ ਰੱਦ ਕਰਨ ਦੇ ਫ਼ੈਸਲੇ ਬਾਰੇ ਚਰਚਾ ਕੀਤੀ ਗਈ। ਇਸ ਦੇ ਕਾਰਨਾਂ, ਖ਼ਾਮੀਆਂ ਅਤੇ ਇਸ ਦੇ ਸਿਆਸੀ ਤੇ ਕਾਨੂੰਨੀ ਪੱਖਾਂ ਨੂੰ ਵਿਚਾਰਿਆ ਗਿਆ।

ਡਾ. ਸੋਹੇਲ ਨੇ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ 1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਭਰਤੀ ਨੂੰ ਰੱਦ ਕਰਨ ਦਾ ਫ਼ੈਸਲਾ ਬਹੁਤ ਮੰਦਭਾਗਾ ਹੈ। ਇਹ ਫ਼ੈਸਲਾ ਸਿਰਫ਼ ਇਸ ਭਰਤੀ ਦੇ ਉਮੀਦਵਾਰਾਂ ਜਾਂ ਉਹਨਾਂ ਦੇ ਪਰਿਵਾਰਾਂ ਦੇ ਖਿਲਾਫ਼ ਹੀ ਨਹੀਂ ਬਲਕਿ ਪੰਜਾਬ ਦੀ ਉਚੇਰੀ ਸਿੱਖਿਆ ਅਤੇ ਵਿਦਿਆਰਥੀਆਂ ਦੇ ਭਵਿੱਖ ਦੇ ਖਿਲਾਫ਼ ਵੀ ਹੈ।

ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਇਸ ਭਰਤੀ ਦੇ ਪੂਰ ਚੜ੍ਹਨ ਨਾਲ ਜਿੱਥੇ ਪੰਜਾਬ ਦੀ ਉਚੇਰੀ ਸਿੱਖਿਆ ਨੂੰ ਇੱਕ ਹੁਲਾਰਾ ਮਿਲਿਆ ਸੀ, ਪੰਜਾਬ ਦੇ ਸਰਕਾਰੀ ਕਾਲਜਾਂ ਦੇ ਵਿੱਚ ਮੁੜ ਰੌਣਕ ਪਰਤੀ ਸੀ ਅਤੇ ਨੌਜਵਾਨਾਂ ਦੇ ਅੰਦਰ ਰੁਜ਼ਗਾਰ ਪ੍ਰਾਪਤੀ ਦੀ ਲੋਅ ਮਘਣ ਲੱਗੀ ਸੀ, ਇਸ ਭਰਤੀ ਦੇ ਰੱਦ ਹੋਣ ਦੇ ਫ਼ੈਸਲੇ ਨਾਲ ਸਭ ਨੂੰ ਧੱਕਾ ਲੱਗਿਆ ਹੈ।

ਡਾ. ਜਸਪ੍ਰੀਤ ਸਿਵੀਆਂ ਨੇ ਕਿਹਾ ਕਿ ਇਸ ਭਰਤੀ ਦੇ ਇਸ਼ਤਿਹਾਰ ਨੂੰ ਜਾਰੀ ਕਰਵਾਉਣ ਤੋਂ ਲੈ ਕੇ ਉਮੀਦਵਾਰਾਂ ਦੀ ਨਿਯੁਕਤੀ ਤੱਕ ਹਰ ਪੜਾਅ ਸੰਘਰਸ਼ ਦੇ ਸਿਰ ’ਤੇ ਪਾਰ ਕੀਤਾ ਹੈ। ਅਸੀਂ ਥਾਣੇ, ਪਰਚੇ, ਲਾਠੀਚਾਰਜ, ਜੇਲ੍ਹਾਂ ਆਦਿ ਸਭ ਵਿੱਚੋਂ ਗੁਜ਼ਰੇ ਹਾਂ। ਹੁਣ ਵੀ ਸਮੁੱਚਾ ਫ਼ਰੰਟ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨ ਤੋਂ ਨਹੀਂ ਡਰੇਗਾ।

ਪ੍ਰਿਤਪਾਲ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਸਰਕਾਰ ਦੇ ਸ਼ੋਸ਼ਣ ਤਹਿਤ ਕਾਲਜਾਂ ਵਿੱਚ ਕੰਮ ਕਰ ਰਹੀ ਗੈਸਟ ਫੈਕਲਟੀ ਦੀ ਲੜਾਈ ਦੀ ਦਿਸ਼ਾ ਹੀ ਗਲਤ ਰਹੀ ਹੈ। ਉਹਨਾਂ ਨੂੰ ਆਪਣੇ ਪੱਕੇ ਰੁਜ਼ਗਾਰ ਦੀ ਲੜਾਈ ਸਰਕਾਰ ਵੱਲ ਸੇਧਿਤ ਕਰਨੀ ਚਾਹੀਦੀ ਸੀ ਪਰ ਉਹਨਾਂ ਨੇ ਰੈਗੂਲਰ ਭਰਤੀ ਦੇ ਖਿਲਾਫ਼ ਆਢਾ ਲਾ ਲਿਆ। ਕੇਸ ਦੀ ਜਿੱਤ ਦਾ ਅਸਲ ਅਰਥ ਪੰਜਾਬ ਦੇ ਮਿਹਨਤਕਸ਼ ਤਬਕੇ ਦੇ ਬੱਚਿਆਂ ਦੇ ਭਵਿੱਖ ਦੀ ਹਾਰ ਹੈ।

ਮੰਚ ਸੰਚਾਲਨ ਕਰਦਿਆਂ ਜਸਕਰਨ ਸਿੰਘ ਨੇ ਕਿਹਾ ਕਿ ਇਸ ਮੰਦਭਾਗੇ ਫ਼ੈਸਲੇ ਨਾਲ ਜਿੱਥੇ ਪੰਜਾਬ ਦੇ ਹਜ਼ਾਰ ਤੋਂ ਵੱਧ ਉੱਚ ਯੋਗਤਾ ਪ੍ਰਾਪਤ ਨੌਜਵਾਨਾਂ ਦਾ ਰੁਜ਼ਗਾਰ ਖੁੱਸ ਰਿਹਾ ਹੈ ਅਤੇ ਪਰਿਵਾਰਾਂ ਦਾ ਗੁਜ਼ਾਰਾ ਸੰਕਟ ਵਿੱਚ ਪੈ ਗਿਆ ਹੈ, ਓਥੇ ਅਜਿਹੇ ਗੰਭੀਰ ਮੁੱਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੋਈ ਵੀ ਬਿਆਨ ਨਾ ਦੇਣਾ ਸਰਕਾਰ ਦੀ ਨੀਅਤ ਉੱਤੇ ਸਵਾਲ ਖੜ੍ਹੇ ਕਰਦਾ ਹੈ ਅਤੇ ਅਸੰਵੇਦਨਸ਼ੀਲਤਾ ਨੂੰ ਦਰਸਾਉਂਦਾ ਹੈ।

ਡਾ. ਪਰਮਜੀਤ ਸਿੰਘ ਨੇ ਐਲਾਨ ਕੀਤਾ ਕਿ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਮੁੱਚੇ 1158 ਫ਼ਰੰਟ ਵੱਲੋਂ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਜਦੋਂ ਤੱਕ ਫ਼ਰੰਟ ਦੀਆਂ ਹੱਕੀ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਸੰਘਰਸ਼ ਜਾਰੀ ਰਹੇਗਾ।

 

Leave a Reply

Your email address will not be published. Required fields are marked *