Punjab News; ਸ਼ਨੀਵਾਰ ਅਤੇ ਐਤਵਾਰ ਵੀ ਖੁੱਲ੍ਹੇ ਰਹਿਣਗੇ ਇਹ ਦਫ਼ਤਰ

All Latest NewsNews FlashPunjab News

 

ਡੀ ਸੀ ਨੇ ਲੋਕਾਂ ਨੂੰ 31 ਜੁਲਾਈ ਤੱਕ ਜਾਇਦਾਦ ਟੈਕਸ ‘ਤੇ ਛੋਟ ਦੇ ਮੌਕੇ ਦਾ ਲਾਭ ਉਠਾਉਣ ਦੀ ਅਪੀਲ ਕੀਤੀ

ਜ਼ਿਲ੍ਹੇ ਨੇ 1 ਜੁਲਾਈ ਤੋਂ 12.59 ਕਰੋੜ ਰੁਪਏ ਦੇ ਬਕਾਇਆ ਇਕੱਠੇ ਕੀਤੇ

ਟੈਕਸ ਉਗਰਾਹੀ ਲਈ ਨਗਰ ਕੌਂਸਲ ਦਫ਼ਤਰ ਸ਼ਨਿੱਚਰਵਾਰ ਤੇ ਐਤਵਾਰ ਵੀ ਖੁੱਲ੍ਹੇ ਰਹਿਣਗੇ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 24 ਜੁਲਾਈ 2025- ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਖਰੜ, ਕੁਰਾਲੀ, ਜ਼ੀਰਕਪੁਰ, ਡੇਰਾਬੱਸੀ, ਨਵਾਂ ਗਾਉਂ, ਬਨੂੜ, ਲਾਲੜੂ ਅਤੇ ਘੜੂੰਆਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ 31 ਜੁਲਾਈ, 2025 ਤੋਂ ਪਹਿਲਾਂ ਜਾਇਦਾਦ ਟੈਕਸ ਦੇ ਬਕਾਏ ਦਾ ਭੁਗਤਾਨ ਕਰਕੇ ਜਾਇਦਾਦ ਟੈਕਸ ‘ਤੇ ਚੱਲ ਰਹੀ ਛੋਟ ਦਾ ਲਾਭ ਉਠਾਉਣ। ਇਨ੍ਹਾਂ ਨਿਵਾਸੀਆਂ ਦੀ ਸਹੂਲਤ ਲਈ, ਇਨ੍ਹਾਂ ਨਗਰ ਕੌਂਸਲਾਂ ਦੇ ਦਫ਼ਤਰ ਸ਼ਨੀਵਾਰ ਅਤੇ ਐਤਵਾਰ ਨੂੰ ਜਾਇਦਾਦ ਟੈਕਸ ਉਗਰਾਹੀ ਲਈ ਖੁੱਲ੍ਹੇ ਰਹਿਣਗੇ।

ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿਸ਼ੇਸ਼ ਛੋਟ ਮੁਹਿੰਮ ਤਹਿਤ 1 ਜੁਲਾਈ ਤੋਂ ਜ਼ਿਲ੍ਹੇ ਭਰ ਵਿੱਚ 12.59 ਕਰੋੜ ਰੁਪਏ ਦੇ ਬਜਾਏ ਦਾ ਮਾਲੀਆ ਇਕੱਠਾ ਕੀਤਾ ਗਿਆ ਹੈ।  ਉਨ੍ਹਾਂ ਦੱਸਿਆ ਕਿ ਇਹ ਪਹਿਲਕਦਮੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਕਮੁਸ਼ਤ ਨਿਪਟਾਰਾ (ਵਨ-ਟਾਈਮ ਸੈਟਲਮੈਂਟ) ਸਕੀਮ ਦਾ ਹਿੱਸਾ ਹੈ ਜੋ ਟੈਕਸਦਾਤਾਵਾਂ ਨੂੰ ਲੰਬਿਤ ਜਾਂ ਅੰਸ਼ਕ ਤੌਰ ‘ਤੇ ਭੁਗਤਾਨ ਕੀਤੇ ਗਏ ਜਾਇਦਾਦ ਟੈਕਸ ਤੇ ਰਾਹਤ ਪ੍ਰਦਾਨ ਕਰਦੀ ਹੈ।

ਇਸ ਸਕੀਮ ਦੇ ਅਨੁਸਾਰ ਟੈਕਸਦਾਤਾ 31 ਜੁਲਾਈ, 2025 ਤੱਕ ਆਪਣੀ 31.03.2025 ਤੱਕ ਬਕਾਇਆ ਖੜ੍ਹੀ ਆਪਣੀ ਪੂਰੀ ਮੂਲ ਰਕਮ ਦਾ ਭੁਗਤਾਨ ਕਰ ਸਕਦੇ ਹਨ, ਅਤੇ ਜੁਰਮਾਨੇ ਅਤੇ ਵਿਆਜ ‘ਤੇ 100% ਛੋਟ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਅੱਗੇ ਕਿਹਾ, ਜੇਕਰ 1 ਅਗਸਤ ਤੋਂ 31 ਅਕਤੂਬਰ, 2025 ਦੇ ਵਿਚਕਾਰ ਬਕਾਇਆ ਭੁਗਤਾਨ ਕੀਤਾ ਜਾਂਦਾ ਹੈ, ਤਾਂ ਜੁਰਮਾਨੇ ਅਤੇ ਵਿਆਜ ‘ਤੇ 50% ਛੋਟ ਲਾਗੂ ਹੋਵੇਗੀ। ਉਨ੍ਹਾਂ ਕਿਹਾ ਕਿ 31 ਅਕਤੂਬਰ, 2025 ਤੋਂ ਬਾਅਦ, ਬਕਾਇਆ ਟੈਕਸ ‘ਤੇ ਪੂਰਾ ਜੁਰਮਾਨਾ ਅਤੇ ਵਿਆਜ ਲਗਾਇਆ ਜਾਵੇਗਾ।

ਉਨ੍ਹਾਂ ਬਕਾਇਆ ਟੈਕਸ ਵਾਲੇ ਸਾਰੇ ਜਾਇਦਾਦ ਮਾਲਕਾਂ ਨੂੰ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਸ਼ਹਿਰੀ ਬੁਨਿਆਦੀ ਢਾਂਚੇ ਅਤੇ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਸਰਕਾਰ ਦੇ ਯਤਨਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ।

ਜ਼ਿਲ੍ਹੇ ਵਿੱਚ 1 ਜੁਲਾਈ ਤੋਂ ਬਾਅਦ ਇਕੱਤਰ ਹੋਏ ਟੈਕਸ ਬਕਾਏ ਦੀ ਵਸੂਲੀ ਦੇ ਅੰਕੜਿਆਂ ਦਾ ਵੇਰਵਾ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਜ਼ੀਰਕਪੁਰ 814.94 ਲੱਖ ਰੁਪਏ ਦੇ ਨਾਲ ਸੂਚੀ ਵਿੱਚ ਮੋਹਰੀ ਰਿਹਾ। ਇਸ ਤੋਂ ਬਾਅਦ ਖਰੜ ਦੀ 227 ਲੱਖ ਰੁਪਏ, ਡੇਰਾਬੱਸੀ ਦੀ 125.62 ਲੱਖ ਰੁਪਏ, ਨਵਾਂ ਗਾਉਂ ਦੀ 32.90 ਲੱਖ ਰੁਪਏ, ਕੁਰਾਲੀ ਦੀ 26.95 ਲੱਖ ਰੁਪਏ ਅਤੇ ਬਨੂੜ ਦੀ 18.51 ਲੱਖ ਰੁਪਏ ਬਕਾਇਆ ਵਸੂਲੀ ਰਹੀ।

ਡਿਪਟੀ ਕਮਿਸ਼ਨਰ ਨੇ ਯੋਜਨਾ ਵਿੱਚ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਉਣ ਅਤੇ ਟੈਕਸ ਨਾਲ ਸਬੰਧਤ ਮੁਸ਼ਕਿਲਾਂ ਦੇ ਸਮੇਂ ਸਿਰ ਹੱਲ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਵਚਨਬੱਧਤਾ ਨੂੰ ਦੁਹਰਾਇਆ।

Media PBN Staff

Media PBN Staff

Leave a Reply

Your email address will not be published. Required fields are marked *