ਵੱਡੀ ਖ਼ਬਰ: ਪੰਜਾਬ ਕੈਬਨਿਟ ਨੇ ਭਰਤੀ ਨਿਯਮਾਂ ‘ਚ ਕੀਤਾ ਵੱਡਾ ਬਦਲਾਅ, ਉਮਰ ਹੱਦ ਵਧਾਈ
Punjab News: ਪੰਜਾਬ ਕੈਬਨਿਟ ਦੀ ਅੱਜ ਅਹਿਮ ਮੀਟਿੰਗ ਸੀਐੱਮ ਭਗਵੰਤ ਮਾਨ ਦੀ ਅਗਵਾਈ ਵਿੱਚ ਹੋਈ। ਕੈਬਨਿਟ ਦੇ ਵੱਲੋਂ ਭਰਤੀ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ।
ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਗਰੁੱਪ ਡੀ ਦੀ ਭਰਤੀ ਦੀ ਉਮਰ ਹੱਦ ਨੂੰ ਲੈ ਕੇ ਸਰਕਾਰ ਨੇ ਫ਼ੈਸਲਾ ਕਰਦਿਆਂ ਹੋਇਆ ਭਰਤੀ ਏਜ਼ ਵਧਾ ਦਿੱਤੀ ਹੈ।
ਸਰਕਾਰ ਨੇ ਭਰਤੀ ਉਮਰ ਹੱਦ ਦੋ ਸਾਲ ਵਧਾ ਦਿੱਤੀ ਹੈ। ਇਹ ਭਰਤੀ ਉਮਰ ਪਹਿਲਾਂ 35 ਸਾਲ ਸੀ, ਜਿਸਨੂੰ ਵਧਾ ਕੇ 37 ਸਾਲ ਤੱਕ ਕਰ ਦਿੱਤਾ ਗਿਆ ਹੈ।
ਕੈਬਨਿਟ ਨੇ ਗਰੁੱਪ ‘ਡੀ’ ਦੀਆਂ ਅਸਾਮੀਆਂ ਲਈ ਬਿਨੈ ਕਰਨ ਵਾਲਿਆਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਰਾਜ (ਗਰੁੱਪ ਡੀ) ਸੇਵਾ ਨਿਯਮਾਂ, 1963 ਦੇ ਨਿਯਮਾਂ 5(ਬੀ) ਅਤੇ 5(ਡੀ) ਵਿੱਚ ਸੋਧਾਂ ਨੂੰ ਪ੍ਰਵਾਨਗੀ ਦੇ ਦਿੱਤੀ, ਜਿਸ ਕਾਰਨ ਇਨ੍ਹਾਂ ਅਸਾਮੀਆਂ ਲਈ ਬਿਨੈ ਕਰਨ ਦੀ ਉਮਰ ਹੱਦ 35 ਤੋਂ ਵਧ ਕੇ 37 ਹੋ ਗਈ ਹੈ।
ਪੰਜਾਬ ਵਿੱਚ ਗਰੁੱਪ ‘ਡੀ’ ਸੇਵਾਵਾਂ ਵਿੱਚ ਨਿਯੁਕਤੀ ਲਈ ਉਮਰ ਹੱਦ 16 ਤੋਂ 35 ਸਾਲ ਸੀ, ਜਦੋਂ ਕਿ ਪੀ.ਸੀ.ਐਸ. ਨਿਯਮਾਂ 1994 ਅਨੁਸਾਰ ਗਰੁੱਪ ਏ, ਬੀ ਅਤੇ ਸੀ ਦੀਆਂ ਅਸਾਮੀਆਂ ਲਈ ਉਮਰ ਹੱਦ 18 ਤੋਂ 37 ਸਾਲ ਸੀ।
ਇਸ ਵਿੱਚ ਇਕਸਾਰਤਾ ਲਈ ਪੰਜਾਬ ਰਾਜ ਗਰੁੱਪ-ਡੀ ਸੇਵਾ ਨਿਯਮ ਨਿਯਮ 5 (ਬੀ) ਵਿੱਚ ਸੋਧ ਕਰ ਕੇ ਨਿਯੁਕਤੀ ਦੀ ਉਮਰ 18 ਤੋਂ 37 ਸਾਲ ਦੇ ਵਿਚਕਾਰ ਕਰ ਦਿੱਤੀ ਗਈ ਹੈ। ਨਿਯਮ 5 (ਡੀ) ਅਧੀਨ ਵਿਦਿਅਕ ਯੋਗਤਾ ਨੂੰ ਸੋਧ ਕੇ ‘ਅੱਠਵੀਂ’ ਤੋਂ ‘ਦਸਵੀਂ’ ਕੀਤਾ ਗਿਆ ਹੈ।

