ਪੱਤਰਕਾਰਾਂ ਵੱਲੋਂ ਡੀਸੀ ਖਿਲਾਫ਼ ਸੀਐੱਮ ਮਾਨ ਤੱਕ ਪਹੁੰਚ ਕਰਨ ਦਾ ਐਲਾਨ!

All Latest NewsNews FlashPunjab News

 

ਡੀਸੀ ਦੇ ਰਵੱਈਏ ਖਿਲਾਫ ਪੱਤਰਕਾਰਾਂ ਨੇ ਜ਼ਿਲ੍ਹਾ ਪੱਧਰੀ ਮੀਟਿੰਗ ਕਰਕੇ ਦਿਖਾਈ ਇੱਕਜੁੱਟਤਾ

ਰਣਬੀਰ ਕੌਰ ਢਾਬਾਂ, ਫਾਜ਼ਿਲਕਾ

ਫਾਜ਼ਿਲਕਾ ਡਿਪਟੀ ਕਮਿਸ਼ਨਰ ਵੱਲੋਂ ਪੱਤਰਕਾਰਾਂ ਖ਼ਿਲਾਫ਼ ਅਪਣਾਏ ਜਾ ਰਹੇ ਕਥਿਤ ਤੌਰ ਤੇ ਅੜੀਅਲ ਰਵੱਈਏ ਨੂੰ ਲੈ ਕੇ ਸਥਾਨਕ ਲਾਲਾ ਸੁਨਾਮ ਰਾਏ ਮੈਮੋਰੀਅਲ ਹਾਲ ਵਿਖੇ ਜ਼ਿਲ੍ਹਾ ਪੱਧਰੀ ਪੱਤਰਕਾਰਾਂ ਦੀ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੀ ਅਗਵਾਈ ਸੀਨੀਅਰ ਪੱਤਰਕਾਰ ਸੰਜੀਵ ਝਾਂਬ, ਪ੍ਰਫੁੱਲ ਨਾਗਪਾਲ, ਸੁਰਿੰਦਰ ਗੋਇਲ, ਪਰਮਜੀਤ ਢਾਬਾਂ, ਮਲਕੀਤ ਸਿੰਘ ਟੋਨੀ ਛਾਬੜਾ, ਰਾਜੀਵ ਰਹੇਜਾ ਅਤੇ ਰਜਨੀਸ਼ ਰਵੀ ਨੇ ਕੀਤੀ। ਇਸ ਮੀਟਿੰਗ ਵਿੱਚ ਫਾਜ਼ਿਲਕਾ, ਅਬੋਹਰ, ਖੂਹੀਆਂ ਸਰਵਰ, ਬੱਲੂਆਣਾ, ਮੰਡੀ ਅਰਨੀਵਾਲਾ, ਮੰਡੀ ਲਾਧੂਕਾ,ਮੰਡੀ ਘੁਬਾਇਆ,ਮੰਡੀ ਰੋੜਾਂਵਾਲੀ ਅਤੇ ਜਲਾਲਾਬਾਦ ਤੋਂ ਪੱਤਰਕਾਰਾਂ ਨੇ ਪੁੱਜ ਕੇ ਇਕਜੁੱਟਤਾ ਦਾ ਸਬੂਤ ਦਿੱਤਾ।

ਮੀਟਿੰਗ ਵਿੱਚ ਲੈ ਕੇ ਅਹਿਮ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆ ਪੱਤਰਕਾਰਾਂ ਦੇ ਆਗੂ ਪਰਮਜੀਤ ਢਾਬਾਂ ਅਤੇ ਰਾਜੀਵ ਰਹੇਜਾ ਨੇ ਦੱਸਿਆ ਕਿ ਫਾਜ਼ਿਲਕਾ ਦਾ ਸਮੂਹ ਪੱਤਰਕਾਰ ਭਾਈਚਾਰਾ ਇੱਕ ਮੰਚ ਤੇ ਇਕੱਠਾ ਹੋਇਆ ਹੈ ਅਤੇ ਉਹਨਾਂ ਨੇ ਪੱਤਰਕਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਤੇ ਸਿਰ ਜੋੜ ਕੇ ਹਰ ਇੱਕ ਦਾ ਸਾਥ ਦੇਣ ਦਾ ਅਹਿਦ ਲਿਆ ਹੈ। ਫਾਜ਼ਿਲਕਾ ਡਿਪਟੀ ਕਮਿਸ਼ਨਰ ਵੱਲੋਂ ਪੱਤਰਕਾਰਾਂ ਖ਼ਿਲਾਫ਼ ਅਪਣਾਏ ਜਾ ਰਹੇ ਕਥਿਤ ਤੌਰ ਤੇ ਅੜੀਅਲ ਰਵਈਏ ਨੂੰ ਲੈ ਕੇ ਹੋਏ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਫਾਜ਼ਿਲਕਾ ਜਿਲੇ ਅੰਦਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚ ਰਹੇ ਹਨ ਅਤੇ ਉਹਨਾਂ ਕੋਲ ਫਾਜ਼ਿਲਕਾ ਦਾ ਪੱਤਰਕਾਰ ਭਾਈਚਾਰਾ ਫਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਤੇ ਰਵੱਈਏ ਦਾ ਵਿਰੋਧ ਦਰਜ ਕਰਵਾਇਆ ਜਾਵੇਗਾ।

ਉਹਨਾਂ ਕਿਹਾ ਕਿ ਜੇਕਰ ਸੀਐਮ ਮਾਨ ਡਿਪਟੀ ਕਮਿਸ਼ਨਰ ਤੇ ਕੋਈ ਸਖਤ ਐਕਸ਼ਨ ਨਹੀਂ ਲੈਂਦੇ ਤਾਂ ਪੱਤਰਕਾਰ ਆਪਣੀ ਅਗਲੇ ਸੰਘਰਸ਼ ਲਈ ਰਣਨੀਤੀ ਤਿਆਰ ਕਰਨਗੇ। ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਜ਼ਿਲ੍ਹਾ ਫਾਜ਼ਿਲਕਾ ਨਾਲ ਸੰਬੰਧਿਤ ਸੱਤਾ ਧਿਰ ਦੇ ਵਿਧਾਇਕਾਂ ਨੇ ਜੇਕਰ ਡੀਸੀ ਦੇ ਆਮ ਲੋਕਾਂ, ਵੱਖ ਵੱਖ ਯੂਨੀਅਨਾਂ ਦੇ ਨੁਮਾਇੰਦਿਆਂ ਅਤੇ ਪੱਤਰਕਾਰਾਂ ਪ੍ਰਤੀ ਅਪਣਾਏ ਜਾ ਰਹੇ ਅੜੀਅਲ ਰਵੱਈਏ ਦਾ ਨੋਟਿਸ ਨਾ ਲਿਆ ਤਾਂ ਭਵਿੱਖ ਵਿੱਚ ਉਹਨਾਂ ਦਾ ਵੀ ਵਿਰੋਧ ਕਰਨ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ।

ਪੱਤਰਕਾਰਾਂ ਨੇ ਦੋਸ਼ ਲਾਉਂਦਿਆਂ ਕਿਹਾ ਕਿ 2011 ਵਿੱਚ ਫਾਜ਼ਿਲਕਾ ਜ਼ਿਲ੍ਹਾ ਬਣਿਆ ਹੈ। ਹੁਣ ਤੱਕ ਰਹੇ ਡਿਪਟੀ ਕਮਿਸ਼ਨਰਾਂ ਅਤੇ ਹੋਰ ਅਫਸਰਾਂ ਵੱਲੋਂ ਇਸ ਤਰ੍ਹਾਂ ਦਾ ਕਦੇ ਵੀ ਰਵੱਈਆ ਨਹੀਂ ਅਪਣਾਇਆ ਗਿਆ,ਜਿਸ ਤਰ੍ਹਾਂ ਮੌਜੂਦਾ ਡਿਪਟੀ ਕਮਿਸ਼ਨਰ ਪੱਤਰਕਾਰਾਂ ਨਾਲ ਰਵੱਈਆ ਅਪਣਾ ਰਹੀ ਹੈ। ਅੱਜ ਦੀ ਇਸ ਮੀਟਿੰਗ ਵਿੱਚ ਜ਼ਿਲ੍ਹਾ ਪੱਧਰੀ ਡਿਸਟਰਿਕਟ ਫਾਜ਼ਿਲਕਾ ਪ੍ਰੈਸ ਕਲੱਬ ਦਾ ਗਠਨ ਕੀਤਾ ਗਿਆ।

ਮੀਟਿੰਗ ਵਿੱਚ ਹਾਜ਼ਰ ਸਮੂਹ ਪੱਤਰਕਾਰਾਂ ਵੱਲੋਂ ਅੱਜ ਦੀ ਮੀਟਿੰਗ ਵਿੱਚ ਕਿਸੇ ਕਾਰਨ ਤੋਂ ਨਾ ਪਹੁੰਚਣ ਵਾਲੇ ਪੱਤਰਕਾਰਾਂ ਨੂੰ ਇਸ ਮੰਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ। ਪੱਤਰਕਾਰਾਂ ਨੇ ਇਹ ਵੀ ਫੈਸਲਾ ਕੀਤਾ ਕਿ ਪੱਤਰਕਾਰ ਹੋਰ ਤਨ ਦੇਹੀ ਅਤੇ ਮਿਹਨਤ ਨਾਲ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਣ ਅਤੇ ਪ੍ਰਸ਼ਾਸਨ ਦੀਆਂ ਨਕਾਮੀਆਂ ਨੂੰ ਉਜਾਗਰ ਕਰਨ ਲਈ ਸਖਤ ਮਿਹਨਤ ਕਰਨਗੇ।

 

Media PBN Staff

Media PBN Staff

Leave a Reply

Your email address will not be published. Required fields are marked *