Breaking: ਭਗਵੰਤ ਮਾਨ ਸਰਕਾਰ ਨੂੰ ਵੱਡਾ ਝਟਕਾ; ਲੈਂਡ ਪੂਲਿੰਗ ਸਕੀਮ ਵਿਰੁੱਧ AAP ਦੇ ਸਰਪੰਚਾਂ ਦਾ ਵੱਡਾ ਇਕੱਠ, ਜੰਮ ਕੇ ਕੀਤਾ ਵਿਰੋਧ
Land Pooling Scheme News : ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਜਿੱਥੇ ਮਾਨ ਸਰਕਾਰ ਨੂੰ ਪਹਿਲਾਂ ਵਿਰੋਧੀ ਪਾਰਟੀਆਂ ਘੇਰ ਰਹੀਆਂ ਹਨ ਹੁਣ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸਰਪੰਚ ਹੀ ਇਸ ਸਕੀਮ ਖਿਲਾਫ ਲਾਮਬੰਦ ਹੋਏ ਹਨ।
ਜਿਸ ਤੋਂ ਸਾਫ਼ ਹੈ ਕਿ ਲੈਂਡ ਪੂਲਿੰਗ ਸਕੀਮ ਖਿਲਾਫ ਆਮ ਆਦਮੀ ਪਾਰਟੀ ਪੰਜਾਬ ਦੇ ਅੰਦਰ ਬਗਾਵਤ ਸ਼ੁਰੂ ਹੋ ਗਈ ਹੈ। ਦੱਸ ਦਈਏ ਕਿ ਅਟਾਰੀ ਤੇ ਰਾਜਾਸਾਂਸੀ ’ਚ 15 ਤੋਂ ਵੱਧ ਪੰਚਾਇਤਾਂ ਨੇ ਇਕਜੁਟ ਹੋ ਕੇ ਲੈਂਡ ਪੂਲਿੰਗ ਸਕੀਮ ਦੇ ਖਿਲਾਫ ਮਤੇ ਪਾਏ ਹਨ।
ਮਿਲੀ ਜਾਣਕਾਰੀ ਮੁਤਾਬਿਕ ਹਲਕਾ ਰਾਜਾ ਸਾਂਸੀ ਅਤੇ ਅਟਾਰੀ ਦੇ ਝੰਜੋਟੀ,ਬਲੱਗਣ, ਚੈਨਪੁਰ,ਲਦੇਹ,ਬੱਲ,ਸਚੰਦਰ, ਅਦਲੀਵਾਲ, ਰਾਜਾਸਾਂਸੀ, ਹਰਸ਼ਾ ਛੀਨਾ, ਤੋਲਾਨੰਗਲ, ਰਾਨੇਵਾਲੀ ਆਦਿ 15 ਤੋਂ ਵੱਧ ਪੰਚਾਇਤਾਂ ਨੇ ਇੱਕਜੁੱਟ ਹੋ ਕੇ ਕਿਸਾਨ ਮਾਰੂ ਸਕੀਮ ਦੇ ਖਿਲਾਫ ਮਤੇ ਪਾਸ ਕੀਤੇ ਹਨ।
ਇਸ ਦੌਰਾਨ ਪੰਚਾਇਤ ਮੈਂਬਰਾਂ ਨੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਦੀ ਥਾਂ ਯੁੱਧ ਕਿਸਾਨਾਂ ਵਿਰੁੱਧ ਸ਼ੁਰੂ ਕੀਤਾ ਹੈ। ਕਿਸਾਨਾਂ ਨੂੰ ਕਰੋੜਪਤੀ ਬਣਾਉਣ ਦਾ ਦਾਅਵਾ ਕਰਨ ਵਾਲੀ ਸਰਕਾਰ ਦੇਸ਼ ਦੇ ਅੰਨਦਾਤਾ ਨੂੰ ਰੋਡ ਪਤੀ ਬਣਾਉਣ ’ਤੇ ਤੁਲੀ ਪਈ ਹੈ। ਸਰਕਾਰ ਕਿਸੇ ਵੀ ਤਰ੍ਹਾਂ ਕਿਸਾਨਾਂ ਨੂੰ ਸੜਕ ’ਤੇ ਲਿਆਉਣ ਦੀ ਤਿਆਰੀ ਕਰ ਰਹੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਦਬਾਅ ਹੇਠ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਗੂੰਗਾ ਬੋਲ ਹੋਇਆ। ਜਮੀਨ ਸਾਡੀ ਮਾਂ, ਕਿਸੇ ਵੀ ਹਾਲਤ ਚ ਜ਼ਮੀਨਾਂ ’ਤੇ ਕਬਜ਼ਾ ਨਹੀਂ ਹੋਣ ਦਿਆਂਗੇ। ਸਰਪੰਚ ਮੈਂਬਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਫੈਸਲੇ ਨੂੰ ਰੱਦ ਕਰੇ। ਨਹੀਂ ਤਾਂ ਮਾਨ ਸਰਕਾਰ ਦਿੱਲੀ ਦੇ ਕਿਸਾਨ ਅੰਦੋਲਨ ਤੋਂ ਵੀ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ।

