All Latest NewsGeneralNews FlashPunjab NewsTOP STORIES

ਪੰਜਾਬ ‘ਚ ਪਾਣੀ ਦਾ ਗੰਭੀਰ ਸੰਕਟ; 2039 ਤੱਕ ਜ਼ਮੀਨ ਹੇਠਲਾ ਪਾਣੀ ਹੋ ਜਾਵੇਗਾ ਖਤਮ!

 

ਦਰਿਆਈ ਪਾਣੀ ਦੇ ਵਿਵਾਦ ਨੂੰ ਸਿਆਸੀ ਰੋਟੀਆਂ ਸੇਕਣ ਦੀ ਬਜਾਏ ਰਿਪੇਰੀਅਨ ਸਿਧਾਂਤ ਅਨੁਸਾਰ ਹੱਲ ਕੀਤਾ ਜਾਵੇ

ਨਹਿਰੀ ਪਾਣੀ ਨਾਲ ਸਿੰਜਾਈ ਹੇਠ ਰਕਬਾ ਵਧਾਉਣ ਅਤੇ ਖੇਤੀ ਦਾ ਵਿਕਾਸ ਮਾਡਲ ਬਦਲਾਉਣ ਲਈ ਜਾਗਰੂਕ ਹੋਣਾ ਸਮੇਂ ਦੀ ਲੋੜ

ਨਹਿਰੀ ਢਾਂਚੇ ਨੂੰ ਮੁੱਢੋਂ ਸੁੱਢੋਂ ਠੀਕ ਕਰਨ ਲਈ 15 ਹਜ਼ਾਰ ਕਰੋੜ ਰੁਪਏ ਦੀ ਲੋੜ

ਮੋਘਿਆ ਤੋਂ ਮਿਲਦੇ ਪਾਣੀ ਭੱਤੇ ਨੂੰ ਅਜੋਕੀਆਂ ਲੋੜਾਂ ਦੇ ਹਾਣ ਦਾ ਬਣਾਉਣ ਲਈ ਸੰਘਰਸ਼ ਦੀ ਲੋੜ

ਦਲਜੀਤ ਕੌਰ, ਜਲੰਧਰ

“ਪੰਜਾਬ ਤੀਜੀ ਤੱਘੀ ਵਿਚੋਂ ਜਿਸ ਰਫਤਾਰ ਨਾਲ ਪਾਣੀ ਕੱਢ ਰਿਹਾ ਜੇਕਰ ਇਸ ਨੂੰ ਠੱਲ ਨਾ ਪਾਈ ਗਈ ਤਾਂ 2039 ਤੱਕ ਜ਼ਮੀਨ ਹੇਠਲਾ ਪਾਣੀ ਖਤਮ ਹੋ ਜਾਵੇਗਾ।ਇਸ ਗੰਭੀਰ ਸੰਕਟਮਈ ਸਥਿਤੀ ਦੇ ਬਹੁਦਿਸ਼ਾਵੀ ਹੱਲ ਲਈ ਪੰਜਾਬੀਆਂ ਨੂੰ ਲੋਕ ਲਹਿਰ ਉਸਾਰਨ ਦੀ ਲੋੜ ਹੈ। ਇਸ ਕਾਰਜ ਲਈ ਦਰਿਆਈ ਪਾਣੀਆਂ ਦੇ ਮਸਲੇ ਦਾ ਸਿਆਸੀ ਰੋਟੀਆਂ ਸੇਕਣ ਦੀ ਥਾਂ ਵਿਗਿਆਨਕ ਢੰਗ ਨਾਲ ਰਿਪੇਰੀਅਨ ਸਿਧਾਂਤ ਅਨੁਸਾਰ ਹੱਲ ਲੱਭਣ, ਨਹਿਰੀ ਪਾਣੀ ਦੀ ਖੇਤੀ ਅਤੇ ਪੀਣ ਲਈ ਵਰਤੋਂ, ਮੀਂਹ ਦੇ ਪਾਣੀ ਨੂੰ ਸਾਂਭ ਕੇ ਵਰਤਣ ਦੀ ਲੋੜ ਦੇ ਨਾਲ ਨਾਲ ਖੇਤੀ ਦੇ ਕੁਦਰਤ ਅਤੇ ਕਿਸਾਨ ਪੱਖੀ ਖੇਤੀ ਵਿਕਾਸ ਮਾਡਲ ਨੂੰ ਅਪਨਾਉਣ ਦੀ ਲੋੜ ਹੈ” ਇਹ ਵਿਚਾਰ ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕਰਵਾਏ ਗਏ ਸੈਮੀਨਾਰ ਵਿੱਚ ਉੱਭਰ ਕੇ ਸਾਹਮਣੇ ਆਏ।

ਕਿਰਤੀ ਕਿਸਾਨ ਯੂਨੀਅਨ ਵੱਲੋਂ ਅੱਜ ਪਾਣੀ ਦਾ ਸੰਕਟ:ਵੰਡ ਅਤੇ ਵਰਤੋਂ ਵਿਸ਼ੇ ਤੇ ਕਰਵਾਏ ਗਏ ਸੈਮੀਨਾਰ ਵਿੱਚ ਪੰਜਾਬ ਦੇ ਸਾਬਕਾ ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂੰ ਅਤੇ ਵਿਦਵਾਨ ਵਿਜੇ ਬੰਬੇਲੀ ਪ੍ਰਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ ਜਦੋਂ ਕਿ ਪ੍ਰਧਾਨਗੀ ਮੰਡਲ ਵਿੱਚ ਜੱਥੇਬੰਦੀ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਜਤਿੰਦਰ ਸਿੰਘ ਛੀਨਾ, ਸਤਬੀਰ ਸਿੰਘ, ਹਰਮੇਸ਼ ਸਿੰਘ ਢੇਸੀ ਅਤੇ ਜਸਵਿੰਦਰ ਸਿੰਘ ਝਬੇਲਵਾਲੀ ਆਦਿ ਬਿਰਾਜਮਾਨ ਸਨ।

ਸਾਬਕਾ ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂੰ ਨੇ ਅੰਕੜਿਆਂ ਨਾਲ ਕਿਸਾਨਾਂ ਨੂੰ ਸਮਝਾਇਆ ਕਿ ਪੰਜਾਬ ਨੂੰ ਇਸ ਸਮੇਂ ਆਪਣੀ ਵਰਤੋਂ ਲਈ 67 ਮਿਲੀਅਨ ਏਕੜ ਫੁੱਟ ਪਾਣੀ ਦੀ ਲੋੜ ਹੈ। ਅਸੀ ਕੁਦਰਤੀ ਮੀਹ ਤੋਂ 26, ਦਰਿਆਈ ਪਾਣੀ ਤੋਂ ਲਗਭਗ 13 ਮਿਲੀਅਨ ਏਕੜ ਫੁੱਟ ਪਾਣੀ ਪ੍ਰਾਪਤ ਕਰ ਰਹੇ ਹਾਂ ਬਾਕੀ ਲੋੜੀਂਦੇ 28 ਮਿਲੀਅਨ ਏਕੜ ਫੁੱਟ ਪਾਣੀ ਨੂੰ ਅਸੀ ਧਰਤੀ ਹੇਠੋਂ ਕੱਢ ਰਹੇ ਹਾਂ। ਉਨ੍ਹਾਂ ਕਿਹਾ ਕਿ ਮੀਂਹ ਦਾ 17 ਮਿਲੀਅਨ ਏਕੜ ਫੁੱਟ ਪਾਣੀ ਹੀ ਧਰਤੀ ਹੇਠ ਜੀਰਦਾ ਸਿੱਟੇ ਵਜੋਂ ਅਸੀ ਆਏ ਸਾਲ 11 ਮਿਲੀਅਨ ਏਕੜ ਫੁੱਟ ਪਾਣੀ ਵੱਧ ਕੱਢ ਰਹੇ ਹਾਂ। ਜੇਕਰ ਰਫਤਾਰ ਇਹੀ ਰਹੀ ਤਾਂ ਜਿਨ੍ਹਾਂ ਪੰਜਾਬ ਦੀ ਧਰਤੀ ਹੇਠ ਪਾਣੀ ਹੈ ਉਹ 2039 ਤੱਕ ਖਤਮ ਹੋ ਜਾਵੇਗਾ। ਇਸ ਲਈ ਸਾਨੂੰ ਗੰਭੀਰ ਹੋਣ ਦੀ ਲੋੜ ਹੈ। ਉਨ੍ਹਾਂ ਨੇ ਬਲਾਕ ਅਤੇ ਜ਼ਿਲ੍ਹੇਵਾਰ ਅੰਕੜੇ ਪੇਸ਼ ਕਰਦਿਆਂ ਸਪੱਸ਼ਟ ਕੀਤਾ ਕਿ ਸੰਗਰੂਰ, ਮਲੇਰਕੋਟਲਾ, ਮੋਗਾ,ਬਰਨਾਲਾ, ਜਲੰਧਰ ਮਲੇਰਕੋਟਲਾ ਆਦਿ ਜ਼ਿਲੇ ਸੱਚ ਮੁੱਚ ਹੀ ਗਹਿਰੇ ਸੰਕਟ ਦੀ ਹਾਲਤ ਵਿੱਚ ਹਨ ਅਤੇ ਬਾਕੀਆਂ ਦੀ ਸਥਿਤੀ ਵੀ ਕੋਈ ਬਹੁਤੀ ਚੰਗੀ ਨਹੀਂ।

ਪੰਨੂੰ ਨੇ ਕਿਹਾ ਕਿ 1970 ਤੋਂ ਲੈਕੇ ਹੁਣ ਤੱਕ ਸਿਲਸਿਲੇਵਾਰ ਢੰਗ ਨਾਲ ਸਾਡਾ ਨਹਿਰੀ ਢਾਂਚਾ ਤਹਿਸ ਨਹਿਸ ਹੋ ਗਿਆ। ਨਹਿਰੀ ਪਾਣੀ ਨਾਲ ਸਿੰਜਾਈ ਹੇਠ ਰਕਬਾ 45% ਤੋਂ ਘੱਟ ਕੇ 27% ਤੱਕ ਰਹਿ ਗਿਆ ਇਸ ਨੂੰ ਵਧਾਉਣ ਲਈ ਕਮਰਕੱਸਾ ਕਰਨ ਦੀ ਲੋੜ ਹੈ। ਨਹਿਰੀ ਢਾਂਚੇ ਨੂੰ ਚੁਸਤ ਦਰੁਸਤ ਬਣਾਉਣ ਲਈ 15 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਦੀ ਲੋੜ ਹੈ। ਅੰਗਰੇਜ਼ੀ ਰਾਜ ਦੇ ਸਮੇਂ ਦੇ ਪਾਣੀ ਭੱਤੇ (water allowance) ਨੂੰ ਅਜੋਕੀਆਂ ਲੋੜਾਂ ਅਨੁਸਾਰ ਵਧਾਉਣ ਦੀ ਲੋੜ ਤੇ ਜੋਰ ਦਿੰਦਿਆਂ ਉਨ੍ਹਾਂ ਇਸ ਸਬੰਧੀ ਕਿਸਾਨਾਂ ਨੂੰ ਆਵਾਜ਼ ਉਠਾਉਣ ਦੀ ਲੋੜ ਦਾ ਅਹਿਸਾਸ ਪੈਦਾ ਕੀਤਾ।

ਵਿਦਵਾਨ ਵਿਜੇ ਬੰਬੇਲੀ ਨੇ ਧਰਤੀ ਹੇਠ ਪਾਣੀ ਜੀਰਨ ਲਈ ਕੁਦਰਤੀ ਤੌਰ ਤੇ ਢੁੱਕਵੇਂ ਇਲਾਕਿਆਂ ਦੀ ਨਿਸ਼ਾਨਦੇਹੀ ਕਰਨ ਦੀ ਲੋੜ ਨੂੰ ਉਭਾਰਦਿਆਂ ਜੰਗਲ ਹੇਠਲੇ ਰਕਬੇ ਨੂੰ ਵਧਾਉਣ ਲਈ ਵੀ ਕਿਸਾਨਾਂ ਨੂੰ ਜਾਗਰੂਕਤਾ ਫੈਲਾਉਣ ਦਾ ਸੱਦਾ ਦਿੱਤਾ।

ਦੋਵਾਂ ਮਾਹਰ ਬੁਲਾਰਿਆਂ ਨੇ ਪੀਣ ਵਾਲੇ ਸਾਫ ਪਾਣੀ ਦੀ ਮਹੱਤਤਾ ਦੇ ਨਾਲ ਨਾਲ ਪੰਜਾਬ ਦੇ ਵਾਤਾਵਰਨ ਅਤੇ ਜ਼ਮੀਨ ਮੁਤਾਬਕ ਘੱਟ ਪਾਣੀ ਲੈਣ ਵਾਲੀਆਂ ਫ਼ਸਲਾਂ ਦੀ ਕਾਸ਼ਤ ਅਤੇ ਉਨ੍ਹਾਂ ਦੀ ਲਾਹੇਵੰਦੀ ਕੀਮਤ ਤੇ ਖ੍ਰੀਦ ਦੇ ਮਹੱਤਵਪੂਰਨ ਤੱਥ ਉੱਪਰ ਵੀ ਜ਼ੋਰ ਦਿੰਦਿਆਂ ਮੀਂਹ ਦੇ ਪਾਣੀ ਦੀ ਸੰਭਾਲ ਅਤੇ ਰੀਚਾਰਜ਼ ਦੇ ਸਵਾਲ ਤੇ ਆਪਣੀਆਂ ਵੱਡਮੁੱਲੀਆਂ ਸਲਾਹਾਂ ਕਿਸਾਨਾਂ ਨਾਲ ਸਾਂਝੀਆਂ ਕੀਤੀਆਂ।

ਸੈਮੀਨਾਰ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਦਰਿਆਈ ਪਾਣੀਆਂ ਦੇ ਮਸਲੇ ਨੂੰ ਰਿਪੇਰੀਅਨ ਸਿਧਾਂਤ ਅਨੁਸਾਰ ਹੱਲ ਕਰਕੇ ਪੰਜਾਬ ਦੀ ਨਹਿਰੀ ਪਾਣੀ ਦੀ ਲੋੜ ਨੂੰ ਪੂਰਾ ਕਰਨ ਵੱਲ ਸਰਕਾਰ ਨੂੰ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕਿਰਤੀ ਕਿਸਾਨ ਯੂਨੀਅਨ ਹਰੇ ਇਨਕਲਾਬ ਦੇ ਕਾਰਪੋਰੇਟ ਪੱਖੀ ਖੇਤੀ ਵਿਕਾਸ ਮਾਡਲ ਦੀ ਥਾਂ ਬਦਲਵੇਂ ਕੁਦਰਤ ਅਤੇ ਕਿਸਾਨ ਪੱਖੀ ਖੇਤੀ ਵਿਕਾਸ ਮਾਡਲ ਨੂੰ ਉਸਾਰਨ ਦੀ ਮੁਹਿੰਮ ਨੂੰ ਅੱਗੇ ਵਧਾ ਰਹੀ ਹੈ।

ਉਨ੍ਹਾਂ ਕਿਹਾ ਕਿ ਜੱਥੇਬੰਦੀ ਨਾਲੋਂ ਨਾਲ ਹਰ ਘਰ ਤੱਕ ਪੀਣ ਵਾਲਾ ਸਾਫ ਪਾਣੀ ਅਤੇ ਹਰ ਖੇਤ ਤੱਕ ਨਹਿਰੀ ਪਾਣੀ ਦੇ ਨਾਅਰੇ ਨੂੰ ਅਮਲੀ ਰੂਪ ਵਿੱਚ ਲਾਗੂ ਕਰਵਾਉਣ ਲਈ ਜ਼ੋਰਦਾਰ ਹੰਭਲਾ ਮਾਰੇਗੀ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਇਸ ਮੁਹਿੰਮ ਵਿੱਚ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਸੈਮੀਨਾਰ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਬਲਵਿੰਦਰ ਸਿੰਘ ਮੱਲ੍ਹੀ ਨੰਗਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸੈਮੀਨਾਰ ਵਿੱਚ ਸੂਬਾ ਪ੍ਰੈਸ ਸਕੱਤਰ ਰਾਮਿੰਦਰ ਸਿੰਘ ਪਟਿਆਲਾ, ਸੂਬਾ ਕਮੇਟੀ ਮੈਂਬਰ ਸੰਤੋਖ ਸਿੰਘ ਸੰਧੂ, ਬਲਜੀਤ ਸਿੰਘ, ਸੁਰਿੰਦਰ ਸਿੰਘ ਬੈਂਸ, ਭੁਪਿੰਦਰ ਸਿੰਘ ਵੜੈਚ, ਹਰਦੀਪ ਕੌਰ ਕੋਟਲਾ, ਸੁਖਦੇਵ ਸਿੰਘ ਸਹਿੰਸਰਾ, ਜਰਨੈਲ ਸਿੰਘ ਜਹਾਂਗੀਰ, ਚਮਕੌਰ ਸਿੰਘ ਰੋਡੇ ਅਤੇ ਡਾ ਸੁਖਚੈਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਕਾਰਕੁੰਨ ਹਾਜਰ ਸਨ।

 

Leave a Reply

Your email address will not be published. Required fields are marked *