School News: ਸਕੂਲਾਂ ‘ਚ ‘ਨਸ਼ਾ ਰੋਕਥਾਮ ਪਾਠਕ੍ਰਮ’; ਭਗਵੰਤ ਮਾਨ ਸਰਕਾਰ ਨੇ ਅਧਿਆਪਕਾਂ ਨੂੰ ਵਰਤ ਕੇ ਸੜਕਾਂ ‘ਤੇ ਛੱਡਿਆ..!
School News: ਅਧਿਆਪਕ ਮੀਹ ‘ਚ ਭਿੱਜਦੇ ਰਹੇ, ਅਧਿਕਾਰੀਆਂ ਨੇ ਫ਼ੋਨ ਚੁੱਕਣ ਤੋਂ ਕੀਤੀ ਤੌਬਾ, ਅਧਿਆਪਕਾਂ ਦੀਆਂ ਬੱਸਾਂ ਮੀਂਹ ਦੇ ਪਾਣੀ ‘ਚ ਫਸੀਆਂ, ਕੋਈ ਸਾਰ ਲੈਣ ਲਈ ਨਹੀਂ ਆ ਆਇਆ!
ਪਰਮਜੀਤ ਢਾਬਾਂ, ਜਲਾਲਾਬਾਦ
School News: ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ “ਯੁੱਧ ਨਸ਼ਿਆਂ ਵਿਰੁੱਧ” ਨੂੰ ਰਾਜ ਦੇ ਸਕੂਲਾਂ ਵਿੱਚ ‘ਨਸ਼ਾ ਰੋਕਥਾਮ ਪਾਠਕ੍ਰਮ’ ਨੂੰ ਰਸਮੀ ਤੌਰ ਤੇ ਸ਼ੁਰੂ ਕਰਨ ਲਈ ਫਾਜ਼ਿਲਕਾ ਦੀ ਮੰਡੀ ਅਰਨੀਵਾਲਾ ਤੋਂ ਸੂਬਾ ਪੱਧਰੀ ਸ਼ੁਰੂਆਤ ਕੀਤੀ ਗਈ।
ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਛੇ ਜ਼ਿਲ੍ਹਿਆਂ ਫਾਜ਼ਿਲਕਾ,ਸ੍ਰੀ ਮੁਕਤਸਰ ਸਾਹਿਬ,ਫਿਰੋਜ਼ਪੁਰ,ਫਰੀਦਕੋਟ,ਮੋਗਾ ਅਤੇ ਬਠਿੰਡਾ ਵਿੱਚੋਂ 4000 ਦੇ ਕਰੀਬ ਅਧਿਆਪਕਾਂ ਦੀ ਸ਼ਮੂਲੀਅਤ ਕਰਵਾਈ ਗਈ ਸੀ।
ਮੁੱਖ ਮੰਤਰੀ ਦੇ ਪਹੁੰਚਣ ਤੇ ਪ੍ਰੋਗਰਾਮ 12:30 ਵਜੇ ਦੇ ਕਰੀਬ ਸ਼ੁਰੂ ਹੋਇਆ ਅਤੇ 2 ਵਜੇ ਖਤਮ ਹੋ ਗਿਆ। ਅਧਿਆਪਕਾਂ ਅਤੇ ਵਿਦਿਆਰਥੀਆਂ ਤੋਂ ਨਸ਼ਾ ਨਾ ਕਰਨ ਦੀ ਸੌਂਹ ਮੁੱਖ ਮੰਤਰੀ ਵੱਲੋਂ ਚੁਕਈ ਗਈ।
ਸ਼ਾਇਦ ਸਰਕਾਰੀ ਸਮਾਗਮ ‘ਚ ਪਹੁੰਚੇ ਅਧਿਆਪਕਾਂ ਨੂੰ ਇਹ ਕੰਨ ਚੇਤਾ ਵੀ ਨਾ ਹੋਵੇ, ਕਿ ਸਮਾਗਮ ਖਤਮ ਹੋਣ ਤੋਂ ਬਾਅਦ ਜਦੋਂ ਉਹ ਮੁਸੀਬਤ ਵਿੱਚ ਫਸ ਜਾਣਗੇ ਤਾਂ ਉਹਨਾਂ ਦੇ ਜ਼ਿਲ੍ਹਾ ਅਧਿਕਾਰੀਆਂ ਤੋਂ ਲੈ ਕੇ ਕੋਈ ਵੀ ਸਿਵਲ ਅਧਿਕਾਰੀ ਉਹਨਾਂ ਦੀ ਸਾਰ ਲੈਣ ਤੱਕ ਨਹੀਂ ਆਵੇਗਾ।
ਮੁੱਖ ਮੰਤਰੀ ਦੇ ਸਮਾਗਮ ਖਤਮ ਹੋਣ ਤੋਂ ਤੁਰੰਤ ਬਾਅਦ ਭਾਰੀ ਬਾਰਿਸ਼ ਸ਼ੁਰੂ ਹੋ ਗਈ ਅਤੇ ਪੰਡਾਲ ਤੋਂ ਇਲਾਵਾ ਸੜਕਾਂ ਅਤੇ ਪਾਰਕਿੰਗ ਪਾਣੀ ਨਾਲ ਜਲਥਲ ਹੋ ਗਈਆਂ।
ਇਸ ਮੌਕੇ ਸਰਕਾਰੀ ਬੱਸਾਂ ਤੇ ਆਏ ਅਧਿਆਪਕ ਮੀਂਹ ਵਿੱਚ ਭਿੱਜਦੇ ਰਹੇ ਅਤੇ ਬੱਸਾਂ ਪਾਣੀ ਵਿੱਚ ਫਸ ਗਈਆਂ। ਬੁਰੀ ਤਰ੍ਹਾਂ ਮੀਂਹ ਵਿੱਚ ਘਿਰੇ ਅਧਿਆਪਕ ਅਤੇ ਫਸੀਆਂ ਬੱਸਾਂ ਨੂੰ ਕੱਢਣ ਲਈ ਉਹ ਆਪਣੇ ਸਿੱਖਿਆ ਅਧਿਕਾਰੀਆਂ ਨੂੰ ਫੋਨ ਕਰਦੇ ਰਹੇ,ਪਰੰਤੂ ਉਹਨਾਂ ਨੇ ਕੋਈ ਹੱਲ ਨਹੀਂ ਕੀਤਾ।
ਮੁਸੀਬਤ ਵਿੱਚ ਫਸੇ ਅਧਿਆਪਕ ਅਸ਼ੋਕ ਕੁਮਾਰ, ਸੁਰਿੰਦਰ ਕੰਬੋਜ, ਰੇਸ਼ਮ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਰਕਾਰੀ ਸਮਾਗਮ ਵਿੱਚ ਪਹੁੰਚੇ ਹੋਏ ਸਨ ਅਤੇ ਭਾਰੀ ਮੀਂਹ ਪੈਣ ਕਾਰਨ ਉਹਨਾਂ ਦੀਆਂ ਸਰਕਾਰੀ ਬੱਸਾਂ ਖੁੱਭ ਚੁੱਕੀਆਂ ਹਨ।
ਪ੍ਰੰਤੂ ਉਹਨਾਂ ਨੂੰ ਕੱਢਣ ਲਈ ਕੋਈ ਨਹੀਂ ਆ ਰਿਹਾ। ਖਬਰ ਲਿਖੇ ਜਾਣ ਤੱਕ ਅਜੇ ਵੀ ਅਧਿਆਪਕ ਮੀਹ ਵਿੱਚ ਭਿੱਜ ਰਹੇ ਹਨ ਅਤੇ ਬੱਸਾਂ ਫਸੀਆਂ ਹੋਈਆਂ ਹਨ, ਪ੍ਰੰਤੂ ਉਹਨਾਂ ਦੀ ਕੋਈ ਵੀ ਅਧਿਕਾਰੀ ਸਾਰ ਲੈਣ ਤੱਕ ਨਹੀਂ ਆ ਰਿਹਾ।
ਇਸ ਸਬੰਧੀ ਇਸ ਪੱਤਰਕਾਰ ਵੱਲੋਂ ਐਸਡੀਐਮ ਜਲਾਲਾਬਾਦ ਕੰਵਰਜੀਤ ਸਿੰਘ ਮਾਨ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਅਜੇ ਕੁਮਾਰ ਸ਼ਰਮਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰੰਤੂ ਉਹਨਾਂ ਨੇ ਫੋਨ ਅਟੈਂਡ ਨਹੀਂ ਕੀਤਾ।

