ਪੰਜਾਬ ਦੇ ਇਸ ਵਿਭਾਗ ‘ਚ 6000 ਪੋਸਟਾਂ ਖ਼ਾਲੀ! ਮਾਨ ਸਰਕਾਰ ‘ਤੇ ਦੋਸ਼- 8500 ਤੋਂ ਵੱਧ ਪੋਸਟਾਂ ਕੀਤੀਆਂ ਖ਼ਤਮ
ਜਲ ਸਰੋਤ ਕਾਮਿਆਂ ਵੱਲੋਂ ਵਿਭਾਗ ਦੀਆਂ ਹਜ਼ਾਰਾਂ ਖਾਲੀ ਪੋਸਟਾਂ ਭਰਨ ਦੀ ਮੰਗ
ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਸਰਕਾਰ ਭੇਜਿਆ ਨੂੰ ਮੰਗ ਪੱਤਰ
ਅੰਮ੍ਰਿਤਸਰ
ਡੈਮੋਕ੍ਰੇਟਿਕ ਜਲ ਸਰੋਤ ਮੁਲਾਜ਼ਮ ਯੂਨੀਅਨ ਵੱਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜ ਕੇ ਜਲ ਸਰੋਤ ਵਿਭਾਗ ਵਿੱਚ ਦਰਜਾ-4 ਕਾਮਿਆਂ ਦੀਆਂ ਖਾਲੀ ਪਈਆਂ ਕਰੀਬ 6 ਹਜ਼ਾਰ ਪੋਸਟਾਂ ਨੂੰ ਪਹਿਲ ਦੇ ਅਧਾਰ ‘ਤੇ ਭਰਨ ਦੀ ਪੁਰਜ਼ੋਰ ਮੰਗ ਕੀਤੀ ਗਈ।
ਇਸ ਮੌਕੇ ਗੱਲ ਕਰਦਿਆਂ ਜਥੇਬੰਦੀ ਦੇ ਯੂ.ਬੀ.ਡੀ.ਸੀ. ਵਿੰਗ ਦੇ ਪ੍ਰਧਾਨ ਸੁਖਦੇਵ ਸਿੰਘ ਉਮਰਾਨੰਗਲ ਅਤੇ ਸਕੱਤਰ ਜੋਰਾਵਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ 25 ਸਾਲਾਂ ਤੋਂ ਵਿਭਾਗ ਵਿੱਚ ਦਰਜਾ-4 ਪੋਸਟਾਂ ਅਧੀਨ ਕੰਮ ਕਰਨ ਵਾਲੇ ਬੇਲਦਾਰਾਂ, ਸੇਵਾਦਾਰਾਂ, ਡਾਕੀਏ, ਰੈਗੂਲੇਸ਼ਨ ਬੇਲਦਾਰਾਂ ਅਤੇ ਚੌਕੀਦਾਰਾਂ ਦੀ ਭਰਤੀ ਨਹੀਂ ਕੀਤੀ ਗਈ।
ਸਗੋਂ ਉਲਟਾ ਭਗਵੰਤ ਮਾਨ ਸਰਕਾਰ ਵੱਲੋਂ ਇਹਨਾ ਵਰਗਾਂ ਦੀਆਂ 8635 ਪੋਸਟਾਂ ਨੂੰ ਮੁਕੰਮਲ ਤੌਰ ‘ਤੇ ਖ਼ਤਮ ਕਰ ਦਿੱਤਾ ਗਿਆ ਹੈ ਅਤੇ ਵਾਰ ਵਾਰ ਬੇਨਤੀਆਂ ਕਰਨ ਦੇ ਬਾਵਜੂਦ ਵੀ ਇਹਨਾ ਨੂੰ ਮੁੜ ਬਹਾਲ ਨਹੀਂ ਕੀਤਾ ਜਾ ਰਿਹਾ, ਜਿਸ ਕਰਨ ਜਿੱਥੇ ਨਹਿਰਾਂ ਅਤੇ ਰਾਜਬਾਹਿਆਂ ‘ਤੇ ਕੰਮ ਕਰਨ ਵਾਲੇ ਦਰਜਾ 4 ਮੁਲਾਜ਼ਮਾਂ ਦੀ ਵੱਡੀ ਘਾਟ ਪੈਦਾ ਹੋ ਗਈ ਹੈ, ਉੱਥੇ ਹੀ ਸਰਕਾਰ ਨੇ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਦਾ ਰੁਜ਼ਗਾਰ ਵੀ ਪੱਕੇ ਤੌਰ ‘ਤੇ ਖੋਹ ਲਿਆ ਹੈ।
ਜਥੇਬੰਦੀ ਦੇ ਆਗੂਆਂ ਨੇ ਮੰਗ ਪੱਤਰ ਰਾਹੀ ਮੰਗ ਕੀਤੀ ਕਿ ਖ਼ਤਮ ਕੀਤੀਆਂ ਗਈਆਂ 8635 ਪੋਸਟਾਂ ਨੂੰ ਤੁਰੰਤ ਬਹਾਲ ਕਰਕੇ ਨਵੀਂ ਭਰਤੀ ਕੀਤੀ ਜਾਵੇ, ਵਿਭਾਗ ਦੇ ਹਰੇਕ ਸੈਕਸ਼ਨ ਵਿੱਚ ਗੇਜ ਰੀਡਰਾਂ ਦੀਆਂ ਖਾਲੀ ਪੋਸਟਾਂ ਤੁਰੰਤ ਭਰੀਆਂ ਜਾਣ ਅਤੇ ਟੈਕਨੀਕਲ ਪੋਸਟ ਹੋਣ ਕਰਕੇ ਇੱਕ ਸਟੈਪ ਅੱਪ ਦਿੱਤਾ ਜਾਵੇ, ਸਾਰੇ ਹੈੱਡਾਂ ‘ਤੇ ਗੇਜ ਰੀਡਰਾਂ ਲਈ ਕਮਰੇ ਬਣਾਏ ਜਾਣ ਅਤੇ ਸਮੂਹ ਸਬ ਡਵੀਜ਼ਨਾਂ ਦੇ ਸਾਰੇ ਸੈਕਸ਼ਨਾਂ ਵਿੱਚ ਮੇਟ ਲਗਾਏ ਜਾਣ।
ਵਫ਼ਦ ਵਿੱਚ ਦਵਿੰਦਰ ਸਿੰਘ ਮਹਿਸਮਪੁਰ, ਰਾਜ ਮਸੀਹ ਭੋਏਵਾਲ, ਅਮਰੀਕ ਸਿੰਘ ਜਵੰਧਪੁਰ, ਗੁਰਿੰਦਰ ਸਿੰਘ ਵਲਟੋਹਾ, ਭੁਪਿੰਦਰ ਸਿੰਘ ਗੱਗੜਭਾਣਾ, ਵਿਜੇ ਕੁਮਾਰ ਵਡਾਲਾ, ਡੋਮਰੂ ਰਾਮ ਅਤੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਜਰਮਨਜੀਤ ਸਿੰਘ, ਅਸ਼ਵਨੀ ਅਵਸਥੀ ਅਤੇ ਮਮਤਾ ਸ਼ਰਮਾਂ ਵੀ ਹਾਜ਼ਰ ਸਨ।

