ਕਮਿਊਨਿਸਟ ਪਾਰਟੀਆਂ ਮੌਜੂਦਾ ਫਾਸ਼ੀਵਾਦੀ ਤਾਕਤਾਂ ਦਾ ਟਾਕਰਾ ਕਰਨ ਲਈ ਇੱਕ ਪਲੇਟਫਾਰਮ ‘ਤੇ ਹੋਣ ਇਕੱਠੀਆਂ: ਬੰਤ ਬਰਾੜ

All Latest NewsNews FlashPunjab News

 

ਪਾਰਟੀ ਦੇ ਵਲੰਟੀਅਰ ਟ੍ਰੇਨਿੰਗ ਕੈਂਪ ਨੂੰ ਸੰਬੋਧਨ ਕੀਤਾ

ਪਰਮਜੀਤ ਢਾਬਾਂ, ਮੋਗਾ

ਭਾਰਤੀ ਕਮਿਊਨਿਸਟ ਪਾਰਟੀ ਦੇ 25ਵੇਂ ਮਹਾਂ ਸੰਮੇਲਨ ਦੀ ਕਾਮਯਾਬੀ ਲਈ ਪੰਜਾਬ ਸੂਬੇ ਦਾ ਹਰ ਪਾਰਟੀ ਵਰਕਰ, ਆਗੂ ਅਤੇ ਪਾਰਟੀ ਹਮਦਰਦ ਪੂਰੀ ਤਨਦੇਹੀ, ਲਗਨ ਅਤੇ ਸਖ਼ਤ ਮਿਹਨਤ ਨਾਲ ਲੱਗਿਆ ਹੋਇਆ ਹੈ। ਇਸ ਮਹਾਂ ਸੰਮੇਲਨ ਨੂੰ ਸਫ਼ਲ ਬਣਾਉਣ ਲਈ ਪੰਜਾਬ ਭਰ ਵਿੱਚ ਮੀਟਿੰਗਾਂ ਅਤੇ ਕੈਂਪ ਲਗਾਏ ਜਾ ਰਹੇ ਹਨ।

ਇਸੇ ਲੜੀ ਤਹਿਤ ਇਸ ਸੰਮੇਲਨ ਵਿੱਚ ਵੱਡੀ ਗਿਣਤੀ ਵਿੱਚ ਆ ਰਹੇ ਡੇਲੀਗੇਟਾਂ ਨੂੰ ਹਰ ਤਰ੍ਹਾਂ ਦੀ ਸੁਵਿਧਾ ਦੇਣ ਲਈ ਸਥਾਨਕ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਵਿਖੇ ਪਾਰਟੀ ਵਲੰਟੀਅਰਜ਼ ਦਾ ਇਕ ਟ੍ਰੇਨਿੰਗ ਕੈਂਪ ਲਗਾਇਆ ਗਿਆ। ਇਸ ਵਲੰਟੀਅਰ ਕੈਂਪ ਨੂੰ ਵਿਸ਼ੇਸ਼ ਤੌਰ ਤੇ ਸੰਬੋਧਨ ਕਰਨ ਲਈ ਪਹੁੰਚੇ ਸੀਪੀਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਕਿਹਾ ਕਿ ਹਰ ਚੰਗੇ ਕਾਰਜ ਨੂੰ ਨੇਪਰੇ ਚਾੜਨ ਲਈ ਨੌਜਵਾਨਾਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ।

ਕਾਮਰੇਡ ਬਰਾੜ ਨੇ ਕਿਹਾ ਕਿ ਪਾਰਟੀ ਦੇ ਕੌਮੀ ਮਹਾਂ ਸੰਮੇਲਨ ਨੂੰ ਕਾਮਯਾਬ ਬਣਾਉਣ ਲਈ ਪਾਰਟੀ ਦੇ ਨੌਜਵਾਨ ਵਰਗ ਦਾ ਅਹਿਮ ਯੋਗਦਾਨ ਰਹੇਗਾ। ਕਾਮਰੇਡ ਬਰਾੜ ਨੇ ਕੌਮਾਂਤਰੀ ਸਥਿਤੀ ‘ਤੇ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਦੌਰ ਵਿੱਚ ਅਸੀਂ ਪਾਰਟੀ ਦਾ ਮਹਾਂ ਸੰਮੇਲਨ ਕਰਨ ਜਾ ਰਹੇ ਹਾਂ, ਉਸ ਦੌਰ ਵਿੱਚ ਕਮਾਂਤਰੀ ਪੱਧਰ ‘ਤੇ ਆਰਥਿਕ ਲੁੱਟ ਲਈ ਸਰਮਾਏਦਾਰ ਕਾਰਪੋਰੇਟ ਘਰਾਣਿਆਂ ਅਤੇ ਅਮਰੀਕਾ ਵੱਲੋਂ ਇੱਕ ਵੱਡਾ ਜ਼ੁਲਮ ਢਾਹਿਆ ਜਾ ਰਿਹਾ ਹੈ।

ਆਰਥਿਕ ਲੁੱਟ ਲਈ ਜੰਗਾਂ ਲਾਈਆਂ ਜਾ ਰਹੀਆਂ ਹਨ। ਔਰਤਾਂ, ਬੱਚਿਆਂ ਅਤੇ ਆਮ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ। ਫਲਸਤੀਨ ਵਿੱਚ ਲਗਾਤਾਰ ਲੱਗੀ ਜੰਗ ਦੌਰਾਨ 60 ਹਜ਼ਾਰ ਤੋਂ ਵੱਧ ਔਰਤਾਂ ਅਤੇ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ,ਜੋ ਕਿ ਵੱਡਾ ਮਨੁੱਖੀ ਘਾਣ ਹੈ। ਉਹਨਾਂ ਕਿਹਾ ਕਿ ਅਮਰੀਕਾ ਦਾ ਰਾਸ਼ਟਰਪਤੀ ਡੋਨਾਰਡ ਟਰੰਪ ਦੁਨੀਆਂ ਦੀ ਆਰਥਿਕਤਾ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਤਬਾਹੀ ਕਰ ਰਿਹਾ ਹੈ, ਜਿਸ ਖ਼ਿਲਾਫ਼ ਦੁਨੀਆ ਭਰ ਦੇ ਇਨਸਾਫ ਪਸੰਦ ਲੋਕਾਂ ਨੂੰ ਇੱਕ ਮੰਚ ਤੇ ਇਕੱਠਾ ਹੋਣਾ ਚਾਹੀਦਾ ਹੈ।

ਕਾਮਰੇਡ ਬਰਾੜ ਨੇ ਕੇਂਦਰ ਵਿੱਚ ਮੋਦੀ ਦੀ ਅਗਵਾਈ ਵਾਲੀ ਬੀਜੇਪੀ ਦੀ ਸਰਕਾਰ ਬਾਰੇ ਬੋਲਦਿਆਂ ਕਿਹਾ ਕਿ ਮੋਦੀ ਦੀ ਹਕੂਮਤ ਵੀ ਕਾਰਪੋਰੇਟ ਸੈਕਟਰ ਦੇ ਇਸ਼ਾਰੇ ‘ਤੇ ਦੇਸ਼ ਵਿੱਚ ਫਾਸ਼ੀਵਾਦੀ ਮਾਹੌਲ ਸਿਰਜ ਕੇ ਲੋਕਾਂ ਖਿਲਾਫ਼ ਜ਼ੁਲਮ ਕਰ ਰਹੀ ਹੈ। ਕੇਂਦਰ ਸਰਕਾਰ ਵੱਲੋਂ ਸੰਵਿਧਾਨ ਤੇ ਹਮਲਾ ਕਰਕੇ ਉਸ ਨੂੰ ਬਦਲਣ ਦੀ ਕੋਝੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਕਮਿਊਨਿਸਟ ਏਕਤਾ ਬਾਰੇ ਬੋਲਦਿਆਂ ਸੀਪੀਆਈ ਦੇ ਸੂਬਾ ਸਕੱਤਰ ਬਰਾੜ ਨੇ ਕਿਹਾ ਕਿ ਸੀਪੀਆਈ ਦਾ ਕੌਮੀ ਮਹਾਂ ਸੰਮੇਲਨ ਇਸ ਗੱਲ ਦਾ ਸੱਦਾ ਦੇ ਰਿਹਾ ਹੈ ਕਿ ਦੇਸ਼ ਪੱਧਰ ਤੇ ਕਮਿਊਨਿਸਟ ਪਾਰਟੀ ਮੌਜੂਦਾ ਫਾਸ਼ੀਵਾਦੀ ਤਾਕਤਾਂ ਦਾ ਟਾਕਰਾ ਕਰਨ ਲਈ ਇੱਕ ਪਲੇਟਫਾਰਮ ਤੇ ਇਕੱਠੇ ਹੋਣ।

ਕਮਿਊਨਿਸਟ ਪਾਰਟੀਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਨ ਦਾ ਸੀਪੀਆਈ ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਆਪਣਾ ਅਗਾਂਹਵਧੂ ਯਤਨ ਯਤਨ ਜਾਰੀ ਰੱਖੇਗੀ। ਇਸ ਮੌਕੇ ਕਾਮਰੇਡ ਜਗਰੂਪ, ਕੁਲਦੀਪ ਭੋਲਾ,ਹੰਸਰਾਜ ਗੋਲਡਨ, ਸੁਖਜਿੰਦਰ ਮਹੇਸ਼ਰੀ, ਸੁਰਿੰਦਰ ਢੰਡੀਆਂ,ਪਰਮਜੀਤ ਢਾਬਾਂ, ਕਰਮਵੀਰ ਕੌਰ ਬੱਧਨੀ, ਸੁਖਵਿੰਦਰ ਮਲੋਟ, ਰਮਨ ਧਰਮੂ ਵਾਲਾ, ਗੁਰਜੀਤ ਕੌਰ ਸਰਦੂਲਗੜ੍ਹ ਅਤੇ ਰਾਹੁਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵੀ ਸੰਬੋਧਨ ਕੀਤਾ।

 

Media PBN Staff

Media PBN Staff

Leave a Reply

Your email address will not be published. Required fields are marked *