ਕਿਸਾਨਾਂ ਦੇ ਹੱਕ ‘ਚ ਡਟੇ ਸੁਖਬੀਰ ਬਾਦਲ; ਭਗਵੰਤ ਮਾਨ ਨੂੰ ਸੁਣਾਈਆਂ ਖਰੀਆਂ-ਖਰੀਆਂ
ਸੁਖਬੀਰ ਬਾਦਲ ਨੇ ਕਿਹਾ- ਕਿਸਾਨਾਂ ’ਤੇ ਭਗਵੰਤ ਮਾਨ ਸਰਕਾਰ ਵੱਲੋਂ ਇਸ ਕਰਕੇ ਤਸ਼ੱਦਦ ਢਾਹਿਆ ਜਾ ਰਿਹੈ ਕਿਉਂਕਿ ਕੇਜਰੀਵਾਲ ਸੂਬੇ ਦੀ ਵਾਗਡੋਰ ਸੰਭਾਲ ਲਈ ਹੈ..!
ਪੰਜਾਬ ਨੈੱਟਵਰਕ, ਚੰਡੀਗੜ੍ਹ
ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਖੜ੍ਹੇ ਹੋਣ ਅਤੇ ਆਮ ਆਦਮੀ ਪਾਰਟੀ (AAP) ਸਰਕਾਰ ਵੱਲੋਂ ਉਹਨਾਂ ਅਤੇ ਉਹਨਾਂ ਦੇ ਲੋਕਤੰਤਰੀ ਅੰਦੋਲਨ ਨੂੰ ਕੁਚਲਣ ਦੀ ਆਗਿਆ ਨਾ ਦੇਣ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਕਿਹਾ ਕਿ ਅਜਿਹਾ ਸੂਬੇ ਅਤੇ ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਹੋ ਰਿਹਾ ਹੈ ਕਿ ਸੂਬਾ ਅਤੇ ਕੇਂਦਰ ਸਰਕਾਰ ਨੇ ਕਿਸਾਨ ਆਗੂਆਂ ਨੂੰ ਗੱਲਬਾਤ ਲਈ ਸੱਦਿਆ ਹੋਵੇ ਅਤੇ ਫਿਰ ਲਾਠੀਚਾਰਜ ਕਰ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਵੇ। ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਕਿਸਾਨਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਉਹਨਾਂ ਨਾਲ ਗੱਲਬਾਤ ਕਰਨ ਦੇ ਰਾਹ ਤੋਂ ਵੀ ਭੱਜ ਗਈ ਹੈ।
ਉਹਨਾਂ ਨੇ ਅਕਾਲੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਜ਼ਬਰ ਦੀ ਲੜਾਈ ਵਿਚ ਅੰਨਦਾਤਾ ਦੇ ਨਾਲ ਡੱਟ ਜਾਣ। ਬਾਦਲ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਜਿਸ ਤਰੀਕੇ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ, ਸ਼ੰਭੂ ਤੇ ਖਨੌਰੀ ਵਿਖੇ ਉਹਨਾਂ ਦੇ ’ਧਰਨੇ’ ਜ਼ਬਰੀ ਚੁਕਾਏ ਗਏ ਅਤੇ ਉਹਨਾਂ ਦੇ ਲੋਕਤੰਤਰੀ ਹੱਕ ਸਿਰਫ ਇਸ ਕਰ ਕੇ ਕੁਚਲੇ ਗਏ, ਕਿਉਂਕਿ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੂਬੇ ਦੀ ਵਾਗਡੋਰ ਸੰਭਾਲ ਲਈ ਹੈ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਵਜ਼ਾਰਤ ਸਿਰਫ ਰਬੜ ਦੀ ਮੋਹਰ ਬਣ ਕੇ ਰਹਿ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ, ਕੇਜਰੀਵਾਲ ਹੀ ਪੰਜਾਬ ਦਾ ਅਸਲੀ ਮੁੱਖ ਮੰਤਰੀ ਹੈ ਤੇ ਉਸਦੇ ਹੁਕਮਾਂ ’ਤੇ ਹੀ ਕਿਸਾਨਾਂ ਨਾਲ ਵਧੀਕੀ ਕੀਤੀ ਗਈ ਹੈ।
ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਨੇ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਵੇਲੇ ਸੰਤਾਪ ਹੰਢਾਇਆ ਸੀ ਕਿਉਂਕਿ ਉਹਨਾਂ ਨੇ ਝੂਠੇ ਵਾਅਦੇ ਕੀਤੇ ਸਨ ਤੇ ਉਹ ਪੰਜਾਬ ਨੂੰ ਪੰਜ ਸਾਲ ਪਿੱਛੇ ਲੈ ਗਏ ਤੇ ਹੁਣ ਆਪ ਸਰਕਾਰ ਵੀ ਇਹੋ ਕੁਝ ਕਰ ਰਹੀ ਹੈ।
ਉਹਨਾਂ ਕਿਹਾ ਕਿ ਕਿਸਾਨਾਂ ਦੀ ਤਾਂ ਗੱਲ ਹੀ ਛੱਡੋ, ਇਹਨਾਂ ਨੇ ਤਾਂ ਸਮਾਜ ਦੇ ਹਰ ਵਰਗ ਨਾਲ ਧੋਖਾ ਕੀਤਾ ਹੈ ਭਾਵੇਂ ਉਹ ਉਦਯੋਗ, ਮਹਿਲਾਵਾਂ, ਕਮਜ਼ੋਰ ਵਰਗ ਤੇ ਨੌਜਵਾਨ ਹੋਣ। ਉਹਨਾਂ ਕਿਹਾ ਕਿ ਹਾਲਾਤ ਅਜਿਹੇ ਬਣ ਗਏ ਹਨ ਕਿ ਅਜਿਹਾ ਜਾਪਦਾ ਹੈ ਕਿ ਪੰਜਾਬ ਵਿਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ।
ਗੈਂਗਸਟਰਾਂ ਨੇ ਸੂਬੇ ਨੂੰ ਆਪਣੇ ਕਬਜ਼ੇ ਹੇਠ ਲੈ ਲਿਆ ਹੈ ਤੇ ਨਸ਼ਾ ਤਸਕਰ ਮਨਮਰਜ਼ੀ ਨਾਲ ਰਾਜ ਚਲਾ ਰਹੇ ਹਨ। ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਅਤੇ ਇਸਦੇ ਝੰਡੇ ਹੇਠ ਇਕਜੁੱਟ ਹੋਣ।
ਉਹਨਾਂ ਕਿਹਾ ਕਿ ਪਹਿਲਾਂ ਅਕਾਲੀ ਦਲ ਦੀ ਸਰਕਾਰ ਵੇਲੇ ਸੂਬੇ ਨੂੰ ਤੇਜ਼ ਰਫ਼ਤਾਰ ਤਰੱਕੀ ਲਈ ਜਾਣਿਆ ਜਾਂਦਾ ਸੀ, ਜਿਥੇ ਵਿਸ਼ਵ ਪੱਧਰੀ ਸੜਕਾਂ, ਹਵਾਈ ਅੱਡੇ, ਬੁਨਿਆਦੀ ਢਾਂਚੇ ਦੇ ਪ੍ਰਾਜੈਕਟ ਤੇ ਸਮਾਜ ਭਲਾਈ ਸਕੀਮਾਂ ਸਫਲਤਾ ਨਾਲ ਸੂਬੇ ਵਿਚ ਲਾਗੂ ਕੀਤੀਆਂ ਗਈਆਂ।
ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸ਼ੁਭਚਿੰਤਕਾਂ ਨੂੰ ਸਮਝਣ ਤੇ ਕਿਹਾ ਕਿ ਅਕਾਲੀ ਦਲ ਇਕ ਖੇਤਰੀ ਪਾਰਟੀ ਹੈ ਜੋ ਹਮੇਸ਼ਾ ਸੂਬੇ ਦੇ ਲੋਕਾਂ ਦੀਆਂ ਖੇਤਰੀ ਖੁਆਹਿਸ਼ਾਂ ਨੂੰ ਸਮਝਦੀ ਆਈ ਹੈ। ਉਹਨਾਂ ਕਿਹਾ ਕਿ ਅਸੀਂ ਅਜਿਹਾ ਕਰਦੇ ਰਹਾਂਗੇ।