ਪੰਜਾਬ ਕੈਬਨਿਟ ਦੇ ਫ਼ੈਸਲੇ ਦਾ ਭਾਰੀ ਵਿਰੋਧ; ਮੁਲਾਜ਼ਮਾਂ ਤੇ ਮਜ਼ਦੂਰਾਂ ਤੋਂ ਕੰਮ ਦੇ 12 ਘੰਟੇ ਲੈਣ ਦਾ ਕੀਤਾ ਸੀ ਐਲਾਨ
ਮਜ਼ਦੂਰ ਦੇ ਕੰਮ ਦੀ ਦਿਹਾੜੀ 12 ਘੰਟੇ ਕਰਨ ਖਿਲਾਫ ਖੇਤ ਮਜ਼ਦੂਰਾਂ ਨੇ ਕੀਤੀ ਰੋਸ ਰੈਲੀ
ਅਸ਼ੋਕ ਵਰਮਾ, ਲੰਬੀ:
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਵੱਲੋਂ ਪੰਜਾਬ ਦੁਕਾਨ ਤੇ ਵਪਾਰਕ ਅਦਾਰੇ ਐਕਟ 1958 ਚ ਸੋਧ ਕਰਨ ਦੇ ਨਾਲ ਹੀ ਮਜ਼ਦੂਰਾਂ ਤੇ ਮੁਲਾਜ਼ਮਾਂ ਤੋਂ 8 ਘੰਟੇ ਦੀ ਥਾਂ 12 ਘੰਟੇ ਕੰਮ ਲੈਣ ਦੇ ਕੀਤੇ ਫੈਸਲੇ ਨੂੰ ਮਜ਼ਦੂਰ ਵਿਰੋਧੀ ਕਰਾਰ ਦਿੰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਪਿੰਡ ਸਿੰਘੇਵਾਲਾ ਵਿਖੇ ਰੋਸ ਰੈਲੀ ਕੀਤੀ ਗਈ।
ਯੂਨੀਅਨ ਦੇ ਬਲਾਕ ਪ੍ਰਧਾਨ ਕਾਲਾ ਸਿੰਘ ਸਿੰਘੇਵਾਲਾ ਤੇ ਮਹਿਲਾ ਮਜ਼ਦੂਰ ਆਗੂ ਕ੍ਸਿਿ਼ਨਾ ਦੇਵੀ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਸਰਕਾਰ ਲਗਾਤਾਰ ਮਜ਼ਦੂਰ ਵਿਰੋਧੀ ਫ਼ੈਸਲੇ ਲੈ ਰਹੀ ਹੈ।
ਉਹਨਾਂ ਆਖਿਆ ਕਿ ਮਜ਼ਦੂਰ ਜਮਾਤ ਵੱਲੋਂ ਅੱਠ ਘੰਟੇ ਦੀ ਕੰਮ ਦਿਹਾੜੀ ਦਾ ਕਾਨੂੰਨ ਬੇਥਾਹ ਕੁਰਬਾਨੀਆਂ ਦੇ ਕੇ ਲਾਗੂ ਕਰਵਾਇਆ ਗਿਆ ਸੀ ਜਿਸਨੂੰ ਭਗਵੰਤ ਮਾਨ ਸਰਕਾਰ ਨੇ ਖੋਹਣ ਦਾ ਫ਼ੈਸਲਾ ਕਰਕੇ ਆਪਣਾ ਮਜ਼ਦੂਰ ਵਿਰੋਧੀ ਚਿਹਰਾ ਇੱਕ ਵਾਰ ਫੇਰ ਨੰਗਾ ਕਰ ਦਿੱਤਾ ਹੈ।
ਉਹਨਾਂ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਰਤ ਕਾਨੂੰਨਾਂ ਚ ਸੋਧਾਂ ਕਰਦਿਆਂ ਜ਼ੋ ਮਜ਼ਦੂਰ ਵਿਰੋਧੀ ਚਾਰ ਕਿਰਤ ਕੋਡ ਬਣਾਏ ਸਨ ਭਗਵੰਤ ਮਾਨ ਸਰਕਾਰ ਉਨ੍ਹਾਂ ਤਹਿਤ ਹੀ ਮਜ਼ਦੂਰਾਂ ਦੀ ਦਿਹਾੜੀ ਦੇ ਘੰਟੇ ਵਧਾ ਰਹੀ ਹੈ।
ਉਹਨਾਂ ਆਖਿਆ ਘੰਟੇ ਵਧਾਉਣ ਦੀ ਥਾਂ ਲੋੜ ਤਾਂ ਉਜ਼ਰਤਾਂ ਵਧਾਉਣ ਦੀ ਹੈ ਜਿਨ੍ਹਾਂ ਬਾਰੇ ਆਪ ਸਰਕਾਰ ਮੂੰਹ ਨਹੀਂ ਖੋਲ੍ਹ ਰਹੀ। ਮਜ਼ਦੂਰ ਆਗੂਆਂ ਨੇ ਆਖਿਆ ਕਿ ਭਗਵੰਤ ਮਾਨ ਸਰਕਾਰ ਵੱਲੋਂ ਬੀਤੇ ਦਿਨੀਂ 4700 ਦੇ ਕਰੀਬ ਮਜ਼ਦੂਰ ਪਰਿਵਾਰਾਂ ਦਾ 68 ਕਰੋੜ ਰੁਪਏ ਦੀ ਕਰਜ਼ਾ ਮੁਆਫ਼ੀ ਦਾ ਕੀਤਾ ਐਲਾਨ ਵੀ ਊਠ ਤੋਂ ਛਾਣਨੀ ਲਾਹ ਕੇ ਭਾਰ ਹੌਲਾ ਕਰਨ ਬਰਾਬਰ ਹੈ।
ਕਿਉਂਕਿ ਇੱਕ ਪਿੰਡ ਮਗਰ ਇੱਕ ਮਜ਼ਦੂਰ ਦਾ ਵੀ ਕਰਜ਼ਾ ਮੁਆਫ਼ ਨਹੀਂ ਕੀਤਾ ਗਿਆ ਸਗੋਂ ਪੌਣੇ ਤਿੰਨ ਪਿੰਡਾਂ ਮਗਰ ਇੱਕ ਮਜ਼ਦੂਰ ਨੂੰ ਰਾਹਤ ਦੇਣ ਦਾ ਐਲਾਨ ਕੀਤਾ ਗਿਆ ਹੈ ਅਤੇ ਲੱਖਾਂ ਮਜ਼ਦੂਰ ਪਰਿਵਾਰਾਂ ਨੂੰ ਕਰਜ਼ੇ ਤੋਂ ਕੋਈ ਰਾਹਤ ਨਹੀਂ ਦਿੱਤੀ ਗਈ। ਉਹਨਾਂ ਮੰਗ ਕੀਤੀ ਕਿ ਮਾਈਕਰੋ ਫਾਈਨਾਂਸ ਕੰਪਨੀਆਂ ਸਮੇਤ ਮਜ਼ਦੂਰਾਂ ਸਿਰ ਚੜਿਆ ਸਮੁੱਚਾ ਕਰਜਾ ਮੁਆਫ ਕੀਤਾ ਜਾਵੇ।