All Latest NewsNews FlashPunjab News

ਇਜ਼ਰਾਇਲ ਵੱਲੋਂ ਫ਼ਲਸਤੀਨੀਆਂ ਦੀ ਨਸਲਕੁਸ਼ੀ ਦਾ ਵਿਰੋਧ ਅਤੇ ਫ਼ਲਸਤੀਨ ਦੇ ਹੱਕ ‘ਚ ਕਨਵੈਨਸ਼ਨ

 

ਦਲਜੀਤ ਕੌਰ, ਜਲੰਧਰ

ਇਜ਼ਰਾਇਲ ਵੱਲੋਂ ਫਲਸਤੀਨੀਆਂ ਦੀ ਨਸਲਕੁਸ਼ੀ ਦੇ ਵਿਰੋਧ ’ਚ ਸਥਾਈ ਜੰਗਬੰਦੀ ਲਈ ਅਤੇ ਭਾਰਤ ਸਰਕਾਰ ਵੱਲੋਂ ਇਜ਼ਰਾਇਲ ਨੂੰ ਹਥਿਆਰ ਤੇ ਹੋਰ ਜੰਗੀ ਸਾਜੋ-ਸਮਾਨ ਦਿੱਤੇ ਜਾਣ ਦੇ ਵਿਰੋਧ ਅਤੇ ਫਲਸਤੀਨੀਆਂ ਨਾਲ ਯਕਯਹਿਤੀ ਪ੍ਰਗਟਾਉਣ ਲਈ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਕਨਵੈਨਸ਼ਨ ਕੀਤੀ ਗਈ ਅਤੇ ਸ਼ਹਿਰ ਵਿੱਚ ਜ਼ੋਰਦਾਰ ਮੁਜਾਹਰਾ ਕੀਤਾ ਗਿਆ।

ਇਸ ਕਨਵੈਨਸ਼ਨ ਦੇ ਪ੍ਰਧਾਨਗੀ ਮੰਡਲ ’ਚ ਸਰਬ ਸ਼੍ਰੀ ਰਤਨ ਸਿੰਘ ਰੰਧਾਵਾ, ਅਜਮੇਰ ਸਿੰਘ, ਰਾਜਵਿੰਦਰ ਸਿੰਘ ਰਾਣਾ, ਨਰਾਇਣ ਦੱਤ, ਰਜਿੰਦਰ ਸਿੰਘ ਮੰਡ, ਗੁਰਨਾਮ ਸਿੰਘ ਬਾਲਦ ਕਲ੍ਹਾਂ ਸ਼ਾਮਲ ਸਨ। ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਕੀਤੀ ਜਾ ਰਹੀ ਹਵਾਈ ਬੰਬਾਰੀ ਅਤੇ ਜ਼ਮੀਨੀ ਹਮਲਿਆਂ ਨਾਲ 50,000 ਤੋਂ ਵੱਧ ਲੋਕ ਮੌਤ ਦੇ ਘਾਟ ਉਤਾਰ ਦਿੱਤੇ ਗਏ ਹਨ। ਮਲਬੇ ਹੇਠ ਦੱਬੇ ਲੋਕਾਂ ਦੀ ਗਿਣਤੀ ਦਾ ਹਿਸਾਬ ਹੀ ਨਹੀਂ ਲਾਇਆ ਜਾ ਸਕਦਾ ਅਤੇ ਦਸ ਲੱਖ ਤੋਂ ਵੱਧ ਲੋਕ ਬੇਘਰ ਹੋ ਗਏ ਹਨ।

ਉਹਨਾਂ ਕਿਹਾ ਕਿ ਸਾਰੇ ਜੰਗੀ ਨਿਯਮਾਂ ਨੂੰ ਛਿੱਕੇ ਉੱਤੇ ਟੰਗ ਕੇ ਹਸਪਤਾਲਾਂ, ਸਕੂਲਾਂ ਅਤੇ ਰਿਹਾਇਸ਼ੀ ਥਾਵਾਂ ਨੂੰ ਵੀ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਾਣੀ, ਦਵਾਈਆਂ ਅਤੇ ਖਾਣ-ਪੀਣ ਦੇ ਸਾਜੋ-ਸਮਾਨ ’ਤੇ ਲਾਈਆਂ ਪਾਬੰਦੀਆਂ ਅਤਿ ਘਿਨਾਉਣੇ ਗੈਰ-ਮਾਨਵਵਾਦੀ ਇਜ਼ਰਾਇਲ ਅਤੇ ਉਸਦੇ ਸਹਿਯੋਗੀਆਂ ਦਾ ਕਰੂਪ ਚਿਹਰਾ ਸਾਰੀ ਦੁਨੀਆਂ ਸਾਹਮਣੇ ਆ ਗਿਆ ਹੈ। ਅਮਰੀਕਾ ਅਤੇ ਉਸਦੇ ਪੱਛਮੀ ਸਹਿਯੋਗੀ ਇਜ਼ਰਾਇਲ ਨੂੰ ਲਗਾਤਾਰ ਹਥਿਆਰਾਂ ਦੀ ਸਪਲਾਈ ਅਤੇ ਆਰਥਿਕ ਮੱਦਦ ਦੇ ਰਹੇ ਹਨ।

ਸਥਾਈ ਜੰਗਬੰਦੀ ਲਈ ਯੂ.ਐਨ.ਓ. ਦੇ ਮਤਿਆਂ ਦਾ ਵਿਰੋਧ ਕਰਕੇ ਅਮਨ ਲਈ ਕੀਤੀਆਂ ਜਾ ਰਹੀਆਂ ਅਪੀਲਾਂ ਦਾ ਦੋਗਲਾਪਣ ਵੀ ਸੰਸਾਰ ਦੇ ਲੋਕਾਂ ਸਾਹਮਣੇ ਪੂਰੀ ਤਰ੍ਹਾਂ ਨੰਗਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਲਿਬਨਾਨ ਸਮੇਤ ਦੂਜੇ ਦੇਸ਼ਾਂ ਉੱਪਰ ਇਜ਼ਰਾਇਲੀ ਹਮਲਿਆਂ ਨੇ ਮੱਧਪੂਰਬ ਦੇ ਕਈ ਦੇਸ਼ਾਂ ਨੂੰ ਲਪੇਟੇ ਜਾਣ ਨਾਲ ਜੰਗ ਦਾ ਖਤਰਾ ਹੋਰ ਵੀ ਵਧ ਗਿਆ ਹੈ।

ਉਹਨਾਂ ਕਿਹਾ ਕਿ ਸੰਯੁਕਤ ਰਾਸ਼ਟਰ ਮਹਾਂ ਸਭਾ ਵਿੱਚ ਜੰਗਬੰਦੀ ਲਈ ਪੇਸ਼ ਮਤਾ ਜਿਸ ਵਿੱਚ ਫਲਸਤੀਨੀ ਇਲਾਕਿਆਂ ਵਿੱਚੋਂ ਇਜ਼ਰਾਇਲੀ ਫੌਜਾਂ ਬਿਨਾਂ ਦੇਰੀ ਤੋਂ ਵਾਪਸ ਬੁਲਾਉਣ ਦੀ ਮੰਗ ਕੀਤੀ ਗਈ ਸੀ, ਭਾਰਤ ਸਰਕਾਰ ਦੇ ਨੁਮਾਇੰਦੇ ਦਾ ਗੈਰ-ਹਾਜ਼ਰ ਰਹਿਣਾ ਇਜ਼ਰਾਇਲ ਦੀ ਹਮਾਇਤ ਕਰਨਾ ਹੈ। ਭਾਰਤ ਵੱਲੋਂ ਇਜ਼ਰਾਇਲ ਨੂੰ ਰਾਕਟ ਇੰਜਣ, ਧਮਕਾਕਾਰੀ ਸਮੱਗਰੀ ਅਤੇ ਤੋਪਾਂ ਦਾ ਬਾਲਣ ਭੇਜਣ ਨਾਲ ਇਸ ਜੰਗ ਵਿੱਚ ਨਸਲਘਾਤ ਲਈ ਭਾਰਤੀ ਹਾਕਮਾਂ ਦੀ ਸ਼ਮੂਲੀਅਤ ਵੀ ਜੱਗ-ਜਾਹਿਰ ਹੈ। ਭਾਰਤੀ ਮਜ਼ਦੂਰਾਂ ਨੂੰ ਵੀ ਇਜ਼ਰਾਇਲ ਭੇਜਿਆ ਜਾ ਰਿਹਾ ਹੈ।ਇਸ ਕਨਵੈਨਸ਼ਨ ਵਿੱਚ ਮੰਗ ਕੀਤੀ ਗਈ ਕਿ ਸਥਾਈ ਜੰਗਬੰਦੀ ਕੀਤੀ ਜਾਵੇ, ਯੂ.ਐਨ.ਓ. ਦੇ ਮਤੇ ਅਨੁਸਾਰ ਫਲਸਤੀਨੀ ਇਲਾਕਿਆਂ ਵਿੱਚੋਂ ਇਜ਼ਰਾਇਲੀ ਫੌਜਾਂ ਫੌਰੀ ਤੌਰ ’ਤੇ ਵਾਪਸ ਬੁਲਾਈਆਂ ਜਾਣ, ਫਲਸਤੀਨੀਆਂ ਦੀ ਪ੍ਰਭੂਸੱਤਾ ਲਈ ਆਵਾਜ਼ ਬੁਲੰਦ ਕੀਤੀ ਜਾਵੇ।

ਇਹ ਵੀ ਮੰਗ ਕੀਤੀ ਗਈ ਕਿ ਭਾਰਤ ਸਰਕਾਰ ਹਥਿਆਰ ਅਤੇ ਹੋਰ ਜੰਗੀ ਸਮਾਨ ਦੀ ਸਪਲਾਈ ਬੰਦ ਕਰੇ ਅਤੇ ਇਜ਼ਰਾਇਲ ਨਾਲੋਂ ਰਾਜਦੂਤਕ ਸਬੰਧ ਤੋੜ ਕੇ ਫ਼ਲਸਤੀਨੀ ਲੋਕਾਂ ਦੀ ਹਮਾਇਤ ਕਰੇ।ਇਸ ਕਨਵੈਨਸ਼ਨ ਨੂੰ ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਸੀ.ਪੀ.ਆਈ. (ਐਮ-ਐਲ) ਨਿਊ ਡੈਮੋਕਰੇਸੀ ਦੇ ਸੀਨੀਅਰ ਆਗੂ ਦਰਸ਼ਨ ਸਿੰਘ ਖਟਕੜ, ਸੀ.ਪੀ.ਆੀ. (ਐਮ-ਐਲ) ਲਿਬਰੇਸ਼ਨ ਦੇ ਸੂਬਾ ਸਕੱਤਰ ਗੁਰਮੀਤ ਸਿੰਘ ਬਖਤਪੁਰ, ਇਨਕਲਾਬੀ ਕੇਂਦਰ ਪੰਜਾਬ ਦੇ ਕੰਵਲਜੀਤ ਖੰਨਾ, ਸੀ.ਪੀ.ਆਈ. ਦੇ ਰਸ਼ਪਾਲ ਕੈਲੇ, ਐਮ.ਸੀ.ਪੀ.ਆਈ. (ਯੂ.) ਦੇ ਮੰਗਤ ਰਾਮ ਲੌਂਗੋਵਾਲ ਨੇ ਸੰਬੋਧਨ ਕੀਤਾ। ਮੰਚ ਸੰਚਾਲਨ ਕੁਲਵਿੰਦਰ ਸਿੰਘ ਵੜੈਚ ਨੇ ਕੀਤਾ।

Leave a Reply

Your email address will not be published. Required fields are marked *