Punjab News: ਵਿਦਿਆਰਥੀ ਵੱਲੋਂ ਨਕਲ ਨੂੰ ਰੋਕਣ ਲਈ ਉਠਾਈ ਆਵਾਜ਼ ਦੀ ਰੰਜਿਸ਼ ਕਾਰਨ ਸੁਪਰਡੈਂਟ ਨੇ ਨਕਲ ਕੇਸ ਬਣਾਉਣ ਦੀ ਦਿੱਤੀ ਧਮਕੀ
ਏਆਈਐਸਐਫ ਨੇ ਲਿਆ ਸਖਤ ਨੋਟਿਸ, ਸੂਪਰਡੈਂਟ ਨੂੰ ਤੁਰੰਤ ਬਦਲਣ ਦੀ ਕੀਤੀ ਮੰਗ!
ਰਣਬੀਰ ਕੌਰ ਢਾਬਾਂ ਜਲਾਲਾਬਾਦ
ਗੁਰੂ ਰਾਮ ਦਾਸ ਬੀ.ਐੱਡ ਕਾਲਜ ਜਲਾਲਾਬਾਦ ਚ ਹੋ ਰਹੇ ਬੀ.ਐੱਡ ਦੇ ਪੇਪਰਾਂ ਦੌਰਾਨ ਉਥੇ ਤਾਇਨਾਤ ਸੁਪਰਡੈਂਟ ਇਕ ਵਿਦਿਆਰਥੀ ਵੱਲੋਂ ਨਕਲ ਦਾ ਵਿਰੋਧ ਕਰਨ ਖ਼ਿਲਾਫ਼ ਉਸ ਵਿਦਿਆਰਥੀ ‘ਤੇ ਜਬਰੀ ਨਕਲ ਕੇਸ ਬਣਾਉਣ ਦੀ ਧਮਕੀ ਦੇਣ ਦਾ ਇਕ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਬੀਐਡ ਦਾ ਪੇਪਰ ਦੇ ਰਹੇ ਵਿਦਿਆਰਥੀ ਸਟਾਲਿਨਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਾਈਸ ਚਾਂਸਲਰ ਨੂੰ ਭੇਜੀ ਲਿਖਤੀ ਸ਼ਿਕਾਇਤ ਚ ਸੂਪਰਡੈਂਟ ਤੇ ਦੋਸ਼ ਲਾਇਆ ਹੈ ਕਿ ਉਹ 13-12-2024 ਨੂੰ ਸਾਈਸ ਵਿਸ਼ੇ ਦਾ ਪੇਪਰ ਦੇਣ ਗਿਆ ਸੀ।
ਪੇਪਰ ਵਿੱਚ ਉਸ ਦੇ ਪਿੱਛੇ ਚੱਲ ਰਹੀ ਨਕਲ ਅਤੇ ਪੈ ਰਹੇ ਸ਼ੋਰ ਦੀ ਸ਼ਿਕਾਇਤ ਮੌਕੇ ਦੇ ਸੁਪਰਡੈਂਟ ਨੂੰ ਕੀਤੀ। ਜਦੋਂ ਕਿ ਉਨ੍ਹਾਂ ਵੱਲੋਂ ਸਿਫਾਰਸ਼ੀ ਵਿਦਿਆਰਥੀਆਂ ਨੂੰ ਰੋਕਣ ਦੀ ਬਜਾਏ, ਨਕਲ ਕਰ ਰਹੇ ਵਿਦਿਆਰਥੀਆਂ ਨੂੰ ਖੁਦ ਸ਼ਹਿ ਦਿੰਦਾ ਰਿਹਾ।
ਇਸ ਦਾ ਵਿਰੋਧ ਕਰਨ ਤੇ ਸੂਪਰਡੈਂਟ ਵੱਲੋਂ ਉਸਦਾ ਹੀ ਪੇਪਰ ਖੋਹ ਕੇ ਪ੍ਰੀਖਿਆ ਕੇਂਦਰ ਵਿਚੋਂ ਬਾਹਰ ਕੱਢ ਦਿੱਤਾ ਗਿਆ। ਇਸ ਦਾ ਵਿਦਿਆਰਥੀ ਜਥੇਬੰਦੀ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (ਏਆਈਐਸਐਫ) ਵੱਲੋਂ ਸਖ਼ਤ ਨੋਟਿਸ ਲਿਆ ਗਿਆ ਹੈ।
ਜਥੇਬੰਦੀ ਦੇ ਸੂਬਾ ਪ੍ਰਧਾਨ ਰਮਨ ਧਰਮੂ ਵਾਲਾ ਨੇ ਉਕਤ ਵਿਦਿਆਰਥੀ ਨਾਲ ਜਾ ਕੇ ਬੀਐੱਡ ਕਾਲਜ ਦੀ ਪ੍ਰਿੰਸੀਪਲ ਨੂੰ ਦਿੱਤੀ ਲਿਖਤੀ ਸ਼ਿਕਾਇਤ ਉਪਰੰਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਪਰਡੈਂਟ ਵੱਲੋਂ ਵਿਦਿਆਰਥੀ ਨੂੰ ਨਕਲ ਕੇਸ ਬਣਾਉਣ ਦੀ ਦਿੱਤੀ ਧਮਕੀ ਅਤੇ ਵਿਦਿਆਰਥੀ ਨੂੰ ਸੈਂਟਰ ਵਿੱਚੋਂ ਧੱਕੇ ਨਾਲ ਬਾਹਰ ਕਰ ਦਿੱਤਾ ਗਿਆ ਸੀ,ਜਿਸ ਦਾ ਡਰ ਵਿਦਿਆਰਥੀ ਨੂੰ ਅਗਲੇ ਪੇਪਰਾਂ ਵਿੱਚ ਹੈ ਕਿ ਕਿਤੇ ਮੇਰੇ ਤੇ ਨਕਲ ਕੇਸ ਜਾਂ ਹੋਰ ਕਿਸੇ ਤਰੀਕੇ ਨਾਲ ਰੰਜਿਸ਼ ਨਾ ਕੱਢਦੇ।
ਇਥੋਂ ਤੱਕ ਕਿ ਸੁਪਰਡੈਂਟ ਵੱਲੋਂ ਇਹ ਵੀ ਕਿਹਾ ਗਿਆ ਕੀ ਉਕਤ ਵਿਦਿਆਰਥੀ ਨੂੰ ਕਾਲਜ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ। ਵਿਦਿਆਰਥੀ ਆਗੂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਾਈਸ ਚਾਂਸਲਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਅਜਿਹੇ ਸੁਪਰਡੈਂਟ ਨੂੰ ਤੁਰੰਤ ਬਦਲ ਕੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਦੂਜੇ ਪਾਸੇ ਗੁਰੂ ਰਾਮ ਦਾਸ ਬੀ ਐਂਡ ਕਾਲਜ ਜਲਾਲਾਬਾਦ ਦੀ ਪ੍ਰਿੰਸੀਪਲ ਮੈਡਮ ਸ੍ਰੀਮਤੀ ਸਰਬਜੀਤ ਕੌਰ ਨੇ ਵਿਦਿਆਰਥੀ ਨੂੰ ਭਰੋਸਾ ਦਿਵਾਇਆ ਕਿ ਕਿਸੇ ਵੀ ਵਿਦਿਆਰਥੀ ਦੇ ਭਵਿੱਖ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ।ਇਸ ਮੌਕੇ ਹੋਰਾਂ ਤੋਂ ਇਲਾਵਾ ਜਥੇਬੰਦੀ ਦੇ ਸਾਥੀ ਸੁਖਦੇਵ ਸਿੰਘ,ਸੁਖਦੇਵ ਲਮੋਚੜ,ਅਰਸ਼,ਕੁਲਵਿੰਦਰ,ਸੁਖਦੇਵ,ਲਖਵਿੰਦਰ, ਗੁਰਜੀਤ ਸਿੰਘ ਹਾਜ਼ਰ ਸਨ।