ਇਜ਼ਰਾਈਲ ਵੱਲੋਂ ਫ਼ਲਸਤੀਨੀਆਂ ਦੀ ਕੀਤੀ ਜਾ ਰਹੀ ਨਸਲਕੁਸ਼ੀ ਵਿਰੁੱਧ ਫਾਜ਼ਿਲਕਾ ‘ਚ ਰੋਸ ਮੁਜ਼ਾਹਰਾ!
ਫ਼ਲਸਤੀਨ ਦੀ ਧਰਤੀ ਫ਼ਲਸਤੀਨੀ ਲੋਕਾਂ ਨੂੰ ਸੌਂਪਣ ਦੀ ਕੀਤੀ ਮੰਗ, ਅਮਰੀਕੀ ਸਾਮਰਾਜ ਦਾ ਪੁਤਲਾ ਫੂਕਿਆ
ਪਰਮਜੀਤ ਢਾਬਾਂ ਫਾਜ਼ਿਲਕਾ
ਫਾਜ਼ਿਲਕਾ ਦੀਆਂ ਵੱਖ ਵੱਖ ਜਨਤਕ ਤੇ ਜਮਹੂਰੀ ਜਥੇਬੰਦੀਆਂ ਦੀ ਵੱਲੋਂ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਨੂੰ ਅਮਰੀਕੀ ਸ਼ਹਿ ਤੇ ਇਜ਼ਰਾਈਲੀ ਫੌਜਾਂ ਵੱਲੋਂ ਫਲਸਤੀਨੀ ਲੋਕਾਂ ਵਿਰੁੱਧ ਛੇੜੀ ਨਿਹੱਕੀ ਜੰਗ ਅਤੇ ਬੀ.ਜੇ.ਪੀ ਸਰਕਾਰ ਵੱਲੋਂ ਲਿਆਂਦੇ ਗਏ ਲੋਕ ਵਿਰੋਧੀ ਤਿੰਨ ਫੌਜਦਾਰੀ ਕਾਨੂੰਨਾਂ ਵਿਰੁੱਧ ਮਨਾਉਂਦੇ ਹੋਏ ਫਾਜ਼ਿਲਕਾ ਵਿਚ ਰੋਸ ਮੁਜ਼ਾਹਰਾ ਕਰਕੇ ਸਥਾਨਕ ਬੱਤੀਆਂ ਵਾਲੇ ਚੌਂਕ ਵਿੱਚ ਅਮਰੀਕੀ ਸਾਮਰਾਜ ਦਾ ਪੁਤਲਾ ਫੂਕਿਆ ਗਿਆ।
ਇਸ ਮੌਕੇ ਡੀ.ਟੀ.ਐਫ ਦੇ ਮਹਿੰਦਰ ਕੌੜਿਆਂਵਾਲੀ,ਪੰਜਾਬ ਸਟੂਡੈਂਟਸ ਯੂਨੀਅਨ ਦੇ ਧੀਰਜ ਫਾਜ਼ਿਲਕਾ,ਕਿਰਤੀ ਕਿਸਾਨ ਯੂਨੀਅਨ ਦੇ ਸੁਖਚੈਨ ਚੱਕ ਸੈਦੋਕੇ , ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪਵਨ ਲਾਧੂਕਾ , ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਹਰਮੀਤ ਢਾਬਾਂ ਅਤੇ ਤਰਕਸ਼ੀਲ ਸੋਸਾਇਟੀ ਪੰਜਾਬ ਦੇ ਸੁਰਿੰਦਰ ਗੰਜੂਆਣਾ ਨੇ ਕਿਹਾ ਕਿ ਇਜਰਾਈਲੀ ਹਕੂਮਤ ਵੱਲੋਂ ਲਗਾਤਾਰ ਫ਼ਲਸਤੀਨੀ ਲੋਕਾਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ। ਅਣਮਨੁੱਖੀ ਵਰਤਾਰੇ ਦੀਆਂ ਸਾਰੀਆਂ ਹੱਦਾਂ ਨੂੰ ਪਾਰ ਕਰਕੇ ਅਤੇ ਮਨੁੱਖੀ ਅਧਿਕਾਰਾਂ ਦਾ ਬਹੁਤ ਵੱਡੇ ਪੱਧਰ ਤੇ ਘਾਣ ਕਰਕੇ ਹੁਣ ਤੱਕ 52000 ਫ਼ਲਸਤੀਨੀਆਂ ਦਾ ਕਤਲ ਕੀਤਾ ਜਾ ਚੁੱਕਾ ਹੈ ਜਿਸ ਵਿਚ ਲਗਭਗ 42000 ਬੱਚੇ ਹਨ , ਲੱਖਾਂ ਘਰ ਢਹਿ ਢੇਰੀ ਹੋ ਚੁੱਕੇ ਹਨ ਤੇ ਲੱਖਾਂ ਲੋਕਾਂ ਨੂੰ ਅਪਾਹਜ ਕੀਤਾ ਜਾ ਚੁੱਕਿਆ ਹੈ।
ਜੰਗਾਂ ਦੇ ਨਿਯਮਾਂ ਦੀ ਉਲੰਘਣਾ ਕਰਕੇ ਹਸਪਤਾਲਾਂ, ਸਕੂਲਾਂ ਤੇ ਰਿਹਾਇਸੀ ਇਲਾਕਿਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅੱਤਵਾਦ ਖਿਲਾਫ ਪ੍ਰਤੀਕਰਮ ਦਾ ਪਖੰਡ ਕਰ ਰਿਹਾ ਇਜਰਾਇਲ ਇਸ ਮੌਕੇ ਆਪ ਦੁਨੀਆਂ ਦਾ ਸਭ ਤੋਂ ਵੱਡਾ ਅੱਤਵਾਦੀ ਬਣਿਆ ਹੋਇਆ ਹੈ। ਇਸ ਨਿਹੱਕੇ ਅਤੇ ਇੱਕਪਾਸੜ ਹਮਲੇ ਦੀ ਅਮਰੀਕਾ ਵਰਗੇ ਸਾਮਰਾਜੀ ਦੇਸ਼ ਸ਼ਰੇਆਮ ਹਮਾਇਤ ਕਰ ਰਹੇ ਹਨ ਜਦੋਂ ਕਿ ਸੰਸਾਰ ਭਰ ਦੇ ਇਨਸਾਫ ਪਸੰਦ ਲੋਕ ਥਾਂ ਥਾਂ ਤੇ ਇਸ ਜੰਗ ਨੂੰ ਰੋਕਣ ਲਈ ਜੋਰ ਲਗਾ ਰਹੇ ਹਨ। ਹੁਣ ਇਜਰਾਇਲ ਨੇ ਆਪਣੇ ਹਮਲੇ ਦਾ ਘੇਰਾ ਲਿਬਨਾਨ ਤੱਕ ਵਧਾ ਲਿਆ ਹੈ ਅਤੇ ਉੱਥੇ ਵੀ ਅਨੇਕਾਂ ਸਧਾਰਨ ਨਾਗਰਿਕਾਂ ਨੂੰ ਮਾਰ ਮੁਕਾਇਆ ਹੈ। ਇਸ ਕੁਕਰਮ ਵਿੱਚ ਭਾਰਤ ਵੀ ਇਜਰਾਇਲ ਦਾ ਸਾਥ ਦੇ ਰਿਹਾ ਹੈ।
ਭਾਰਤ ਵਿੱਚੋਂ ਹਥਿਆਰਾਂ ਦੀਆਂ ਖੇਪਾਂ ਨਿਰੰਤਰ ਇਜਰਾਇਲ ਨੂੰ ਭੇਜੀਆਂ ਜਾ ਰਹੀਆਂ ਹਨ। ਇਜਰਾਇਲੀ ਕੰਪਨੀਆਂ ਨੂੰ ਭਾਰਤ ਵਿੱਚੋਂ ਵਰਕਰ ਭਰਤੀ ਕਰਨ ਦੀ ਵੀ ਆਗਿਆ ਦਿੱਤੀ ਜਾ ਰਹੀ ਹੈ। ਇਸ ਮੌਕੇ ਮੈਡਮ ਰਾਜ ਕੌਰ , ਕਮਲਜੀਤ ਮੁਹਾਰ ਖੀਵਾ, ਗੁਰਵਿੰਦਰ ਸਿੰਘ, ਕੁਲਜੀਤ ਡੰਗਰ ਖੇੜਾ , ਮਨਦੀਪ ਚੱਕ ਸੈਦੋਕੇ ਤੇ ਪ੍ਰਵੀਨ ਮੌਲਵੀ ਵਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ 1 ਜੁਲਾਈ ਤੇ ਲਾਗੂ ਕੀਤੇ ਗਏ ਤਿੰਨ ਨਵੇ ਫੌਜਦਾਰੀ ਕਾਨੂੰਨ ਅੰਗਰੇਜ਼ੀ ਰਾਜ ਦੇ ਰੋਲਟ ਐਕਟ ਤੋਂ ਵੀ ਵਧੇਰੇ ਖ਼ਤਰਨਾਕ ਹਨ ਅਤੇ ਇਨ੍ਹਾਂ ਦਾ ਨਿਸ਼ਾਨਾ ਵਹਿਸ਼ੀ ਹਕੂਮਤੀ ਜ਼ਬਰ ਰਾਹੀਂ ਦੇਸ਼ ਦੇ ਨਾਗਰਿਕਾਂ ਨੂੰ ਸੰਵਿਧਾਨਕ ਤੇ ਜਮਹੂਰੀ ਹੱਕਾਂ ਤੋਂ ਵਾਂਝੇ ਕਰਕੇ ਦੇਸ਼ ਨੂੰ ਪੁਲਿਸ ਰਾਜ ‘ਚ ਬਦਲਦਾ ਹੈ।
ਮਤਲਬ ਕਿ ਭਾਵੇਂ ਦੇਸ਼ ਪੱਧਰ ਤੇ ਹੋਵੇ ਜਾਂ ਅੰਤਰਰਾਸ਼ਟਰੀ ਪੱਧਰ ਤੇ , ਮਨੁੱਖੀ ਅਧਿਕਾਰਾਂ ਦਾ ਘਾਣ ਬਹੁਤ ਵੱਡੀ ਪੱਧਰ ਤੇ ਹੋ ਰਿਹਾ ਹੈ ਜਿਸ ਖ਼ਿਲਾਫ਼ ਅੱਜ ਆਵਾਜ਼ ਉਠਾਉਣਾ ਸਮੇਂ ਦੀ ਲੋੜ ਹੈ।ਉਹਨਾਂ ਮੰਗ ਕੀਤੀ ਕਿ ਅਮਰੀਕੀ ਸ਼ਹਿ ਤੇ ਇਜ਼ਰਾਈਲ ਵੱਲੋਂ ਕੀਤੀ ਜਾ ਰਹੀ ਫ਼ਲਸਤੀਨੀ ਲੋਕਾਂ ਦੀ ਨਸਲਕੁਸ਼ੀ ਤੁਰੰਤ ਬੰਦ ਕਰਕੇ ਫ਼ਲਸਤੀਨ ਦੀ ਧਰਤੀ ਫ਼ਲਸਤੀਨੀ ਲੋਕਾਂ ਨੂੰ ਸੌਂਪੀ ਜਾਵੇ , ਇਜ਼ਰਾਈਲ ਨੂੰ ਫ਼ਲਸਤੀਨ ਨਸਲਕੁਸ਼ੀ ਦਾ ਅਪਰਾਧੀ ਐਲਾਨਿਆ ਜਾਵੇ , ਮੋਦੀ ਸਰਕਾਰ ਇਜ਼ਰਾਈਲ ਨੂੰ ਹਥਿਆਰ ਅਤੇ ਵਰਕਰ ਭੇਜਣੇ ਬੰਦ ਕਰੇ , ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਤਿੰਨੋਂ ਫੌਜਦਾਰੀ ਕਾਨੂੰਨ ਰੱਦ ਕਰਨੇ ਚਾਹੀਦੇ ਹਨ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨਾ ਬੰਦ ਕਰਕੇ ਘੱਟ ਗਿਣਤੀਆਂ ਤੇ , ਕਮਿਊਨਿਸਟਾਂ, ਬੁੱਧੀਜੀਵੀਆਂ, ਲੇਖਕਾਂ , ਪੱਤਰਕਾਰਾਂ ਤੇ ਜਮਹੂਰੀ ਹੱਕਾਂ ਦੇ ਕਾਰਕੁਨਾਂ ਤੇ ਹਮਲੇ ਤੁਰੰਤ ਬੰਦ ਹੋਣੇ ਚਾਹੀਦੇ ਹਨ। ਇਸ ਮੌਕੇ ਮਮਤਾ ਲਾਧੂਕਾ,ਨੌਰੰਗ ਲਾਲ , ਆਦਿਤਿਆ, ਦਿਲਕਰਨ , ਪ੍ਰਿਥਵੀ , ਅਮਰੀਕ ਸਿੰਘ , ਜਸਕਰਨ, ਪਰਮਜੀਤ ਕੌਰ , ਸ਼ਿੰਦਰਪਾਲ ਕੌਰ, ਸੁਖਦੀਪ ਲਾਧੂਕਾ ਆਦਿ ਆਗੂ ਹਾਜ਼ਰ ਸਨ।