Punjabi News: ਬਲਾਤਕਾਰ ਮਾਮਲੇ ‘ਚ ਸਜ਼ਾ ਕੱਟ ਰਹੇ ‘ਰਾਮ ਰਹੀਮ’ ਨੂੰ ਫੇਰ ਮਿਲੀ ਪੈਰੋਲ, ਆਇਆ ਜੇਲ੍ਹ ਤੋਂ ਬਾਹਰ
Punjabi News: ਰਾਮ ਰਹੀਮ 2025 ਵਿੱਚ ਤੀਜੀ ਵਾਰ ਅਤੇ ਕੁੱਲ 14ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਹੈ….
Punjabi News: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ, ਜੋ ਕਿ ਬਲਾਤਕਾਰ ਦੇ ਮਾਮਲੇ ਵਿੱਚ ਸਜ਼ਾ ਕੱਟ ਰਿਹਾ ਹੈ ਅਤੇ ਇਸ ਸਮੇਂ ਰੋਹਤਕ ਦੀ ਸੁਨਾਰੀਆ ਜੇਲ੍ਹ ਅੰਦਰ ਬੰਦ ਹੈ, ਨੂੰ ਇੱਕ ਵਾਰ ਫਿਰ 40 ਦਿਨਾਂ ਦੀ ਪੈਰੋਲ ਮਿਲੀ ਹੈ। ਉਹ ਜੇਲ੍ਹ ਤੋਂ ਬਾਹਰ ਆ ਗਿਆ ਹੈ।
ਮੰਗਲਵਾਰ ਸਵੇਰੇ 7 ਵਜੇ ਹਨੀਪ੍ਰੀਤ, ਸਿਰਸਾ ਡੇਰਾ ਦੇ ਚੇਅਰਮੈਨ ਦਾਨ ਸਿੰਘ, ਡਾ. ਆਰ. ਕੇ. ਨੈਨ ਅਤੇ ਸ਼ਰਨਦੀਪ ਸਿੰਘ ਸੀਤੂ ਦੋ ਗੱਡੀਆਂ ਨਾਲ ਰੋਹਤਕ ਪਹੁੰਚੇ ਅਤੇ ਰਾਮ ਰਹੀਮ ਨਾਲ ਸਿਰਸਾ ਡੇਰਾ ਲਈ ਰਵਾਨਾ ਹੋ ਗਏ।
15 ਅਗਸਤ ਨੂੰ ਕੈਦੀ ਰਾਮ ਰਹੀਮ ਦਾ ਜਨਮਦਿਨ ਹੈ। ਦੱਸਿਆ ਜਾ ਰਿਹਾ ਹੈ ਕਿ ਸਿਰਸਾ ਡੇਰਾ ਵਿੱਚ ਰੱਖੜੀ ਤੋਂ ਬਾਅਦ ਜਨਮਦਿਨ ਮਨਾਇਆ ਜਾਵੇਗਾ।
ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਰਾਮ ਰਹੀਮ 2017 ਤੋਂ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ।
ਰਾਮ ਰਹੀਮ ਲਈ ਜੇਲ੍ਹ ਤੋਂ ਬਾਹਰ ਜਾਣਾ ਕੋਈ ਨਵੀਂ ਗੱਲ ਨਹੀਂ ਹੈ। ਰਾਮ ਰਹੀਮ ਨੂੰ ਹਰਿਆਣਾ, ਪੰਜਾਬ, ਰਾਜਸਥਾਨ ਅਤੇ ਦਿੱਲੀ ਵਿੱਚ ਚੋਣਾਂ ਦੇ ਆਲੇ-ਦੁਆਲੇ ਪੈਰੋਲ ਅਤੇ ਫਰਲੋ ਮਿਲਦੀ ਰਹੀ ਹੈ।
ਆਖਰੀ ਵਾਰ ਉਹ 10 ਅਪ੍ਰੈਲ ਨੂੰ 21 ਦਿਨਾਂ ਦੀ ਫਰਲੋ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਰਾਮ ਰਹੀਮ 2025 ਵਿੱਚ ਤੀਜੀ ਵਾਰ ਅਤੇ ਕੁੱਲ 14ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ।
ਸਿੱਖ ਸੰਸਥਾਵਾਂ ਵੱਲੋਂ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦੇਣ ਦਾ ਵਿਰੋਧ
SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਉਸ ਦੇ ਕੀਤੇ ਦੀ ਸਜ਼ਾ ਅਦਾਲਤ ਵੱਲੋਂ ਦਿੱਤੀ ਗਈ ਹੈ। ਸਰਕਾਰਾਂ ਦੀ ਰਹਿਮ ਦਿਲੀ ਅਤੇ ਨਰਮ ਰਵੱਈਆ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦੇ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਸਿੱਖ ਸੰਸਥਾਵਾਂ ਵੱਲੋਂ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦੇਣ ਦਾ ਵਿਰੋਧ ਕੀਤਾ ਜਾਂਦਾ ਹੈ, ਪਰ ਫਿਰ ਵੀ ਸਰਕਾਰਾਂ ਉਸ ਨੂੰ ਪੈਰੋਲ ਦੇ ਰਹੀਆਂ ਹਨ। ਜਦਕਿ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੱਕੇ ਬੰਦੀ ਸਿੰਘ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ।

