ਵੱਡੀ ਖ਼ਬਰ: ਪੰਜਾਬ ਵਿਜੀਲੈਂਸ ਵੱਲੋਂ 37 ਹਜਾਰ ਰੁਪਏ ਰਿਸ਼ਵਤ ਲੈਂਦੇ ਦੋ ਅਧਿਕਾਰੀ ਗ੍ਰਿਫ਼ਤਾਰ
Punjab News –
ਪੰਜਾਬ ਵਿਜੀਲੈਂਸ ਬਿਊਰੋ ਨੇ ਬੁੱਧਵਾਰ ਨੂੰ ਤਰਨਤਾਰਨ ਜ਼ਿਲ੍ਹੇ ਦੀ ਸਬ-ਤਹਿਸੀਲ ਭਿੱਖੀਵਿੰਡ ਦੇ ਰਜਿਸਟਰੀ ਕਲਰਕ ਸਵਿੰਦਰ ਸਿੰਘ ਤੇ ਡੀਡ ਰਾਈਟਰ ਮਲਕੀਤ ਸਿੰਘ ਨੂੰ 37 ਹਜ਼ਾਰ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਮੁਤਾਬਕ ਸ਼ਿਕਾਇਤਕਰਤਾ ਗੁਰਭੇਜ ਸਿੰਘ ਨੇ ਦੱਸਿਆ ਕਿ ਉਸ ਦੀ ਜ਼ਮੀਨ ਦੀ ਵੰਡ ਦੌਰਾਨ 2 ਕਨਾਲ ਅਤੇ 2 ਮਰਲੇ ਵਾਹੀਯੋਗ ਜ਼ਮੀਨ ਗਲਤੀ ਨਾਲ ਉਸ ਦੇ ਰਿਸ਼ਤੇਦਾਰਾਂ ਨੂੰ ਤਬਦੀਲ ਕਰ ਦਿੱਤੀ ਗਈ ਸੀ।
ਉਸ ਨੇ ਅਪ੍ਰੈਲ 2025 ਵਿਚ ਸਰਕਾਰੀ ਖਜ਼ਾਨੇ ਵਿਚ ਫੀਸਾਂ ਦੀ ਅਦਾਇਗੀ ਸਮੇਤ ਸਾਰੀਆਂ ਜ਼ਰੂਰੀ ਰਸਮਾਂ ਪੂਰੀਆਂ ਕਰ ਲਈਆਂ ਸਨ। ਸਾਰੀਆਂ ਪ੍ਰਕਿਰਿਆਵਾਂ ਮੁਕੰਮਲ ਕਰਨ ਅਤੇ ਜ਼ਰੂਰੀ ਸਟੈਂਪ ਪੇਪਰ ਪ੍ਰਾਪਤ ਕਰਨ ਦੇ ਬਾਵਜੂਦ, ਉਹ ਆਪਣੀ ਜ਼ਮੀਨ ਦੀ ਰਜਿਸਟਰੀ ਕਰਵਾਉਣ ਵਿਚ ਅਸਫਲ ਰਿਹਾ ਸੀ।
ਬੁਲਾਰੇ ਮੁਤਾਬਕ ਇਸ ਜ਼ਮੀਨ ਦੀ ਰਜਿਸਟਰੀ ਆਪਣੇ ਨਾਂ ਕਰਵਾਉਣ ਲਈ ਉਸ ਨੇ ਮਲਕੀਤ ਸਿੰਘ ਵਸੀਕਾ ਨਵੀਸ ਭਿੱਖੀਵਿੰਡ ਨਾਲ ਸੰਪਰਕ ਕੀਤਾ, ਜਿਸ ਨੇ ਜਾਣ-ਬੁੱਝ ਕੇ ਇਸ ਰਜਿਸਟਰੀ ਲਈ ਤਹਿਸੀਲਦਾਰ ਭਿੱਖੀਵਿੰਡ ਤੋਂ ਉਸ ਦੀ 24 ਅਪ੍ਰੈਲ 2025 ਦੀ ਅਪਾਇੰਟਮੈਂਟ ਰੱਦ ਕਰਵਾਈ।
ਪੁੱਛਗਿੱਛ ਕਰਨ ’ਤੇ ਪਤਾ ਲੱਗਾ ਕਿ ਰਜਿਸਟਰੀ ਕਲਰਕ ਸਵਿੰਦਰ ਸਿੰਘ ਉਸ ਦੇ ਕੇਸ ਦੀ ਪ੍ਰਕਿਰਿਆ ਲਈ 32 ਹਜ਼ਾਰ ਰੁਪਏ ਰਿਸ਼ਵਤ ਮੰਗ ਰਿਹਾ ਸੀ। ਸ਼ਿਕਾਇਤਕਰਤਾ ਆਪਣੇ ਕੰਮ ਲਈ ਰਿਸ਼ਵਤ ਨਹੀਂ ਸੀ ਦੇਣਾ ਚਾਹੁੰਦਾ, ਇਸ ਲਈ ਉਸ ਨੇ ਇਨ੍ਹਾਂ ਨੂੰ ਕਾਬੂ ਕਰਵਾਉਣ ਲਈ ਰਿਪੋਰਟ ਡੀਐੱਸਪੀ ਵਿਜੀਲੈਂਸ ਯੂਨਿਟ ਤਰਨਤਾਰਨ ਨੂੰ ਦਿੱਤੀ।
ਸ਼ਿਕਾਇਤਕਰਤਾ ਦਾ ਬਿਆਨ ਵਿਜੀਲੈਂਸ ਬਿਊਰੋ ਵਿਚ ਦਰਜ ਕੀਤਾ ਗਿਆ। ਇਸ ਤੋਂ ਬਾਅਦ ਸਰਕਾਰੀ ਗਵਾਹ ਦੀ ਹਾਜ਼ਰੀ ਵਿਚ 37 ਹਜ਼ਾਰ ਰੁਪਏ ਲੈਂਦੇ ਹੋਏ ਦੋਵਾਂ ਜਣਿਆਂ ਨੂੰ ਰੰਗੇ ਹੱਥੀਂ ਫੜ ਲਿਆ ਜਿਨ੍ਹਾਂ ਵਿਰੁੱਧ ਥਾਣਾ ਵਿਜੀਲੈਂਸ ਬਿਊਰੋ ਰੇਂਜ ਅੰਮ੍ਰਿਤਸਰ ਵਿਚ ਕੇਸ ਦਰਜ ਕਰ ਲਿਆ ਗਿਆ ਹੈ।

